Punjab

‘ਮਹਾਂਡਿਬੇਟ ਦੇ ਏਜੰਡੇ ਤੋਂ SYL ਦਾ ਮੁੱਦਾ ਗਾਇਬ !SYL ਦਾ ਸਰਵੇ ਸ਼ੁਰੂ’ !

 

ਬਿਉਰੋ ਰਿਪੋਰਟ : ਮਹਾਂ ਬਹਿਸ ਤੋਂ ਕੁਝ ਹੀ ਘੰਟੇ ਪਹਿਲਾਂ ਆਮ ਆਦਮੀ ਪਾਰਟੀ ਨੇ ਜਿਹੜਾ ਏਜੰਡਾ ਜਾਰੀ ਕੀਤਾ ਹੈ ਉਸ ਤੋਂ SYL ਦਾ ਮੁੱਦਾ ਗਾਇਬ ਹੈ ਜਿਸ ਨੂੰ ਲੈਕੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਵੱਡੇ ਸਵਾਲ ਖੜੇ ਕੀਤੇ ਹਨ ਅਤੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਡਿਬੇਟ ਵਿੱਚ ਸ਼ਾਮਲ ਹੋਣ ਜਾਂ ਨਹੀਂ ਇਹ ਵੀ ਸਾਫ ਕਰ ਦਿੱਤਾ । ਇਸ ਤੋਂ ਇਲਾਵਾ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਪੰਜਾਬ ਸਰਕਾਰ ਦਾ ਦਸਤਾਵੇਜ਼ ਜਾਰੀ ਕਰਦੇ ਹੋਏ SYL ਦੇ ਸਰਵੇਂ ਨੂੰ ਲੈਕੇ ਸਨਸਨੀਖੇਜ਼ ਖੁਲਾਸਾ ਕਰਦੇ ਹੋਏ ਸੂਬਾ ਸਰਕਾਰ ਨੂੰ ਸਵਾਲ ਕੀਤਾ ਹੈ ।

‘ਪੰਜਾਬ ਨੂੰ ਮਿਲ ਗਿਆ ਜਵਾਬ’

ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਵੱਲੋਂ 1 ਨਵੰਬਰ ਦੀ ਡਿਬੇਟ ਲਈ ਪਾਏ ਗਏ ਏਜੰਡੇ ਵਿੱਚ SYL ਦਾ ਮੁੱਦਾ ਨਾ ਹੋਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ‘ਕੀ ਤੁਸੀਂ SYL ਦੇ ਮੁੱਦੇ ਨੂੰ ਵਿਚਾਰਨ ਵਿੱਚ ਦਿਲਚਸਪੀ ਨਹੀਂ ਰੱਖ ਦੇ ਹੋ ? ਕੀ ਤੁਸੀਂ ਗੰਭੀਰ ਹੋ ਮਾਨ ਸਾਬ੍ਹ ? ਜੇਕਰ ਤੁਸੀਂ ਮਜ਼ਾਕ ਕਰ ਰਹੇ ਹੋ ਤਾਂ ਮਜ਼ਾਕ ਤੁਹਾਡੇ ‘ਤੇ ਹੈ। ਤੁਸੀਂ ਮੈਨੂੰ ਚਾਹੁੰਦੇ ਹੋ ਕਿ ਮੈਂ ਵੀ ਇਸ ਮਜ਼ਾਕ ਦਾ ਹਿੱਸਾ ਬਣਾ ਜੋ ਕਿ ਪੰਜਾਬ ਦੇ ਸਭ ਤੋਂ ਗੰਭੀਰ ਪਾਣੀਆਂ ਨਾਲ ਜੁੜਿਆ ਮੁੱਦਾ ਹੈ ? ਇਸ ‘ਤੇ ਬਹਿਸ ਕਰਨ ਤੋਂ ਭੱਜਦੇ ਹੋਏ ਤੁਸੀਂ ਸੁਪਰੀਮ ਕੋਰਟ ਵਿੱਚ ਪੰਜਾਬ ਦੇ ਹਿੱਤਾਂ ਨੂੰ ਤੋੜਨ ਦੇ ਦੋਸ਼ ਨੂੰ ਸਵੀਕਾਰ ਕਰ ਲਿਆ ਹੈ। । ਪੰਜਾਬ ਨੂੰ ਮਿਲ ਗਿਆ ਜਵਾਬ’

ਆਪ ਨੇ ਇਹ ਏਜੰਡਾ ਜਾਰੀ ਕੀਤਾ

1 ਨਵੰਬਰ ਦੇ ਲਈ ਆਪ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਡਿਬੇਟ ਦੇ ਚਾਰ ਮੁੱਦੇ ਦੱਸੇ ਸਨ, ਜਿਸ ਵਿੱਚ ਪਹਿਲੇ ਨੰਬਰ ‘ਤੇ ਪੰਜਾਬ ਵਿੱਚ ਕਿਸ ਨੇ ਨਸ਼ਾ ਫੈਲਾਇਆ ? ਕਿਸ ਨੇ ਗੈਂਗਸਟਰਾਂ ਨੂੰ ਪਨਾਹ ਦਿੱਤੀ ? ਕਿਸ ਨੇ ਨੌਜਵਾਨਾਂ ਨੂੰ ਬੇਰੁਜ਼ਗਾਰ ਰੱਖਿਆ?ਕਿਸ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ?

‘ਪੰਜਾਬ ਸਰਕਾਰ ਨੇ SYL ਦਾ ਸਰਵੇ ਸ਼ੁਰੂ ਕੀਤਾ’

ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਜਲ ਸਰੋਤ ਵਿਭਾਗ ਦਾ 10 ਅਕਤੂਬਰ 2023 ਦਾ ਇੱਕ ਦਸਤਾਵੇਜ਼ ਜਾਰੀ ਕਰਦੇ ਹੋਏ ਇਲਜ਼ਾਮ ਲਗਾਇਆ ਕਿ ਪੰਜਾਬ ਸਰਕਾਰ ਨੇ ਲੁਕਵੇ ਤਰੀਕੇ ਨਾਲ SYL ਦਾ ਸਰਵੇ ਕਿਉਂ ਸ਼ੁਰੂ ਕੀਤਾ ਹੈ । ਜਲ ਸਰੋਤ ਵਿਭਾਗ ਦੇ ਵੱਲੋਂ ਜਾਰੀ ਇਸ ਪੱਤਰ ਵਿੱਚ 32ਵੇਂ ਨੰਬਰ ‘ਤੇ SYL ਸਰਵੇ ਦਾ ਜ਼ਿਕਰ ਹੈ । ਬਿਕਰਮ ਸਿੰਘ ਮਜੀਠੀਆ ਨੇ ਪੱਤਰ ਜਾਰੀ ਕਰਦੇ ਹੋਏ ਲਿਖਿਆ ‘ਸ਼੍ਰੋਮਣੀ ਅਕਾਲੀ ਦਲ ਦਾ ਅਗਲਾ ਸਵਾਲ !ਲੁਕਵੇ ਤਰੀਕੇ ਨਾਲ ਕੇਜਰੀਵਾਲ ਦੀ ਇੱਛਾ ਪੂਰਤੀ ਲਈ SYL ਦਾ ਸਰਵੇ ਕਿਉਂ ਸ਼ੁਰੂ ਕੀਤਾ ? ਇਸ ਸਬੰਧੀ ਸਚਾਈ ਪੰਜਾਬੀ ਜਾਣਨਾ ਚਾਹੁੰਦੇ ਹਨ ? #syl @ArvindKejriwal’।

ਇਸ ਤੋਂ ਇਲਾਵਾ ਬਿਕਰਮ ਸਿੰਘ ਮਜੀਠੀਆ ਨੇ ਆਪ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦੀ ਉਸ ਚੁਣੌਤੀ ਦਾ ਵੀ ਜਵਾਬ ਦਿੱਤਾ । ਜਿਸ ਵਿੱਚ ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਸੀ ਕਿ ਉਹ ਸਬੂਤ ਪੇਸ਼ ਕਰਨ ਕਿ ਸੁਪਰੀਮ ਕੋਰਟ ਵਿੱਚ ਮਾਨ ਸਰਕਾਰ ਨੇ ਪੰਜਾਬ ਖਿਲਾਫ ਸਟੈਂਡ ਰੱਖਿਆ। ਮਜੀਠੀਆ ਨੇ ਸੁਪਰੀਮ ਕੋਰਟ ਦੀ ਬਹਿਸ ਦੌਰਾਨ ਪੰਜਾਬ ਸਰਕਾਰ ਦੇ ਪੱਖ ਦਾ ਕੋਰਟ ਦਾ ਦਸਤਾਵੇਜ਼ ਪੇਸ਼ ਕੀਤਾ ਅਤੇ ਲਿਖਿਆ ‘ਸੁਪਰੀਮ ਕੋਰਟ ਦੇ ਇਸ ORDER ਦਾ ਵੀ ਸ਼੍ਰੋਮਣੀ ਅਕਾਲੀ ਦਲ ਮੰਗਦਾ ਹੈ ਜਵਾਬ !!
ਕੇਜਰੀਵਾਲ ਨੇ ਸੁਪਰੀਮ ਕੋਰਟ ਵਿੱਚ SYL ਨੂੰ ਲੈ ਕੇ ਕਿਉਂ ਦਿੱਤਾ ਪੰਜਾਬ ਦੇ ਵਿਰੁੱਧ ਅਤੇ ਹਰਿਆਣੇ ਦੇ ਹੱਕ ‘ਚ Affidavit ???’।