Punjab

ਸੁਨੀਲ ਜਾਖੜ ਆਗੂ ਵੱਡਾ ਪਰ ਸੋਚ ਛੋਟੀ : ਚਰਨਜੀਤ ਚੰਨੀ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਿੱਤੇ ਬਿਆਨ ਬਾਰੇ ਕਿਹਾ ਹੈ ਕਿ ਜਾਖੜ ਅਮੀਰ ਪਰਿਵਾਰ ਵਿਚੋਂ ਹਨ ਅਤੇ ਕਾਂਗਰਸ ਦੇ ਵੱਡੇ ਆਗੂ ਹਨ, ਪਰ ਉਨ੍ਹਾਂ ਦੀ ਮਾਨਸਿਕਤਾ ਬਹੁਤ ਛੋਟੀ ਹੈ। ਚੰਨੀ ਨੇ ਸੁਨੀਲ ਜਾਖੜ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਾਖੜ ਦੀ ਮਾਨਸਿਕਤਾ ਤੋਂ ਪਤਾ ਲੱਗਦਾ ਹੈ ਕਿ ਉਹ ਦਲਿਤ ਵਿਰੋਧੀ ਹਨ। ਚੰਨੀ ਨੇ ਕਿਹਾ ਕਿ ਉਹ ਦਲਿਤਾਂ ਨੂੰ ਜੁੱਤੀ ਦੀ ਨੋਕ ਤੇ ਰੱਖਣਾ ਚਾਹੁੰਦੇ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਬਣੀ ਸਰਕਾਰ ਬਾਰੇ ਚੰਨੀ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੇਖ ਲਿਆ ਹੈ ਕਿ ਪੰਜਾਬ ਵਿਚ ਕਾਨੂੰਨ ਦੀ ਹਾਲਤ ਵਿਗੜ ਰਹੀ ਹੈ।

ਬੀਤੇ ਦਿਨੀ ਸੁਨੀਲ ਜਾਖੜ ਨੇ ਜੀ-23 ਦੇ ਆਗੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਹਾਈਕਮਾਨ ਉਨ੍ਹਾਂ ਆਗੂਆਂ ਨੂੰ ਐਨਾ ਸਿਰ ’ਤੇ ਨਾ ਬਿਠਾਏ ਜਿਹੜੇ ਪਾਰਟੀ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਾਖੜ ਨੇ ਇਹ ਇਸ਼ਾਰਾ ਚੰਨੀ ਵੱਲ ਕਰ ਕੇ ਇੱਕ ਦਲਿਤ ਆਗੂ ਦੀ ਬੇਜ਼ਤੀ ਕੀਤੀ ਹੈ।