India Lok Sabha Election 2024 Punjab

ਸੁਨੀਲ ਜਾਖੜ ਦਾ ਕੇਜਰੀਵਾਲ ਨੂੰ ‘ਚੈਲੰਜ!’ ‘ਕੱਲ੍ਹ ਸਟੇਜ ਤੋਂ ਭਗਵੰਤ ਮਾਨ ਨੂੰ ਪੁੱਛਣ ਇਹ ਸਵਾਲ’

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ) – ਪੰਜਾਬ ਵਿੱਚ ਚੋਣਾਂ ਦੇ ਮਾਹੌਲ ਨੂੰ ਦੇਖਦਿਆਂ ਲਗਭਗ ਸਾਰੀਆਂ ਪਾਰਟੀਆਂ ਦੇ ਲੀਡਰ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸੇ ਕੜੀ ਵਿੱਚ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਿਵੇਂ-ਜਿਵੇਂ ਪੰਜਾਬ ਵਿੱਚ ਗਰਮੀ ਵਧ ਰਹੀ ਹੈ ਉਵੇਂ ਹੀ ਬੀਜੇਪੀ ਦੇ ਸਮਰਥਕਾਂ ਵਿੱਚ ਵੀ ਵਾਧਾ ਹੋ ਰਿਹਾ ਹੈ।

ਸੁਨੀਲ ਜਾਖੜ ਨੇ ਸੱਤਾਧਾਰੀ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਤੰਜ ਕੱਸਦਿਆਂ ਆਖਿਆ ਕਿ ਕੇਜਰੀਵਾਲ ਨੂੰ ਕੁਝ ਗੱਲਾਂ ਯਾਦ ਕਰਵਾਉਣ ਲਈ ਇਹ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਉਨ੍ਹਾਂ ਕੇਜਰੀਵਾਲ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਜਿੱਦਾਂ ਉਨ੍ਹਾਂ ਜੇਲ੍ਹ ਵਿੱਚੋਂ ਸੀਐਮ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਪੰਜਾਬ ਵਿੱਚ ਘਰ-ਘਰ ਰਾਸ਼ਨ ਪਹੁੰਚ ਰਿਹਾ ਹੈ ਤੇ ਕੀ ਕਿਸਾਨਾਂ ਦੀ ਫ਼ਸਲ ਦੀ ਖ਼ਰੀਦ ਹੋ ਰਹੀ ਹੈ? ਇਸੇ ਤਰ੍ਹਾਂ ਉਹ ਕੱਲ੍ਹ ਸਟੇਜ ਤੋਂ ਆਪਣੇ ਸੀਐਮ ਭਗਵੰਤ ਮਾਨ ਨੂੰ ਪੁੱਛਣ ਕਿ ਕੀ ਪੰਜਾਬ ਦੀਆਂ ਔਰਤਾਂ ਦੇ ਖ਼ਾਤੇ ਵਿੱਚ 1000-1000 ਰੁਪਏ ਪਹੁੰਚ ਰਹੇ ਹਨ ਜਾਂ ਨਹੀਂ?

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਔਰਤਾਂ ਦੀ ਗਿਣਤੀ ਲਗਭਗ 1 ਕਰੋੜ ਦੇ ਕਰੀਬ ਹੈ ਤੇ ਪਿਛਲੇ 24 ਮਹੀਨਿਆਂ ਦੇ ਕਾਰਜਕਾਲ ਵਿੱਚ ਔਰਤਾਂ ਦੇ ਬਣਦੇ ਪੈਸੇ ਉਨ੍ਹਾਂ ਦੇ ਖ਼ਾਤਿਆਂ ਵਿੱਚ ਕਦੋਂ ਰਲੀਜ਼ ਕੀਤੇ ਜਾਣਗੇ, ਇਸ ਦਾ ਜਵਾਬ ਭਗਵੰਤ ਮਾਨ ਕੱਲ੍ਹ ਦੇਣ, ਤਾਂ ਅਸੀਂ ਮੰਨਾਂਗੇ ਕਿ ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਸੁਪਰੀਮੋ ਸਤਿਵਾਦੀ ਹਨ।

ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ ਨੇ ਦੁਨੀਆ ਦਾ ਸਭ ਤੋਂ ਵੱਡਾ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਚਲਾਇਆ ਹੈ। ਤਾਂ ਸਵਾਤੀ ਮਾਲੀਵਾਲ ਦੇ ਮਾਮਲੇ ਵਿੱਚ ਮਹਿਲਾ ਸਸ਼ਕਤੀਕਰਨ ਬਾਰੇ ਉਹ ਕੀ ਕਹਿਣਗੇ? ਜਾਖੜ ਨੇ ਸਵਾਤੀ ਦਾ ਨਾਂ ਲੈਂਦਿਆਂ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਤੇ ਨਿਸ਼ਾਨਾ ਲਾਇਆ। ਉਨ੍ਹਾਂ ਕਿਹਾ ਕਿ ਆਪ ਦੀ ਭਾਈਵਾਲ ਪਾਰਟੀ ਕਾਂਗਰਸ ਨੇ ਵੀ ਇਹੋ ਜਿਹੇ ‘ਮਹਿਲਾ ਸਸ਼ਕਤੀਕਰਨ’ ਵਿੱਚ ਕੋਈ ਕਮੀ ਨਹੀਂ ਛੱਡੀ। ਇਹੋ ਜਿਹੇ ‘ਸਸ਼ਕਤੀਕਰਨ’ ਤੋਂ ਤਾਂ ਅੱਲਾ ਬਚਾਏ।

ਉਨ੍ਹਾਂ ਕਿਹਾ ਕਿ ਕੱਲ੍ਹ ਕੇਜਰੀਵਾਲ ਪੰਜਾਬ ਆ ਰਹੇ ਹਨ ਤੇ ਭਾਜਪਾ ਪ੍ਰਧਾਨ ਉਨ੍ਹਾਂ ਦੇ ਪੰਜਾਬ ਦੀਆਂ ਔਰਤਾਂ ਨਾਲ ਕੀਤੇ ਵਾਅਦੇ ਉਨ੍ਹਾਂ ਨੂੰ ਯਾਦ ਕਰਵਾ ਰਹੇ ਹਨ। ਉਨ੍ਹਾਂ ਇਸ ਗੱਲ ’ਤੇ ਸਹਿਮਤੀ ਜਤਾਈ ਕਿ ਪੰਜਾਬ ਦੇ ਖ਼ਜ਼ਾਨੇ ਵਿੱਚੋਂ 20,000 ਕਰੋੜ ਰੁਪਏ ਨੂੰ ਰੇਤ ਮਾਫ਼ੀਆ ਰਾਹੀਂ ਸੰਨ੍ਹ ਲਾਈ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦੇ ਇਲਾਕੇ ਵਿੱਚ ਰੇਤ ਮਾਫ਼ੀਆ ਦਾ ਪੈਸਾ ਕਿੱਧਰ ਜਾ ਰਿਹਾ ਇਹ ਤਾਂ ਪਤਾ ਹੈ, ਬਾਕੀ ਕਿਸ-ਕਿਸ ਦੇ ਪਰਿਵਾਰ ਵਿੱਚ ਜਾ ਰਿਹਾ ਇਹ ਕੱਲ੍ਹ ਕੇਜਰੀਵਾਲ ਸਾਹਬ ਦੱਸਣ। ਉਨ੍ਹਾਂ ਇਸ ਗੱਲ ਨੂੰ ਲੈ ਕੇ ਵੀ ਆਪ ਤੇ ਨਿਸ਼ਾਨਾ ਲਾਇਆ ਕਿ ਪੰਜਾਬ ਵਿੱਚ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਰਾਸ਼ਨ ਘਰ-ਘਰ ਪਹੁੰਚਾਇਆ ਜਾ ਰਿਹਾ ਹੈ, ਪਰ ਸੂਬੇ ਦੀ ਭਗਵੰਤ ਮਾਨ ਸਰਕਾਰ ਆਪਣੀ ਫੋਟੋ ਲਗਵਾ ਕੇ ਆਪਣਾ ਪ੍ਰਚਾਰ ਕਰ ਰਹੀ ਹੈ।

 

ਇਹ ਵੀ ਪੜ੍ਹੋ – ‘ਬੀਜੇਪੀ 400 ਪਾਰ ਛੱਡੋ 272 ਵੀ ਮੁਸ਼ਕਲ!’ ਯੋਗੇਂਦਰ ਯਾਦਵ ਨੇ ਦੱਸਿਆ ਕਿਸ-ਕਿਸ ਸੂਬੇ ਤੋਂ ਬੀਜੇਪੀ ਨੂੰ ਵੱਡਾ ਨੁਕਸਾਨ!