India Punjab

ਜ਼ਿਮਨੀ ਚੋਣਾਂ ਲਈ ਭਾਜਪਾ ਨੇ ਸੁਨੀਲ ਜਾਖੜ ਨੂੰ ਬਣਾਇਆ ‘ਪੋਸਟਰ ਬੁਆਏ!’ ‘ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ’ ਰੱਖਿਆ ਸਲੋਗਨ

ਬਿਉਰੋ ਰਿਪੋਰਟ: ਪੰਜਾਬ ਵਿੱਚ 13 ਨਵੰਬਰ ਨੂੰ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਭਾਜਪਾ ਨੇ ਪਾਰਟੀ ਦੇ ਪ੍ਰਚਾਰ ਲਈ ਸੁਨੀਲ ਜਾਖੜ ਨੂੰ ‘ਪੋਸਟਰ ਬੁਆਏ’ ਵਜੋਂ ਖੜ੍ਹਾ ਕੀਤਾ ਹੈ। ਭਾਜਪਾ ਨੇ ਆਪਣੇ ਸੋਸ਼ਲ ਮੀਡੀਆ ਖ਼ਾਤੇ ਤੋਂ ਇੱਕ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਪੱਗ ਬੰਨ੍ਹੇ ਹੋਏ ਨਜ਼ਰ ਆ ਰਹੇ ਹਨ। ਇਸ ਨਾਲ ਪਾਰਟੀ ਨੇ ‘ਜੇ ਪੰਜਾਬ ਬਚਾਉਣਾ ਤਾਂ ਪੈਣਾ ਭਾਜਪਾ ਨੂੰ ਜਿਤਾਉਣਾ’ ਸਲੋਗਨ ਵੀ ਲਾਇਆ ਹੋਇਆ ਹੈ।

ਇਸ ਵੀਡੀਓ ਦੀ ਟੈਗਲਾਈਨ ਹੈ – ‘ਬਾਕੀ ਗੱਲਾਂ ਛਡੋ, ਪੰਜਾਬ ਦੀ ਗੱਲ ਜ਼ਰੂਰੀ ਹੈ।’ ਜਾਖੜ ਆਪ ਵੀ ਹਮੇਸ਼ਾ ਕਹਿੰਦੇ ਰਹਿੰਦੇ ਹਨ ਕਿ ਭਾਜਪਾ ਨੂੰ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਦੇ ਮੁੱਦਿਆਂ ਨੂੰ ਸਮਝਣ ਦੀ ਲੋੜ ਹੈ। ਅੱਜ ਬੁੱਧਵਾਰ ਨੂੰ ਜਾਰੀ ਕੀਤੇ ਗਏ ਪਾਰਟੀ ਦੇ ਪਹਿਲੇ ਪ੍ਰਚਾਰ ਵੀਡੀਓ ਦੇ ਵੱਖ-ਵੱਖ ਸ਼ਾਟਸ ਵਿੱਚ ਪਾਰਟੀ ਵਰਕਰਾਂ ਅਤੇ ਸਮਰਥਕਾਂ ਨਾਲ ਸਿਰਫ਼ ਪ੍ਰਧਾਨ ਮੰਤਰੀ ਮੋਦੀ ਅਤੇ ਸੁਨੀਲ ਜਾਖੜ ਹੀ ਨਜ਼ਰ ਆ ਰਹੇ ਹਨ।

ਯਾਦ ਰਹੇ ਕਿ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਵਿੱਚ ਖ਼ਬਰਾਂ ਆ ਰਹੀਆਂ ਸਨ ਕਿ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਪ੍ਰਧਾਨ ਵਜੋਂ ਪਾਰਟੀ ਤੋਂ ਪਾਸਾ ਵੱਟ ਲਿਆ ਸੀ ਪਰ ਪਾਰਟੀ ਵੱਲੋਂ ਹਮੇਸ਼ਾ ਇਸ ਗੱਲ ਦਾ ਖੰਡਨ ਕੀਤਾ ਗਿਆ। ਬੀਤੇ ਦਿਨੀਂ ਭਾਜਪਾ ਤੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਪੱਤਰਕਾਰਾਂ ਨੂੰ ਇਸ ਸਵਾਲ ਦਾ ਜਵਾਬ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਗੇ। ਫਿਲਹਾਲ ਉਨ੍ਹਾਂ ਇਹ ਸਵਾਲ ਇਹ ਕਹਿ ਟਾਲ਼ ਦਿੱਤਾ ਕਿ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ।

ਇਸ ਤੋਂ ਬਾਅਦ 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਰਿਆਣਾ ਸਰਕਾਰ ਦੇ ਸਹੁੰ ਚੁੱਕ ਸਮਾਗਮ ਅਤੇ ਹੋਰ ਸਮਾਗਮਾਂ ਲਈ ਚੰਡੀਗੜ੍ਹ ਅਤੇ ਪੰਚਕੂਲਾ ਦਾ ਦੌਰਾ ਕਰਨ ਵੇਲੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਮੋਹਰੀ ਰਹਿਣ ਲਈ ਕਿਹਾ ਸੀ। ਇਸ ਦੇ ਨਾਲ ਹੀ ਅੱਜ ਸਵੇਰੇ ਜਾਖੜ ਨੇ ਇਸ ਵੀਡੀਓ ਦੇ ਆਉਣ ਤੋਂ ਪਹਿਲਾਂ ਇੱਕ ਟਵੀਟ ਕਰਦਿਆਂ ਪਾਕਿਸਤਾਨ ਨਾਲ ਕਰਤਾਰਪੁਰ ਲਾਂਘੇ ਦੇ ਸਮਝੌਤੇ ਨੂੰ ਹੋਰ ਪੰਜ ਸਾਲਾਂ ਲਈ ਵਧਾਉਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ ਹੈ।

ਸਬੰਧਿਤ ਖ਼ਬਰ – ਆਪਣੇ ਅਸਤੀਫ਼ੇ ਦੀਆਂ ਖ਼ਬਰਾਂ ਬਾਰੇ ਪਹਿਲੀ ਵਾਰ ਬੋਲੇ ਸੁਨੀਲ ਜਾਖੜ! ਦਿੱਤਾ ਗੋਲ਼-ਮੋਲ਼ ਜਵਾਬ