The Khalas Tv Blog Punjab 4 ਵਜ੍ਹਾ ਨਾਲ ਸੁਨੀਲ ਜਾਖੜ ਬਣੇ ਪੰਜਾਬ ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ !
Punjab

4 ਵਜ੍ਹਾ ਨਾਲ ਸੁਨੀਲ ਜਾਖੜ ਬਣੇ ਪੰਜਾਬ ਬੀਜੇਪੀ ਦੇ ਨਵੇਂ ਸੂਬਾ ਪ੍ਰਧਾਨ !

ਬਿਊਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਬੀਜੇਪੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ । 1 ਸਾਲ ਪਹਿਲਾਂ ਕਾਂਗਰਸ ਤੋਂ ਬੀਜੇਪੀ ਵਿੱਚ ਸ਼ਾਮਲ ਹੋਏ ਸੁਨੀਲ ਜਾਖੜ ਨੂੰ ਬੀਜੇਪੀ ਨੇ ਨਵੇਂ ਸੂਬਾ ਪ੍ਰਧਾਨ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਹੈ । ਜਾਖੜ ਦੇ ਸੂਬਾ ਪ੍ਰਧਾਨ ਬਣਨ ਦੀਆਂ ਚਰਚਾਵਾਂ ਉਸ ਵੇਲੇ ਹੀ ਸ਼ੁਰੂ ਹੋ ਗਈਆਂ ਸਨ ਜਦੋਂ ਉਹ ਬੀਜੇਪੀ ਵਿੱਚ ਸ਼ਾਮਲ ਹੋਏ ਸਨ । ਪਿਛਲੇ ਮਹੀਨੇ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਦੀ ਪੰਜਾਬ ਵਿੱਚ ਹੋਈ ਰੈਲੀ ਦੌਰਾਨ ਇਸ ‘ਤੇ ਮੋਹਰ ਵੀ ਲੱਗ ਗਈ ਸੀ । ਜਦੋਂ ਨੱਢਾ ਨੇ ਜਾਖੜ ਦੀ ਤਾਰੀਫ ਕੀਤੀ ਸੀ ਅਤੇ ਉਨ੍ਹਾਂ ਨੂੰ ਰੈਲੀ ਵਿੱਚ ਅਹਿਮ ਥਾਂ ਦਿੱਤੀ ਸੀ । 2 ਜੁਲਾਈ ਨੂੰ ਨੱਢਾ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵੀ ਜਾਖੜ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ ਸੀ ਬਸ ਐਲਾਨ ਹੋਣਾ ਬਾਕੀ ਸੀ । ਅਸ਼ਵਨੀ ਸ਼ਰਮਾ 2 ਵਾਰ ਪੰਜਾਬ ਬੀਜੇਪੀ ਦੇ ਪ੍ਰਧਾਨ ਬਣੇ ਪਰ ਪਾਰਟੀ ਨੂੰ ਖੜਾ ਨਾ ਸਕੇ ਅਤੇ ਸੀਨੀਅਰ ਆਗੂਆਂ ਨੂੰ ਅਣਦੇਖਾ ਕੀਤਾ । ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਵੀ ਸੂਬੇ ਵਿੱਚ ਮਜ਼ਬੂਤ ਆਵਾਜ਼ ਅਤੇ ਸਾਫ ਸੁਥਰੀ ਸ਼ਖਸੀਅਤ ਵਾਲਾ ਆਗੂ ਚਾਹੀਦਾ ਸੀ ਜੋ ਪਾਰਟੀ ਦੇ ਪੁਰਾਣੇ ਅਤੇ ਨਵੇਂ ਆਗੂਆਂ ਨੂੰ ਨਾਲ ਲੈਕੇ ਚੱਲ ਸਕੇ,ਜਾਖੜ ‘ਤੇ ਜਾਕੇ ਬੀਜੇਪੀ ਦੀ ਇਹ ਸੋਚ ਖ਼ਤਮ ਹੋਈ ।

ਅਬੋਹਰ ਤੋਂ ਤਿੰਨ ਵਾਰ ਦੇ ਵਿਧਾਇਕ ਸੁਨੀਲ ਜਾਖੜ ਕਾਂਗਰਸ ਦੇ ਸੂਬਾ ਪ੍ਰਧਾਨ ਵੀ ਰਹੇ ਹਨ ਅਤੇ ਪਾਰਟੀ ਨੂੰ ਕਿਵੇਂ ਅੱਗੇ ਵਧਾਉਣਾ ਹੈ ਉਨ੍ਹਾਂ ਵਿੱਚ ਇਹ ਕਾਬਲੀਅਤ ਹੈ । ਪਰਿਵਾਰਕ ਪਿਛੋਕੜ ਵੀ ਜ਼ਬਰਦਸਤ ਹੈ ਅਤੇ ਬੀਜੇਪੀ ਜਾਖੜ ਦੇ ਜ਼ਰੀਏ ਤਿੰਨ ਸੂਬਿਆਂ ਵਿੱਚ ਜਾਟ ਅਤੇ ਹਿੰਦੂ ਭਾਈਚਾਰੇ ਨੂੰ PHR ਦੇ ਫਾਰਮੂਲੇ ਨਾਲ ਵੱਡਾ ਸੁਨੇਹਾ ਦੇਣਾ ਚਾਹੁੰਦੀ ਹੈ ।

ਜਾਖੜ ਨਾਲ ਜੁੜਿਆ ਕੀ ਹੈ PHR ਦਾ ਫਾਰਮੂਲਾ ?

P ਮਤਲਬ ਪੰਜਾਬ,ਜਾਖੜ ਦੇ ਰੂਪ ਵਿੱਚ ਬੀਜੇਪੀ ਨੂੰ ਪੰਜਾਬ ਵਿੱਚ ਵੱਡਾ ਹਿੰਦੂ ਚਹਿਰਾ,ਚੰਗਾ ਬੁਲਾਰਾ,ਪਾਰਟੀ ਨੂੰ ਅੱਗੇ ਵਧਾਉਣ ਦੀ ਕਾਬਲੀਅਤ ਰੱਖਣ ਵਾਲਾ ਆਗੂ ਅਤੇ ਸੂਬੇ ਦੀ ਪੰਥਕ,ਕਿਸਾਨੀ ਵੋਟ ਬੈਂਕ ਨੂੰ ਅੱਗੇ ਵਧਾਉਣ ਵਾਲਾ ਆਗੂ ਤਾਂ ਮਿਲ ਜਾਵੇਗਾ ਨਾਲ ਹਰਿਆਣਆ ਅਤੇ ਰਾਜਸਥਾਨ ਵਿੱਚ ਵੀ ਬੀਜੇਪੀ ਲਈ ਜਾਖੜ ਵੱਡਾ ਰੋਲ ਅਦਾ ਕਰ ਸਕਦੇ ਹਨ । ਰਾਜਸਥਾਨ ਵਿੱਚ 3 ਮਹੀਨੇ ਬਾਅਦ ਵਿਧਾਨਸਭਾ ਚੋਣਾਂ ਹਨ ਜਦਕਿ ਅਗਲੇ ਸਾਲ ਹਰਿਆਣਾ ਵਿੱਚ ਚੋਣਾਂ ਹਨ । ਜਾਖੜ ਦੇ ਪਿਤਾ ਬਲਰਾਮ ਜਾਖੜ ਰਾਜਸਥਾਨ ਦੇ ਚੁਰੂ ਤੋਂ ਕਈ ਵਾਰ ਐੱਮਪੀ ਰਹੇ ਅਤੇ ਲੋਕਸਭਾ ਦੇ ਸਪੀਕਰ ਮੰਤਰੀ ਅਤੇ ਕੇਂਦਰ ਵਿੱਚ ਮੰਤਰੀ ਵੀ ਬਣੇ । ਜਾਖੜ ਖਾਨਦਾਨ ਦਾ ਕੱਦ ਰਾਜਸਥਾਨ ਵਿੱਚ ਵੀ ਕਾਫੀ ਵੱਡਾ ਹੈ,ਜਿੰਨਾਂ ਉਹ ਪੰਜਾਬ ਦੀ ਸਿਆਸਤ ਨੂੰ ਸਮਝ ਦੇ ਹਨ ਉਨ੍ਹਾਂ ਹੀ ਰਾਜਸਥਾਨ ਦੀ ਸਿਆਸਤ ਵਿੱਚ ਉਨ੍ਹਾਂ ਦੀ ਦਿਲਚਸਬੀ ਹੈ । ਜਾਟ ਆਗੂ ਹੋਣ ਦੀ ਵਜ੍ਹਾ ਕਰਕੇ ਬੀਜੇਪੀ ਰਾਜਸਥਾਨ ਦੀ ਚੋਣਾਂ ਵਿੱਚ ਜਾਟਾਂ ਵਿੱਚ ਸੁਨੇਹਾ ਦੇਵੇਗੀ ਕਿ ਉਨ੍ਹਾਂ ਦੀ ਪਾਰਟੀ ਕਿੰਨੀ ਕਦਰ ਹੈ । ਜਾਖੜ ਚੰਗਾ ਬੁਲਾਰਾ ਹਨ ਅਤੇ ਪਾਰਟੀ ਉਨ੍ਹਾਂ ਦੀ ਵਰਤੋਂ ਰਾਜਸਥਾਨ ਚੋਣਾਂ ਵਿੱਚ ਚੰਗੀ ਤਰ੍ਹਾ ਕਰ ਸਕਦੀ ਹੈ । ਇਸ ਤੋਂ ਇਲਾਵਾ ਹਰਿਆਣਾ ਦੀ ਸਿਆਸਤ ਵਿੱਚ ਉਨ੍ਹਾਂ ਦੇ ਖਾਨਦਾਨ ਦਾ ਚੰਗਾ ਰੋਲ ਰਿਹਾ ਹੈ,ਪਿਤਾ ਬਲਰਾਮ ਜਾਖੜ, ਚੌਟਾਲਾ ਖਾਨਦਾਨ ਦੇ ਦਿੱਗਜ ਅਤੇ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਨੂੰ ਕਈ ਵਾਰ ਹਰਾ ਚੁੱਕੇ ਹਨ । ਯਾਨੀ ਕੁੱਲ ਮਿਲਾਕੇ ਬੀਜੇਪੀ ਜਾਖੜ ਨੂੰ ਪੰਜਾਬ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਕੇ ਇੱਕ ਤੀਰ ਨਾਲ ਤਿੰਨ ਸੂਬਿਆਂ ਵਿੱਚ ਆਪਣੇ ਪੈਰ ਹੋ ਮਜ਼ਬੂਤ ਕਰ ਰਹੇ ਹਨ। ਇਹ ਹੈ ਬੀਜੇਪੀ ਦਾ ਜਾਖੜ ਨੂੰ ਲੈਕੇ PHR ਦਾ ਫਾਰਮੂਲਾ ।

ਪੰਜਾਬ ਬੀਜੇਪੀ ਨੂੰ ਜਾਖੜ ਦੇ ਬਣਨ ਨਾਲ ਕੀ ਫਾਇਦਾ ?

ਕਾਂਗਰਸ ਤੋਂ ਬੀਜੇਪੀ ਵਿੱਚ ਆਉਣ ਵਾਲਾ ਸਭ ਤੋਂ ਵੱਡਾ ਚਹਿਰਾ ਸੀ 2 ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ। ਪਰ ਉਮਰ ਦੇ ਲਿਹਾਜ਼ ਨਾਲ ਕੈਪਟਨ ਦਾ ਸਿਆਸਤ ਵਿੱਚ ਜ਼ਿਆਦਾ ਰੋਲ ਨਹੀਂ ਹੈ । ਬਾਕੀ ਬਲਬੀਰ ਸਿੰਘ ਸਿੱਧੂ,ਮਨਪ੍ਰੀਤ ਸਿੰਘ ਬਾਦਲ,ਰਾਣਾ ਗੁਰਮੀਤ ਸਿੰਘ ਸੋਢੀ,ਗੁਰਪ੍ਰੀਤ ਕਾਂਗੜ,ਕਾਂਗਰਸ ਤੋਂ ਬੀਜੇਪੀ ਵਿੱਚ ਆਏ ਸਿੱਖ ਚਿਹਰੇ ਭਾਵੇ 4 ਤੋਂ 5 ਵਾਰ ਦੇ ਵਿਧਾਇਕ ਅਤੇ ਮੰਤਰੀ ਰਹੇ ਹਨ । ਪਰ ਇਹ ਆਪਣੇ ਇਲਾਕੇ ਵਿੱਚ ਮਕਬੂਲ ਹੋ ਸਕਦੇ ਹਨ ਪੂਰੇ ਪੰਜਾਬ ਦੇ ਲਿਹਾਜ਼ ਨਾਲ ਇਨ੍ਹਾਂ ਦਾ ਕੱਦ ਅਤੇ ਤਾਕਤ ਬਹੁਤ ਹੀ ਕਮਜ਼ੋਰ ਹੈ । ਬੀਜੇਪੀ ਦੀ ਪੁਰਾਣੀ ਲੀਡਰਸ਼ਿੱਪ ਵਿੱਚ ਵੀ ਕੋਈ ਅਜਿਹਾ ਚਹਿਰਾ ਨਹੀਂ ਹੈ ਜਿਸ ਦੀ ਪੈਨ ਪੰਜਾਬ ਪਛਾਣ ਹੋਏ । 2017 ਤੱਕ ਸੁਨੀਲ ਜਾਖੜ ਦੀ ਪਛਾਣ ਕਿਧਰੇ ਨਾ ਕਿਧਰੇ ਆਪਣੇ ਵਿਧਾਨਸਭਾ ਹਲਕੇ ਤੱਕ ਸੀ । ਪਰ ਜਾਖੜ ਨੂੰ 2017 ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਮਿਲੀ ਅਤੇ ਉਨ੍ਹਾਂ ਨੇ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਸਰਕਾਰ ਅਤੇ ਵਰਕਰਾਂ ਵਿੱਚ ਤਾਲਮੇਲ ਬਿਠਾਇਆ ਉਸ ਨੇ ਉਨ੍ਹਾਂ ਦਾ ਕੱਦ ਕਾਫੀ ਵੱਡਾ ਕਰ ਦਿੱਤਾ । ਇਸ ਦਾ ਉਦਾਹਰਣ ਇਸ ਤੋਂ ਮਿਲ ਦਾ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤਾਂ ਕਾਂਗਰਸ ਹਾਈ ਕਮਾਨ ਨੇ ਵਿਧਾਇਕਾਂ ਦੀ ਸੀਕਰੇਟ ਪੋਲਿੰਗ ਕਰਵਾਈ ਤਾਂ 50 ਤੋਂ ਵੱਧ ਵਿਧਾਇਕਾਂ ਨੇ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਕੀਤੀ ਸੀ । ਉਹ ਗੱਲ ਵਖਰੀ ਹੈ ਕਿ ਕਾਂਗਰਸ ਨੇ ਦਲਿਤ ਚਿਹਰਾ ਹੋਣ ਦੀ ਵਜ੍ਹਾ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੇ ਲਈ ਅੱਗੇ ਕਰ ਦਿੱਤਾ ਸੀ । ਇਸ ਤੋਂ ਇਲਾਵਾ ਜਾਖੜ ਕੋਲ ਕਾਂਗਰਸ ਦਾ ਪਾਰਟੀ ਪ੍ਰਧਾਨ ਰਹਿੰਦੇ ਹੋਏ ਤਜ਼ੁਰਬਾ ਹੈ ਵਰਕਰਾਂ ਦੀ ਭਾਵਨਾਵਾਂ ਨੂੰ ਸਮਝਣ ਦਾ। ਵੈਸੇ ਵੀ ਕਾਂਗਰਸ ਤੋਂ ਬੀਜੇਪੀ ਵਿੱਚ ਆਏ ਸਾਰੇ ਦਿੱਗਜ ਜਾਖੜ ਦਾ ਸਤਿਕਾਰ ਕਰਦੇ ਹਨ, ਕੈਪਟਨ ਅਮਰਿੰਦਰ ਸਿੰਘ ਦੇ ਉਹ ਕਾਫੀ ਕਰੀਬੀ ਹਨ।

ਪੰਜਾਬ ਵਿੱਚ ਤਰਬੀਨ 38 ਫੀਸਦੀ ਹਿੰਦੂ ਵੋਟਰ ਹਨ,ਜਾਖੜ ਦੇ ਆਉਣ ਨਾਲ ਹਿੰਦੂ ਵੋਟਰ ਦਾ ਬੀਜੇਪੀ ਨਾਲ ਜੁੜਨਗੇ,ਜਿਸ ਤਰ੍ਹਾਂ ਨਾਲ ਜਾਖੜ ਨੇ ਬੇਅਦਬੀ ਵਰਗੇ ਮੁੱਦੇ ‘ਤੇ ਸਖਤ ਸਟੈਂਡ ਲਿਆ ਸੀ ਉਸ ‘ਤੇ ਸਿੱਖਾਂ ਵਿੱਚ ਉਨ੍ਹਾਂ ਅਕਸ ਕਾਫੀ ਚੰਗਾ ਹੈ । ਸੁਨੀਲ ਜਾਖੜ ਪੰਜਾਬ ਦੀ ਪੰਥਕ ਸਿਆਸਤ ਨੂੰ ਸਮਝ ਦੇ ਹਨ । ਸਭ ਤੋਂ ਵੱਡੀ ਗੱਲ ਹੁਣ ਤੱਕ ਸੁਨੀਲ ਜਾਖੜ ਨਾਲ ਜੁੜਿਆ ਅਜਿਹਾ ਕੋਈ ਵਿਵਾਦ ਨਹੀਂ ਹੈ ਜੋ ਉਨ੍ਹਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਕਮਜ਼ੋਰ ਕਰੇ ।

ਬੀਜੇਪੀ ਦਾ 360 ਡਿਗਰੀ ਵਾਲਾ ਫਾਰਮੂਲਾ

ਬੀਜੇਪੀ ਦਾ ਸੱਤਾ ਵਿੱਚ ਆਉਣ ਦਾ 360 ਡਿਗਰੀ ਦਾ ਫਾਰਮੂਲਾ 2014 ਤੋਂ ਸ਼ੁਰੂ ਹੋਇਆ ਸੀ । ਅਸਾਮ ਵਿੱਚ ਬੀਜੇਪੀ ਦੂਰ-ਦੂਰ ਤੱਕ ਨਹੀਂ ਸੀ । 1 -2 ਸੀਟਾਂ ਤੋਂ ਇਲਾਵਾ ਬੀਜੇਪੀ ਨੇ ਕਦੇ ਕੋਈ ਸੀਟ ਹਾਸਲ ਨਹੀਂ ਕੀਤੀ। ਲਗਾਤਾਰ 3 ਵਾਰ ਕਾਂਗਰਸ ਨੇ ਤਰੁਣ ਗੋਗੋਈ ਦਾ ਚਹਿਰਾ ਅੱਗੇ ਕਰਕੇ ਸਰਕਾਰ ਬਣਾਈ । ਉਸ ਵੇਲੇ ਕਾਂਰਰਸ ਵਿੱਚ ਦੂਜੇ ਨੰਬਰ ‘ਤੇ ਸਭ ਤੋਂ ਮਜ਼ਬੂਰ ਚਹਿਰਾ ਸੀ ਹੇਮੰਤਾ ਬਿਸਵਾ ਸ਼ਰਮਾ ਦਾ । 2014 ਦੀਆਂ ਲੋਕਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਅਸਾਮ ਵਿੱਚ ਬੀਜੇਪੀ ਨੇ ਵੱਡੀ ਜਿੱਤ ਹਾਸਲ ਕੀਤੀ,ਕਾਂਗਰਸ ਨੂੰ ਲੱਗ ਰਿਹਾ ਸੀ ਕਿ ਤਰੁਣ ਗੋਗੋਈ ਦਾ ਜਾਦੂ ਹੁਣ ਨਹੀਂ ਚੱਲੇਗਾ। ਪਾਰਟੀ ਦਾ ਦੂਜਾ ਵੱਡਾ ਚਿਹਰਾ ਹੇਮੰਤਾ ਬਿਸਵਾ ਸ਼ਰਮਾ ਨੇ ਰਾਹੁਲ ਗਾਂਧੀ ਕੋਲੋ ਮਿਲਣ ਦਾ ਸਮਾ ਮੰਗਿਆ ਅਤੇ 2016 ਦੀਆਂ ਚੋਣਾਂ ਵਿੱਚ ਆਪਣੀ ਦਾਅਵੇਦਾਰੀ ਅੱਗੇ ਕੀਤੀ ਪਰ ਰਾਹੁਲ ਗਾਂਧੀ ਨੇ ਬਿਸਵਾ ਨੂੰ ਨਜ਼ਰ ਅੰਦਾਜ਼ ਕੀਤਾ ਤਾਂ ਉਹ ਬੀਜੇਪੀ ਵਿੱਚ ਸ਼ਾਮਲ ਹੋ ਗਏ । 2016 ਵਿੱਚ ਉਨ੍ਹਾਂ ਨੇ ਆਪਣੇ ਦਮ ਤੇ ਬੀਜੇਪੀ ਨੂੰ ਪਹਿਲੀ ਵਾਰ ਅਸਾਮ ਵਿੱਚ ਸੱਤਾ ਦਿਵਾਈ,ਹਾਲਾਂਕਿ ਬੀਜੇਪੀ ਨੇ ਉਨ੍ਹਾਂ ਨੂੰ ਮੰਤਰੀ ਬਣਾਇਆ ਪਰ ਮੁੱਖ ਮੰਤਰੀ ਨਹੀਂ । ਪਰ ਬੀਜੇਪੀ ਜ਼ਿਆਦਾ ਦੇਰ ਬਿਸਵਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਦੂਰ ਨਹੀਂ ਰੱਖ ਸਕੀ। ਦੂਜੀ ਵਾਰ ਜਦੋਂ 2021 ਵਿੱਚ ਚੋਣ ਹੋਈ ਤਾਂ ਹੇਮੰਤਾ ਬਿਸਵਾ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਚਿਹਰਾ ਬਣਾਉਣ ਦੀ ਸ਼ਰਤ ਰੱਖੀ । ਬੀਜੇਪੀ ਨੇ ਕਾਂਗਰਸ ਵਾਂਗ ਗਲਤੀ ਨਹੀਂ ਨਹੀਂ ਕੀਤੀ ਕਿਉਂਕਿ ਉਨ੍ਹਾਂ ਨੂੰ ਬਿਸਵਾ ਦੀ ਸਿਆਸੀ ਤਾਕਤ ਦਾ ਅੰਦਾਜ਼ਾ ਹੋ ਗਿਆ ਸੀ । ਇਸੇ ਤਰ੍ਹਾਂ ਕਾਂਗਰਸ ਦੇ ਆਗੂ ਦੇ ਦਮ ‘ਤੇ ਬੀਜੇਪੀ ਨੇ ਦੂਜੀ ਵਾਰ ਅਸਾਮ ਵਿੱਚ ਸਰਕਾਰ ਬਣਾਈ । ਇਹ ਹੀ ਫਾਰਮੂਲਾ ਬੀਜੇਪੀ ਨੇ ਪੱਛਮੀ ਬੰਗਾਲ ਵਿੱਚ ਖੇਡਿਆ ਜਿੱਥੇ ਉਸ ਦੇ ਸਿਰਫ਼ 1 ਜਾਂ ਫਿਰ 2 ਵਿਧਾਇਕ ਹੁੰਦੇ ਸਨ,ਇਸ ਵੇਲੇ ਉਹ ਆਗੂ ਵਿਰੋਧੀ ਧਿਰ ਹੈ ।

2019 ਦੀਆਂ ਲੋਕਸਭਾ ਚੋਣਾਂ ਵਿੱਚ ਬੀਜੇਪੀ ਨੇ ਪੱਛਮੀ ਬੰਗਾਲ ਦੀਆਂ 42 ਵਿੱਚੋ 18 ਸੀਟਾਂ ਜਿੱਤਿਆ ਜਦਕਿ TMC ਨੇ 22 । ਪੱਛਮੀ ਬੰਗਾਲ ਤੋਂ ਬੀਜੇਪੀ ਦਾ ਇੱਕ ਵੀ ਲੋਕਸਭਾ ਮੈਂਬਰ ਨਹੀਂ ਸੀ, ਪਰ ਪਾਰਟੀ ਨੇ TMC ਦੇ ਸਭ ਤੋਂ ਵੱਡੇ ਆਗੂ ਅਤੇ ਰਣਨੀਤੀਕਾਰ
ਸੁਵੇਂਦੂ ਅਧਿਕਾਰੀ ਨੂੰ ਆਪਣੇ ਪਾਲੇ ਵਿੱਚ ਕਰਕੇ ਸਾਰੀ ਬਾਜ਼ੀ ਪਲਟ ਦਿੱਤੀ । ਫਿਰ ਇੱਕ ਤੋਂ ਬਾਅਦ ਇੱਕ TMC ਆਗੂ ਬੀਜੇਪੀ ਵਿੱਚ ਸ਼ਾਮਲ ਹੁੰਦੇ ਰਹੇ ਅਤੇ ਮਮਤਾ ਦੀਆਂ ਦਿਲ ਦੀਆਂ ਧੜਕਨਾਂ ਵੱਧ ਦੀਆਂ ਗਈਆਂ । 2021 ਦੀਆਂ ਵਿਧਾਨਸਭਾ ਚੋਣਾਂ ਵਿੱਚ ਬੀਜੇਪੀ ਨੇ ਸੁਵੇਂਦੂ ਅਧਿਕਾਰੀ ਨੂੰ ਸਿੱਧਾ ਮਮਤਾ ਬੈਨਰਜੀ ਦੇ ਖਿਲਾਫ ਖੜਾ ਕਰ ਦਿੱਤਾ । ਮਮਤਾ ਬੈਨਰਜੀ ਭਾਵੇਂ ਵਿਧਾਨਸਭਾ ਚੋਣ ਜਿੱਤ ਗਈ ਪਰ ਉਹ ਸੁਵੇਂਦੂ ਅਧਿਕਾਰੀ ਕੋਲੋ ਆਪਣੀ ਸੀਟ ਹਾਰ ਗਈ । ਯਾਨੀ ਕੁੱਲ ਮਿਲਾਕੇ ਪੁੱਛਮੀ ਬੰਗਾਲ ਵਿੱਚ ਵੀ ਬੀਜੇਪੀ ਨੇ ਵਿਰੋਧੀਆਂ ਦੇ ਸਭ ਤੋਂ ਮਜ਼ਬੂਤ ਸਿਆਸੀ ਮੋਹਰੇ ਦੇ ਮੋਢਿਆਂ ਦੇ ਜ਼ਰੀਏ ਬੀਜੇਪੀ ਨੂੰ ਸੂਬੇ ਵਿੱਚ ਦੂਜੇ ਨੰਬਰ ਦੀ ਪਾਰਟੀ ਬਣਾ ਦਿੱਤਾ ।

ਮੱਧ ਪ੍ਰਦੇਸ਼ ਵਿੱਚ ਵੀ ਬੀਜੇਪੀ ਨੇ ਕਾਂਗਰਸ ਦੇ ਦਿੱਗਜ ਆਗੂ ਜੋਤੀ ਆਦਿਤਿਯਾ ਸਿੰਧਿਆ ਦੇ ਮੋਢੇ ਸਹਾਰੇ ਸੱਤਾ ਵਿੱਚ ਵਾਪਸੀ ਕੀਤੀ ਸੀ । ਕਮਲਨਾਥ ਦੀ ਸਰਕਾਰ ਨੂੰ 18 ਮਹੀਨੇ ਦੇ ਅੰਦਰ ਡਿੱਗਾ ਦਿੱਤਾ ਗਿਆ । ਬੀਜੇਪੀ ਨੇ ਜੋਤੀ ਆਦਿਤਿਯਾ ਸਿੰਧਿਆ ਦੀ ਮੁੱਖ ਮੰਤਰੀ ਨਾ ਬਣਨ ਦੇ ਦਰਦ ਨੂੰ ਕੈਸ਼ ਕੀਤਾ ਅਤੇ ਪਾਰਟੀ ਵਿੱਚ ਬਗਾਵਤ ਕਰਵਾਈ ਅਤੇ ਫਿਰ ਵਿਧਾਇਕਾਂ ਕੋਲੋ ਅਸਤੀਫਾ ਦਿਵਾਇਆ ਅਤੇ ਫਿਰ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ਮੁੜ ਤੋਂ ਚੌਥੀ ਵਾਰ ਸੱਤਾ ਵਿੱਚ ਲੈਕੇ ਆਏ । ਹਾਲਾਂਕਿ ਸਿੰਧਿਆ ਨੂੰ ਕੇਂਦਰ ਵਿੱਚ ਜ਼ਿਆਦਾ ਕੁਝ ਨਹੀਂ ਮਿਲਿਆ ਸਿਰਫ਼ ਕੇਂਦਰੀ ਹਵਾਬਾਜ਼ੀ ਦਾ ਮੰਤਰਾਲਾ ਦਿੱਤਾ ਗਿਆ ਏਅਰ ਇੰਡੀਆ ਦੇ ਵਿਕਨ ਤੋਂ ਬਾਅਦ ਹੁਣ ਇਹ ਸਿਰਫ ਨਾਂ ਦਾ ਹੀ ਮੰਤਰਾਲਾ ਹੈ । ਇਸੇ ਤਰ੍ਹਾਂ ਬੀਜੇਪੀ ਨੇ ਮਹਾਰਾਸ਼ਟਰ ਵਿੱਚ ਵੀ ਸੱਤਾ ਹਾਸਲ ਕੀਤੀ ।

NCP,ਸ਼ਿਵਸੈਨਾ ਅਤੇ ਕਾਂਗਰਸ ਨੇ ਮਿਲਕੇ ਸਰਕਾਰ ਬਣਾਈ,ਪਰ ਢਾਈ ਸਾਲ ਦੇ ਅੰਦਰ ਹੀ ਬੀਜੇਪੀ ਨੇ ਸਭ ਤੋਂ ਪਹਿਲਾਂ ਸ਼ਿਵਸੈਨਾ ਵਿੱਚ ਏਕਨਾਥ ਸ਼ਿੰਦੇ ਦੇ ਰੂਪ ਵਿੱਚ ਵੱਡੀ ਬਗਾਵਤ ਕਰਵਾਈ ਫਿਰ ਹੁਣ ਅਜੀਤ ਪਵਾਰ ਦੇ ਰੂਪ ਵਿੱਚ NCP ਨੂੰ ਤੋੜ ਕੇ ਬਦਲਾ ਪੂਰਾ ਕਰ ਲਿਆ । ਮਹਾਰਾਸ਼ਟਰ ਵਿੱਚ ਬੀਜੇਪੀ ਨੂੰ NCP ਅਤੇ ਸ਼ਿਵਸੈਨਾ ਤੋਂ ਹੀ ਵਾਰ-ਵਾਰ ਚੁਣੌਤੀ ਮਿਲ ਦੀ ਸੀ । ਦੇਵੋ ਪਾਰਟੀਆਂ ਦੇ ਦਿੱਗਜਾਂ ਨੂੰ ਆਪਣੇ ਨਾਲ ਅਸਿੱਧੇ ਤੌਰ ‘ਤੇ ਮਿਲਾਕੇ ਬੀਜੇਪੀ ਨੇ ਵੀ ਸੱਤਾ ਦੀ ਚਾਬੀ ਹਾਸਲ ਕੀਤੀ । ਕਰਨਾਟਕਾ ਵਿੱਚ ਵੀ ਬੀਜੇਪੀ ਨੇ ਇਸ ਤਰ੍ਹਾਂ 2018 ਵਿੱਚ ਕਾਂਗਰਸ ਅਤੇ JDS ਦੇ ਵਿਧਾਇਕਾਂ ਨੂੰ ਆਪਣੇ ਨਾਲ ਮਿਲਾਕੇ ਸਰਕਾਰ ਤੋੜੀ ਸੀ । ਬੀਜੇਪੀ ਦਾ 360 ਡਿਗਰੀ ਵਾਲਾ ਇਹ ਫਾਰਮੂਲਾ 99 ਫੀਸਦੀ ਸਫਲ ਰਿਹਾ ਹੈ,ਸਿਰਫ ਰਾਜਸਥਾਨ ਵਿੱਚ ਇਹ ਸਿਆਸਤ ਦੇ ਜਾਦੂਗਰ ਅਸ਼ੋਕ ਗਹਿਲੋਤ ਦੇ ਸਾਹਮਣੇ 5 ਸਾਲ ਵਿੱਚ ਕਈ ਵਾਰ ਫੇਲ੍ਹ ਸਾਬਿਤ ਹੋਇਆ । ਬੀਜੇਪੀ ਨੇ ਰਾਜਸਥਾਨ ਦੀ ਸੱਤਾ ਹਾਸਲ ਕਰਨ ਦੇ ਲਈ ਸਚਿਨ ਪਾਇਟਲ ਨੂੰ ਚੁਣਿਆ ਸੀ । ਪਰ ਅਸ਼ੋਕ ਗਹਿਲੋਤ ਅਤੇ ਬੀਜੇਪੀ ਦੀ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜ ਸਿੰਧਿਆ ਦੀ ਦੋਸਤੀ ਬੀਜੇਪੀ ਦੀ ਚਾਲ ਤੇ ਪਾਣੀ ਫੇਰ ਦੀ ਰਹੀ । ਇੱਥੇ ਬੀਜੇਪੀ ਨੂੰ ਘਰ ਦਾ ਭੇਦੀ ਲੰਕਾ ਢਾਏ ਵਰਗਾ ਜਵਾਬ ਅਸ਼ੋਕ ਗਹਿਲੋਤ ਨੇ ਵਸੁੰਦਰਾ ਰਾਜ ਸਿੰਧਿਆ ਨਾਲ ਮਿਲਕੇ ਦਿੱਤਾ । ਕੁੱਲ ਮਿਲਾਕੇ ਪੰਜਾਬ ਵਿੱਚ 360 ਡਿਗਰੀ ਸੱਤਾ ਘੁਮਾਉਣ ਲਈ ਸੁਨੀਲ ਜਾਖੜ ਬੀਜੇਪੀ ਦੀ ਸਭ ਤੋਂ ਵੱਡੀ ਉਮੀਦ ਹੈ। ਬੀਜੇਪੀ ਦਾ ਇਹ ਦਾਅ ਕਿੰਨਾਂ ਸਫਲ ਹੋਵੇਗਾ,ਇਹ ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲੇਗਾ ।

Exit mobile version