ਚੰਡੀਗੜ੍ਹ :ਅੱਜ ਪੰਜਾਬ ਭਾਜਪਾ ਦਾ ਵਫ਼ਦ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿਚ ਗਵਰਨਰ ਬਨਵਾਰੀਲਾਲ ਪੁਰੋਹਿਤ ਨੂੰ ਮਿਲਿਆ। ਸੁਨੀਲ ਜਾਖੜ ਨੇ ਗਵਰਨਰ ਅੱਗੇ ਭਾਜਪਾ ਨੇ ਹੜ੍ਹਾਂ ਨਾਲ ਮੁੱਦੇ ਚੁੱਕੇ। ਮੀਡੀਆ ਨਾਲ ਗੱਲਬਾਤ ਦੌਰਾਨ ਜਾਖੜ ਨੇ ਕਿਹਾ ਕਿ, ਸਰਕਾਰ ਦੀ ਲਾਪਰਵਾਹੀ ਕਰਕੇ ਪੰਜਾਬ ਵਿੱਚ ਤਬਾਹੀ ਹੋਈ ਹੈ। ਉਨ੍ਹਾਂ ਨੇ ਗਵਰਨਰ ਨੂੰ ਅਪੀਲ ਕੀਤੀ ਕਿ, ਸਰਕਾਰ ਦੀ ਜਵਾਬਦੇਹੀ ਤਹਿ ਕੀਤੀ ਜਾਵੇ। ਉਨ੍ਹਾਂ ਕਿਹਾ ਕਿ, ਪੰਜਾਬ ਦੇ ਪਿੰਡਾਂ ਵਿਚ ਹੜ੍ਹਾਂ ਕਾਰਨ ਭਿਆਨਕ ਬਿਮਾਰੀਆਂ ਫੈਲ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ, ਸੂਬੇ ਵਿਚ ਮਹਾਂ ਮਾਰੀ ਫੈਲਣ ਤੋਂ ਰੋਕਣ ਲਈ ਸੂਬਾ ਸਰਕਾਰ ਨੇ ਹੁਣ ਤੱਕ ਕੋਈ ਕਦਮ ਨਹੀਂ ਚੁੱਕਿਆ।
ਜਾਖੜ ਨੇ ਕਿਹਾ ਕਿ ਸੂਬਾ ਸਰਕਾਰ ਨੂੰ ਮਾਨਸੂਨ ਤੋਂ ਪਹਿਲਾਂ ਦੀਆਂ ਤਿਆਰੀਆਂ ਬਾਰੇ ਕਈ ਵਾਰ ਪੁੱਛਿਆ ਗਿਆ ਪਰ ਕੁਝ ਨਹੀਂ ਦੱਸਿਆ ਗਿਆ। ਇਸ ਕਾਰਨ ਅੱਜ ਰਾਜਪਾਲ ਨੂੰ ਮੀਟਿੰਗ ਕਰਕੇ ਪੰਜਾਬ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦੀ ਅਪੀਲ ਕੀਤੀ ਗਈ ਹੈ।
ਉਨ੍ਹਾਂ ਕਿਹਾ ਕਿ ਸੀ ਐੱਮ ਭਗਵੰਤ ਮਾਨ ਦੀ ਅਣਗਹਿਲੀ ਕਾਰਨ ਪੰਜਾਬ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋਇਆ ਹੈ। ਹੜ੍ਹਾਂ ਕਾਰਨ ਨੁਕਸਾਨ ਜ਼ਰੂਰ ਹੁੰਦਾ ਹੈ ਪਰ ਸਰਕਾਰ ਦੀ ਅਣਗਹਿਲੀ ਕਾਰਨ ਹੋਏ ਨੁਕਸਾਨ ਦੀ ਜਵਾਬਦੇਹੀ ਲਈ ਰਾਜਪਾਲ ਨੂੰ ਅਪੀਲ ਕੀਤੀ ਗਈ ਹੈ।
ਜਾਖੜ ਨੇ ਕਿਹਾ ਕਿ ਰਾਜਪਾਲ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਕਈ ਇਲਾਕਿਆਂ ਵਿੱਚ ਮਹਾਂ ਮਾਰੀ ਫੈਲਣ ਦਾ ਖ਼ਦਸ਼ਾ ਹੈ। ਕਈ ਇਲਾਕਿਆਂ ਵਿੱਚ ਬਿਮਾਰੀਆਂ ਦਾ ਪ੍ਰਕੋਪ ਫੈਲਣਾ ਸ਼ੁਰੂ ਹੋ ਗਿਆ ਹੈ, ਪਰ ਸਰਕਾਰ ਝੂਠੇ ਦਾਅਵੇ ਕਰ ਰਹੀ ਹੈ ਕਿ ਜਿੱਥੇ ਵੀ ਹੜ੍ਹਾਂ ਕਾਰਨ ਅਜਿਹੇ ਹਾਲਾਤ ਪੈਦਾ ਹੋਏ ਹਨ, ਉੱਥੇ ਡਾਕਟਰ ਤੇ ਹੋਰ ਮੈਡੀਕਲ ਸਟਾਫ਼ ਹਾਜ਼ਰੀ ਲਗਾ ਕੇ ਹੀ ਆ ਰਿਹਾ ਹੈ, ਪਰ ਕੋਈ ਪ੍ਰਬੰਧ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਰਾਜਪਾਲ ਨੂੰ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਅਤੇ ਜਾਨਾਂ ਬਚਾਉਣ ਲਈ ਸਮੇਂ ਸਿਰ ਪ੍ਰਬੰਧ ਕਰਨ ਦੀ ਅਪੀਲ ਕੀਤੀ ਗਈ। ਰਾਜਪਾਲ ਨੂੰ ਰਾਜ ਸਰਕਾਰ ਨੂੰ ਹਦਾਇਤਾਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਿਆ ਜਾਵੇ, ਜਿਵੇਂ ਕਿ ਹੜ੍ਹ ਕਾਰਨ ਹੋਇਆ ਹੈ।
ਜਾਖੜ ਨੇ ਕਿਹਾ ਕਿ ਕੇਂਦਰ ਸਰਕਾਰ ਪਹਿਲਾਂ ਹੀ 218 ਕਰੋੜ ਰੁਪਏ ਭੇਜ ਚੁੱਕੀ ਹੈ। ਫ਼ਿਲਹਾਲ ਗਿਰਦਾਵਰੀ ਨਹੀਂ ਹੋਵੇਗੀ, ਕਿਉਂਕਿ ਸੇਮ ਦੀ ਸਥਿਤੀ ਬਣੀ ਹੋਈ ਹੈ। ਇਸ ਕਾਰਨ ਅਗਲੀ ਫ਼ਸਲ ਦੀ ਬਿਜਾਈ ਸੰਭਵ ਨਹੀਂ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਪਨੀਰੀ ਦੀ ਸਪਲਾਈ ਸਬੰਧੀ ਰਾਜਪਾਲ ਨੂੰ ਦਿੱਤੀ ਗਈ ਰਿਪੋਰਟ ਬਿਲਕੁਲ ਝੂਠੀ ਹੈ। ਇਸ ਰਿਪੋਰਟ ਵਿੱਚ ਸੂਬਾ ਸਰਕਾਰ ਵੱਲੋਂ ਪਟਿਆਲਾ-ਜਲੰਧਰ ਵਿੱਚ ਕਈ ਹਜ਼ਾਰ ਏਕੜ ਰਕਬੇ ਵਿੱਚ ਪਨੀਰੀ ਮੁਹੱਈਆ ਕਰਵਾਉਣ ਦੀ ਗੱਲ ਕੀਤੀ ਗਈ ਹੈ, ਜਦਕਿ ਲੋਕ ਆਪਣੇ ਪੱਧਰ ’ਤੇ ਪਨੀਰੀ ਦਾ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ।
ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਅੜੀਅਲ ਰਵੱਈਏ ਅਤੇ ਵਿਧਾਇਕਾਂ ਦੇ ਹੰਕਾਰ ਕਾਰਨ ਸਰਕਾਰੀ ਮੁਲਾਜ਼ਮਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਕਾਰਨ ਮਾਲ ਵਿਭਾਗ ਅਤੇ ਡੀ ਸੀ ਮੁਲਾਜ਼ਮ ਧਰਨੇ ’ਤੇ ਬੈਠ ਗਏ। ਇਸ ਸਬੰਧੀ ਰਾਜਪਾਲ ਨੂੰ ਸਰਕਾਰ ਨੂੰ ਸਖ਼ਤ ਹਦਾਇਤਾਂ ਦੇਣ ਦੀ ਅਪੀਲ ਕੀਤੀ ਗਈ ਹੈ।
ਇਸ ਮਾਮਲੇ ਨੂੰ ਲੈ ਕੇ ਭਾਜਪਾ ਦਾ ਵਫ਼ਦ ਰਾਜਪਾਲ ਕੋਲ ਜਾਵੇਗਾ। ਇਹੀ ਕਾਰਨ ਹੈ ਕਿ ‘ਆਪ’ ਵਿਧਾਇਕ ਦਿਨੇਸ਼ ਚੱਢਾ ਨੂੰ ਮੁਲਾਜ਼ਮਾਂ ਤੋਂ ਮੁਆਫ਼ੀ ਮੰਗਣੀ ਪਈ। ਇਹ ਲੋਕਤੰਤਰ ਦੀ ਜਿੱਤ ਹੈ, ਜਿਸ ਕਾਰਨ ਵਿਧਾਇਕ ਨੂੰ ਝੁਕਣਾ ਪਿਆ। ਉਨ੍ਹਾਂ ਆਸ ਪ੍ਰਗਟਾਈ ਕਿ ਰਾਜਪਾਲ ਹੜ੍ਹਾਂ ਦੀ ਸੰਭਾਵਨਾ ਕਾਰਨ ਅਗਾਊਂ ਪ੍ਰਬੰਧ ਨਾ ਕਰਨ ਲਈ ਸੂਬਾ ਸਰਕਾਰ ਤੋਂ ਸਵਾਲ ਕਰਨਗੇ।
ਜਾਖੜ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੀ ਬਦੌਲਤ ਹੀ ਮਦਦ ਆਮ ਲੋਕਾਂ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਸੀ ਐੱਮ ਭਗਵੰਤ ਮਾਨ ਨੇ ਇੱਕ-ਇੱਕ ਪੈਸਾ ਦੇਣ ਦੀ ਗੱਲ ਕੀਤੀ ਸੀ। ਸਰਕਾਰ ਵੱਲੋਂ 2 ਦਿਨ ਪਹਿਲਾਂ ਗਿਰਦਾਵਰੀ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਕੁਝ ਇਲਾਕਿਆਂ ‘ਚ ਪਾਣੀ ਭਰ ਗਿਆ ਅਤੇ ਕੁਝ ਇਲਾਕਿਆਂ ‘ਚ 6 ਮਹੀਨੇ ਬਾਅਦ ਵੀ ਅਸਰ ਖ਼ਤਮ ਨਹੀਂ ਹੋਇਆ। ਜਾਖੜ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੇ ਖੇਤਰਾਂ ਦੇ ਲੋਕਾਂ ਦੀ ਤੁਰੰਤ ਸਹਾਇਤਾ ਕੀਤੀ ਜਾਵੇ।