‘ਦ ਖ਼ਾਲਸ ਟੀਵੀ ਬਿਊਰੋ:- ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਦਿੱਲੀ ਕਾਂਗਰਸ ਵਿੱਚ 1984 ਦੰਗਿਆਂ ਦੇ ਮੁਲਜ਼ਮ ਜਗਦੀਸ਼ ਟਾਈਟਲਰ ਦੀ ਨਿਯੁਕਤੀ ਬੇਹੱਦ ਸੰਵੇਦਨਸ਼ੀਲ ਮੁੱਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਸੀਨੀਅਰ ਲੀਡਰ ਅੰਬਿਕਾ ਸੋਨੀ ਰਾਹੁਲ ਗਾਂਧੀ ਨਾਲ ਲਗਾਤਾਰ ਬੈਠਕਾਂ ਕਰ ਰਹੇ ਹਨ ਤਾਂ ਇਹ ਹੋ ਸਕਦਾ ਹੈ ਕਿ ਜਗਦੀਸ਼ ਟਾਈਟਲਰ ਵਰਗੇ ਸੰਵੇਦਨਸ਼ੀਲ ਮੁੱਦੇ ਉੱਤੇ ਫੈਸਲਾ ਕਰਨ ਤੋਂ ਪਹਿਲਾਂ ਪੱਕੇ ਤੌਰ ਉਤੇ ਦੋਵਾਂ ਨੂੰ ਭਰੋਸੇ ਵਿੱਚ ਲਿਆ ਗਿਆ ਹੋਵੇਗਾ।

ਜਾਖੜ ਨੇ ਕਿਹਾ ਹੈ ਕਿ ਸੋਨੀ ਤੇ ਚੰਨੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਦੋਵਾਂ ਤੋਂ ਹਾਈਕਮਾਨ ਨੇ ਕੀ ਸਲਾਹ ਲਈ ਸੀ। ਪੰਜਾਬ ਦੇ ਅਹਿਮ ਫੈਸਲਿਆਂ ਵਿੱਚ ਇਨ੍ਹੀਂ ਦਿਨੀਂ ਅੰਬਿਕਾ ਸੋਨੀ ਦਾ ਲਗਾਤਾਰ ਦਖਲ ਬਰਕਰਾਰ ਹੈ।

ਪੰਜਾਬ ਦੇ ਕਈ ਕਾਂਗਰਸੀ ਨੇਤਾ ਤਾਂ ਉਨ੍ਹਾਂ ਨੂੰ ਅਣਐਲਾਨਿਆਂ ਪੰਜਾਬ ਦਾ ਇੰਚਾਰਜ ਮੰਨਣ ਲੱਗੇ ਹਨ, ਕਿਉਂ ਕਿ ਕੈਪਟਨ ਤੋਂ ਬਾਅਦ ਮੁੱਖ ਮੰਤਰੀ ਦੀ ਨਿਯੁਕਤੀ ਦੇ ਸਮੇਂ ਉਨ੍ਹਾਂ ਨਾਲ ਕਾਫੀ ਸਲਾਹ ਮਸ਼ਵਰਾ ਕੀਤਾ ਗਿਆ ਸੀ।

ਉੱਧਰ, ਇਸੇ ਮਸਲੇ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵਲੋਂ 1984 ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਨੂੰ ਕਾਂਗਰਸ ਪਾਰਟੀ ਵਿਚ ਨਿਯੁਕਤੀ ਦੇਣ ਦੇ ਸਬੰਧ ਵਿਚ ਸੁਨੀਲ ਜਾਖੜ ਨੇ ਜੋ ਸਵਾਲ ਚੁੱਕੇ ਹਨ, ਉਹ ਬੜੇ ਗੰਭੀਰ ਹਨ।
ਚੀਮਾ ਨੇ ਕਿਹਾ ਕਿ ਸੀਐਮ ਚੰਨੀ ਤੇ ਅੰਬਿਕਾ ਸੋਨੀ ਰਾਹੁਲ ਗਾਂਧੀ ਨਾਲ ਲਗਾਤਾਰ ਮੀਟਿੰਗਾਂ ਕਰਦੇ ਰਹੇ ਹਨ ਤੇ ਟਾਈਟਲਰ ਦੀ ਇਹ ਨਿਯੁਕਤੀ ਇਨ੍ਹਾਂ ਮੀਟਿੰਗਾਂ ਤੋਂ ਬਾਅਦ ਹੀ ਹੋਈ ਹੈ। ਹਾਲਾਂਕਿ ਜਾਖੜ ਪਰਿਵਾਰ ਦਾ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੌਰਾਨ ਕੋਈ ਰੋਲ ਚੰਗਾ ਨਹੀਂ ਰਿਹਾ ਹੈ। ਫਿਰ ਵੀ ਇਹ ਸਵਾਲ ਗੰਭੀਰ ਹਨ ਤੇ ਅੰਬਿਕਾ ਸੋਨੀ ਤੇ ਚੰਨੀ ਨੇ ਹਾਮੀ ਕਿਉਂ ਭਰੀ ਹੈ, ਇਸਦਾ ਸਪਸ਼ਟੀਕਰਨ ਦੇਣਾ ਬਣਦਾ ਹੈ।