India

ਹਰਿਆਣਾ ’ਚ ਗਰਮੀ ਨੇ ਤੋੜਿਆ 26 ਸਾਲਾਂ ਦਾ ਰਿਕਾਰਡ! ਸਾਰੇ ਸਕੂਲਾਂ ’ਚ ਛੁੱਟੀਆਂ

ਗਵਾਂਢੀ ਸੂਬੇ ਹਰਿਆਣਾ ਵਿੱਚ ਰਿਕਾਰਡਤੋੜ ਗਰਮੀ ਪੈ ਰਹੀ ਹੈ। ਸਿਰਸਾ ਦਾ ਤਾਪਮਾਨ 48.4 ਡਿਗਰੀ ਤੱਕ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ 26 ਮਈ 1998 ਨੂੰ ਹਿਸਾਰ ਦਾ ਤਾਪਮਾਨ 48.8 ਡਿਗਰੀ ਦਰਜ ਕੀਤਾ ਗਿਆ ਸੀ। 26 ਸਾਲਾਂ ਬਾਅਦ ਇਸ ਵਾਰ ਮਈ ਮਹੀਨਾ ਸਭ ਤੋਂ ਜ਼ਿਆਦਾ ਗਰਮ ਰਿਹਾ ਹੈ। ਇਸ ਅੱਤ ਦੀ ਗਰਮੀ ਨੂੰ ਵੇਖਦਿਆਂ ਸਿੱਖਿਆ ਵਿਭਾਗ ਨੇ ਹਰਿਆਣਾ ਦੇ ਸਾਰੇ ਸਕੂਲਾਂ ਵਿੱਚ 30 ਜੂਨ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ।

ਸੂਬੇ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 5.1 ਡਿਗਰੀ ਵੱਧ ਗਿਆ ਹੈ। ਪਿਛਲੇ 24 ਘੰਟਿਆਂ ’ਚ ਦਿਨ ਦੇ ਤਾਪਮਾਨ ’ਚ 1.6 ਡਿਗਰੀ ਦਾ ਵਾਧਾ ਹੋਇਆ ਹੈ। ਨਾਰਨੌਲ ਵਿੱਚ ਦਿਨ ਦਾ ਤਾਪਮਾਨ ਆਮ ਨਾਲੋਂ 6.3 ਡਿਗਰੀ ਵੱਧ ਹੈ। ਜਦਕਿ ਰੋਹਤਕ ਵਿੱਚ ਤਾਪਮਾਨ 5.8 ਡਿਗਰੀ ਤੇ ਅੰਬਾਲਾ ਵਿੱਚ 5.6 ਡਿਗਰੀ ਵਧ ਗਿਆ ਹੈ।

ਹਰਿਆਣਾ ਵਿੱਚ ਮਈ ਮਹੀਨੇ ਵਿੱਚ ਆਮ ਨਾਲੋਂ 71 ਫੀਸਦੀ ਘੱਟ ਮੀਂਹ ਪਿਆ ਹੈ ਤੇ ਮੀਂਹ ਦੀ ਸੰਭਾਵਨਾ ਵੀ ਘੱਟ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਅਗਲੇ 4 ਦਿਨਾਂ ’ਚ ਰਾਤ ਨੂੰ ਵੀ ਪਾਰਾ ਵਧ ਸਕਦਾ ਹੈ। ਦਿਨ ਦੇ ਤਾਪਮਾਨ ਵਿੱਚ ਹੋਰ ਵਾਧਾ ਹੋ ਸਕਦਾ ਹੈ। ਪਰ 30 ਮਈ ਨੂੰ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।