Punjab

ਸੁਮੇਧ ਸੈਣੀ ਨੂੰ ਅੱਜ ਫਿਰ 11 ਵਜੇ ਪੁਲੀਸ ਟੀਮ ਨੇ ਸੱਦਿਆ

‘ਦ ਖ਼ਾਲਸ ਬਿਊਰੋ ( ਮੁਹਾਲੀ ) :- ਮੁਹਾਲੀ ਪੁਲੀਸ ਵੱਲੋਂ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਤੇ ਕਤਲ ਕੇਸ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ DGP ਸੁਮੇਧ ਸੈਣੀ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਕੱਲ੍ਹ ਦੂਜਾ ਨੋਟਿਸ ਜਾਰੀ ਕੀਤਾ ਗਿਆ ਹੈ। ਥਾਣਾ ਮਟੌਰ ਦੇ SHO ਦੇ ਦਸਤਖ਼ਤਾਂ ਹੇਠ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਸਾਫ ਤੌਰ ‘ਤੇ ਇਹ ਲਿਖਿਆ ਹੈ ਕਿ ਸੈਣੀ ਨੂੰ 28 ਸਤੰਬਰ ਯਾਨਿ ਕਿ ਅੱਜ ਸਵੇਰੇ 11 ਵਜੇ ਮਟੌਰ ਥਾਣੇ ਵਿੱਚ ਵਿਸ਼ੇਸ਼ ਜਾਂਚ ਟੀਮ (ਸਿਟ) ਕੋਲ ਤਫ਼ਤੀਸ਼ ਵਿੱਚ ਸ਼ਾਮਲ ਹੋਣਾ ਹੈ।

ਥਾਣਾ ਮੁਖੀ ਨੇ ਖ਼ੁਦ ਸੈਣੀ ਦੀ ਕੋਠੀ ਦੇ ਬਾਹਰ ਮੁੱਖ ਗੇਟ ’ਤੇ ਨੋਟਿਸ ਚਿਪਕਾਇਆ ਹੈ। ਇੰਜ ਹੀ ਸਾਬਕਾ DGP ਦੀ ਦਿੱਲੀ ਵਾਲੀ ਕੋਠੀ ਦੇ ਬਾਹਰ ਵੀ ਨੋਟਿਸ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਸੈਣੀ ਦੇ ਵਕੀਲਾਂ ਨੂੰ ਵੀ ਵਸਟਐਪ ’ਤੇ ਨੋਟਿਸ ਦੀ ਕਾਪੀ ਭੇਜੀ ਗਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਪੁਲੀਸ ਨੇ ਬੀਤੀ 21 ਸਤੰਬਰ ਨੂੰ ਸੈਣੀ ਅਜਿਹਾ ਹੀ ਨੋਟਿਸ ਭੇਜ ਕੇ ਉਸ ਨੂੰ 23 ਸਤੰਬਰ ਨੂੰ ਸਿਟ ਦੇ ਸਾਹਮਣੇ ਪੇਸ਼ ਹੋਣ ਲਈ ਆਖਿਆ ਗਿਆ ਸੀ, ਪਰ ਉਹ ਉਸ ਦਿਨ ਥਾਣੇ ਨਹੀਂ ਪਹੁੰਚੇ।

ਸੁਪਰੀਮ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਆਰਜ਼ੀ ਰੋਕ ਲਗਾਉਂਦਿਆਂ ਉਸ ਨੂੰ ਪੁਲੀਸ ਜਾਂਚ ਵਿੱਚ ਸਹਿਯੋਗ ਦੇਣ ਲਈ ਕਿਹਾ ਸੀ। ਸਰਕਾਰੀ ਵਕੀਲ ਪਹਿਲਾਂ ਹੀ ਇਹ ਗੱਲ ਆਖ ਚੁੱਕੇ ਹਨ, ਕਿ ਜੇਕਰ ਸਾਬਕਾ DGP ਜਾਂਚ ਵਿੱਚ ਸ਼ਾਮਲ ਹੋਣ ਲਈ ਪੁਲੀਸ ਕੋਲ ਪੇਸ਼ ਨਹੀਂ ਹੁੰਦੇ ਹਨ ਤਾਂ ਉਸ ਨੂੰ ਤੀਜੀ ਵਾਰ ਆਖ਼ਰੀ ਸੰਮਨ ਭੇਜਿਆ ਜਾਵੇਗਾ। ਜੇਕਰ ਉਹ ਫਿਰ ਵੀ ਜਾਂਚ ’ਚ ਸ਼ਾਮਲ ਨਾ ਹੋਏ ਤਾਂ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕਰਕੇ ਸੈਣੀ ਦੀ ਗ੍ਰਿਫ਼ਤਾਰੀ ’ਤੇ ਲਗਾਈ ਗਈ ਆਰਜ਼ੀ ਰੋਕ ਹਟਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮਾਮਲੇ ’ਚ ਸੁਪਰੀਮ ਕੋਰਟ ਵਿੱਚ ਅਗਲੀ ਸੁਣਵਾਈ 27 ਅਕਤੂਬਰ ਨੂੰ ਹੈ।