Punjab

ਫਿਰ ਥਾਣੇ ‘ਚ ਆ ਗਈ ਸੁਮੇਧ ਸੈਣੀ ਦੀ ‘ਬੋਤੀ ਬੋਹੜ ਥੱਲੇ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਹਿੰਦੇ ਨੇ ਸਮਾਂ ਕਦੇ ਇੱਕੋ ਜਿਹਾ ਨਹੀਂ ਰਹਿੰਦਾ ਤੇ ਸਾਡਾ ਕੀਤਾ ਕਰਾਇਆ, ਚੰਗਾ-ਮਾੜਾ ਇਕ ਵਾਰ ਤਾਂ ਜ਼ਰੂਰ ਸਾਰਿਆਂ ਦੇ ਸਾਹਮਣੇ ਆਉਂਦਾ ਹੈ।ਪੁਲਿਸ ਮੁਖੀ ਹੁੰਦਿਆਂ ਸੁਮੇਧ ਸੈਣੀ ਦੀ ਤੂਤੀ ਬੋਲਦੀ ਸੀ, ਪਰ ਬੀਤੇ ਬੁੱਧਵਾਰ ਦੀ ਰਾਤ ਨੂੰ ਜੋ ਸੈਣੀ ਨੇ ਦੇਹ ਉੱਤੇ ਹੰਢਾਇਆ ਹੈ, ਉਹ ਸ਼ਾਇਦ ਹੀ ਉਸਦੇ ਚਿੱਤ ਚੇਤੇ ਹੋਵੇ। ਉਸਨੂੰ ਰਾਤ ਸਮੇਂ ਦਰੀ ਉੱਤੇ ਬੈਠਣਾ ਪਿਆ ਤੇ ਸਾਰੀ ਰਾਤ ਉਸਲਵੱਟੇ ਲੈਂਦਿਆਂ ਕੱਟਣੀ ਪਈ।

ਇੱਥੇ ਖਾਸ ਗੱਲ ਇਹ ਰਹੀ ਕਿ ਸੈਣੀ ਦੇ ਵਿਜੀਲੈਂਸ ਚੀਫ ਹੁੰਦਿਆਂ ਜਿਹੜਾ ਉਸਨੂੰ ਪਾਣੀ ਪਿਲਾਉਣ ਦਾ ਕੰਮ ਕਰਦਾ ਸੀ, ਉਸੇ ਹੌਲਦਾਰ ਨੇ ਸੈਣੀ ਨੂੰ ਲੌਕਅਪ ਵਿੱਚ ਬੰਦ ਕਰਨ ਤੋਂ ਪਹਿਲਾਂ ਪੁੱਛਿਆ ਕਿ ਤੁਹਾਡੀ ਜੇਬ੍ਹ ਵਿੱਚ ਜੋ ਕੁੱਝ ਵੀ ਹੈ, ਕੱਢ ਦਿਓ।ਹਾਲਾਂਕਿ ਸੈਣੀ ਦੀ ਜੇਬ੍ਹ ਵਿੱਚੋਂ ਇਕ ਸਿਗਰਟ ਦੀ ਡਿੱਬੀ ਸੀ, ਜਿਸਨੂੰ ਸੈਣੀ ਅੰਦਰ ਲੈ ਕੇ ਜਾਣਾ ਚਾਹੁੰਦਾ ਸੀ ਪਰ ਉਸਨੂੰ ਮਨ੍ਹਾਂ ਕਰ ਦਿੱਤਾ ਗਿਆ।

ਦੱਸਿਆ ਗਿਆ ਕਿ ਪੈਂਟ ਸ਼ਰਟ ਪਾ ਕੇ ਆਏ ਸੈਣੀ ਨੇ ਰਾਤ ਨੂੰ ਕੁੜਤਾ ਪਜਾਮਾ ਮੰਗਿਆ ਤੇ ਲੌਕਅਪ ਦੇ ਅੰਦਰੋਂ ਹੀ ਚਾਹ ਵੀ ਮੰਗੀ।ਸੈਣੀ ਨੇ ਕਿਹਾ ਕਿ ਪੁਲਿਸ ਇਹ ਥੋੜ੍ਹਾ ਕਹਿੰਦੀ ਹੈ ਕਿ ਕਿਸੇ ਨੂੰ ਚਾਹ ਪਾਣੀ ਹੀ ਨਾ ਪੁੱਛੋ।ਹਾਲਾਂਕਿ ਲੌਕਅਪ ਵਿੱਚ ਸੈਣੀ ਦੀ ਰਾਤ ਤੋਂ ਬਾਅਦ ਸਵੇਰ ਦੇਖੀਏ ਤਾਂ ਸੈਣੀ ਨੇ ਬਟਰ ਬਰੈੱਡ ਖਾ ਕੇ ਰੋਜਾਨਾ ਖਾਣ ਵਾਲੀ ਆਪਣੀ ਦਵਾਈ ਵੀ ਖਾਧੀ ਤੇ ਚਿਹਰੇ ਉੱਤੇ ਚਿੰਤਾਂ ਦੀਆਂ ਲਕੀਰਾਂ ਸੈਣੀ ਦੇ ਨਾਲ-ਨਾਲ ਰਹੀਆਂ।ਵਿਜੀਲੈਂਸ ਨੇ ਸਵਾਲ ਕੀਤੇ ਤਾਂ ਸੁਮੇਧ ਸੈਣੀ ਨੇ 4 ਘੰਟਿਆਂ ‘ਚ ਪੰਜ ਵਾਰ ਪਾਣੀ ਪੀਤਾ।

ਪੂਰੀ ਰਾਤ ਨਾ ਸੈਣੀ ਕੁੱਝ ਖਾ ਸਕਿਆ ਤੇ ਨਾ ਹੀ ਸੌਂ ਸਕਿਆ।ਸੈਣੀ ਨੂੰ ਲੌਕਅਪ ਵਿੱਚ ਦੇਖ ਕੇ ਜਦੋਂ ਪੁਲਿਸ ਮੁਲਾਜ਼ਮ ਫੋਟੋਆਂ ਕਰਨ ਲੱਗੇ ਤਾਂ ਸੈਣੀ ਅੰਦਰੋਂ ਹੀ ਬੋਲ ਪਿਆ ਕਿ ਤੁਸੀਂ ਉਪਰਲੇ ਅਫਸਰਾਂ ਨੂੰ ਖੁਸ਼ ਕਰਨ ਖਾਤਿਰ ਇਹ ਸਭ ਕਰ ਰਹੇ ਹੋ।