Punjab

ਇੱਕ ਮਾਂ ਦੀ ਹਰਕਤ ਨੇ ਦਿਲ ਨੂੰ ਹਿੱਲਾ ਦਿੱਤਾ !

ਬਿਊਰੋ ਰਿਪੋਰਟ : ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਤੋਂ ਜਿਹੜੀ ਖ਼ਬਰ ਆਈ ਹੈ, ਉਸ ਨੇ ਦਿਲ ਨੂੰ ਝੰਜੋੜ ਦਿੱਤਾ ਹੈ । ਸੁੰਨੀ ਗੋਦ ਵਾਲੀਆਂ ਲੱਖਾਂ ਮਾਵਾਂ ਹਰ ਰੋਜ਼ ਪਤਾ ਨਹੀਂ ਔਲਾਦ ਦੀ ਚਾਹਤ ਲਈ ਕਿੰਨਾ ਤੜਪਦੀਆਂ ਹਨ ਪਰ ਇੱਕ ਮਾਂ ਨੇ ਆਪਣੇ ਨਵ- ਜਨਮੇ ਬੱਚੇ ਨੂੰ ਹਸਪਤਾਲ ਦੇ ਬਾਥਰੂਮ ਵਿੱਚ ਦਰਦਨਾਕ ਮੌਤ ਦਿੱਤੀ ਹੈ। ਇਸ ਦੇ ਵਿੱਚ ਉਸ ਦੀ ਮਾਂ ਪਿਤਾ ਅਤੇ ਡਾਕਟਰ ਵੀ ਸ਼ਾਮਲ ਸੀ । ਜਿਨ੍ਹਾਂ ਨੇ ਮਿਲ ਕੇ ਜਨਮ ਤੋਂ ਪਹਿਲਾਂ ਹੀ ਬੱਚੇ ਨੂੰ ਖ਼ਤਮ ਕਰਨ ਦੀ ਪਲਾਨਿੰਗ ਤਿਆਰ ਕੀਤੀ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਏ ਪਰ ਹੁਣ ਸਾਰਿਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

14 ਅਗਸਤ ਦੀ ਸਵੇਰ ਤਕਰੀਬਨ 2 ਵਜੇ ਸੁਲਤਾਨਪੁਰ ਲੋਧੀ ਦੇ ਹਸਪਤਾਲ ਵਿੱਚ ਤਾਇਨਾਤ ਸਫ਼ਾਈ ਸੇਵਕ ਬਲਜੀਤ ਕੌਰ ਨੂੰ ਇਤਲਾਹ ਮਿਲੀ ਕਿ ਹਸਪਤਾਲ ਦੇ ਟਾਇਲਟ ਦੇ ਬਕਸੇ ਵਿੱਚ ਨਵ- ਜਨਮੇ ਬੱਚੇ ਦੀ ਮ੍ਰਿਤਕ ਦੇਹ ਮਿਲੀ ਹੈ । ਜਿਸ ਨੂੰ ਬਾਹਰ ਕੱਢ ਕੇ ਲੇਬਰ ਰੂਮ ਵਿੱਚ ਰੱਖ ਕੇ CMO ਨੂੰ ਜਾਣਕਾਰੀ ਦਿੱਤੀ ਗਈ।

ਮੈਡੀਕਲ ਅਫ਼ਸਰ ਮਨਦੀਪ ਕੌਰ ਦੀ ਸ਼ਿਕਾਇਤ ‘ਤੇ ਪੁਲਿਸ ਨੂੰ ਦੱਸਿਆ ਕਿ ਸਟਾਫ਼ ਤੋਂ ਪਤਾ ਚੱਲਿਆ ਹੈ ਕਿ ਨਵ- ਜਨਮੇ ਬੱਚੇ ਨੂੰ ਅੰਜਲੀ ਨਾਂ ਦੀ ਕੁੜੀ ਨੇ ਜਨਮ ਦਿੱਤਾ ਸੀ ਉਹ ਆਪਣੀ ਮਾਂ ਮਨਜੀਤ ਕੌਰ ਪਿਤਾ ਬਲਵਿੰਦਰ ਸਿੰਘ ਅਤੇ ਡਾਕਟਰ ਮੰਗਤ ਰਾਮ ਨਾਲ ਹਸਪਤਾਲ ਵਿੱਚ ਆਈ ਸੀ । ਇਹ ਸਾਰੇ ਪਿੰਡ ਮਿਆਨੀ ਬਹਾਦਰ ਦੇ ਰਹਿਣ ਵਾਲੇ ਸਨ । ਅੰਜਲੀ ਦੇ ਮਾਪਿਆਂ ਅਤੇ ਡਾਕਟਰ ਨੇ ਸਟਾਫ਼ ਮੈਂਬਰ ਖੁਸ਼ਪ੍ਰੀਤ ਸਿੰਘ ਨੂੰ ਦੱਸਿਆ ਕਿ ਕੁੜੀ ਦੇ ਪੇਟ ਵਿੱਚ ਦਰਦ ਹੈ । ਇਸ ਨੂੰ RMP ਡਾਕਟਰ ਨੇ ਦਰਦ ਦਾ ਟੀਕਾ ਲਗਾਉਣ ਨੂੰ ਕਿਹਾ ਹੈ।

ਸਟਾਫ਼ ਦੇ ਮੈਂਬਰ ਖੁਸ਼ਪ੍ਰੀਤ ਸਿੰਘ ਨੇ ਕੁੜੀ ਨੂੰ ਟੀਕਾ ਲਗਵਾਉਣ ਦੇ ਲਈ ਬੁਲਾਇਆ ਤਾਂ ਕੁੜੀ ਨੂੰ RMP ਡਾਕਟਰ ਮੰਗਤ ਰਾਮ ਆਪਣੇ ਨਾਲ ਬਾਥਰੂਮ ਵਿੱਚ ਲੈ ਗਿਆ । ਕੁਝ ਮਿੰਟਾਂ ਬਾਅਦ ਜਦੋਂ ਵਾਪਸ ਆਏ ਤਾਂ ਸਟਾਫ਼ ਖੁਸ਼ਪ੍ਰੀਤ ਤੋਂ ਦਰਦ ਦੀ ਦਵਾਈ ਲੈ ਕੇ ਵਾਪਸ ਚੱਲੇ ਗਏ। ਸ਼ਿਕਾਇਤਕਰਤਾ ਨੇ ਸ਼ੱਕ ਜ਼ਾਹਿਰ ਕਰਦੇ ਹੋਏ ਪੁਲਿਸ ਨੂੰ ਦੱਸਿਆ ਕਿ ਇਨ੍ਹਾਂ ਸਾਰੇ ਲੋਕਾਂ ਨੇ ਸਲਾਹ ਕਰਕੇ ਜ਼ਿੰਦਾ ਬੱਚੇ ਨੂੰ ਢਿੱਡ ਵਿੱਚ ਮਾਰ ਦਿੱਤਾ ਅਤੇ ਉਸ ਨੂੰ ਪੈਦਾ ਕਰਵਾਉਣ ਦੇ ਬਹਾਨੇ ਹਸਪਤਾਲ ਲੈ ਕੇ ਆਏ ਸਨ ।

ਸੁਲਤਾਨਪੁਰ ਲੋਧੀ ਪੁਲਿਸ ਨੇ ਜਾਂਚ ਅਧਿਕਾਰੀ ਬਲਵੀਰ ਸਿੰਘ ਨੇ ਮੈਡੀਕਲ ਅਫ਼ਸਰ ਮਨਦੀਪ ਕੌਰ ਦੀ ਸ਼ਿਕਾਇਤ ‘ਤੇ RMP ਡਾਕਟਰ ਸਮੇਤ 4 ਮੁਲਜ਼ਮਾਂ ਦੇ ਖ਼ਿਲਾਫ਼ FIR ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ।