Punjab

ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬੇ ਅਦਬੀ ਦਾ ਦਰਦ ਨਹੀਂ !

‘ਦ ਖ਼ਾਲਸ ਬਿਊਰੋ :- ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀਵਾਲਾ ਦੇ ਪੁੱਤਰ ਅਤੇ ਬਹਿਬਲਕਲਾਂ ਮੋਰਚੇ ਦੇ ਆਗੂ ਭਾਈ ਸੁਖਰਾਜ ਸਿੰਘ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਹੈ ਕਿ ਉਹ ਇੱਕ ਸਿਆਸੀ ਪਾਰਟੀ ਦਾ ਮੋਹਰਾ ਬਣ ਕੇ ਰਹਿ ਗਏ ਹਨ। ਨਿਆਮੀਵਾਲਾ ਨੇ ਜਥੇਦਾਰ ਵੱਲੋਂ 16 ਅਗਸਤ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਵੇਲੇ ਦੀ ਵੰਡ ਮੌਕੇ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਰੱਖੇ ਗਏ ਅਰਦਾਸ ਸਮਾਗਮ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਨਿਆਮੀਵਾਲਾ ਨੇ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਧਿਰ ਨਾ ਹੋਣ ਕਰਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਥੇਦਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਦਰਦ ਨਹੀਂ ਹੈ ਕਿਉਂਕਿ ਸੱਤ ਸਾਲਾਂ ਵਿੱਚ ਬੇਅਦਬੀ ਮਾਮਲੇ ਉੱਤੇ ਇੱਕ ਵੀ ਸਪੀਚ ਨਹੀਂ ਦਿੱਤੀ। ਹੁਣ ਜਦੋਂ 16 ਅਗਸਤ ਨੂੰ ਬਹਿਬਲ ਕਲਾਂ ਵਿਖੇ ਅਗਲੀ ਰਣਨੀਤੀ ਦੇ ਲਈ ਇਕੱਠ ਸੱਦਿਆ ਗਿਆ ਹੈ ਤਾਂ ਜਥੇਦਾਰ ਨੂੰ ਪੰਜਾਬ ਦੀ 1947 ਦੀ ਵੰਡ ਯਾਦ ਆ ਗਈ ਹੈ। ਉਸ ਦਿਨ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਰੱਖ ਲਿਆ ਹੈ। ਜਥੇਦਾਰ ਨੂੰ ਇਹ ਦੁਖਾਂਤ 70-75 ਸਾਲ ਬਾਅਦ ਯਾਦ ਕਿਉਂ ਆ ਰਿਹਾ ਹੈ ਕਿਉਂਕਿ ਉਸ ਦਿਨ ਬਹਿਬਲ ਕਲਾਂ ਵਿਖੇ ਇਕੱਠ ਸੱਦਿਆ ਗਿਆ ਹੈ।

ਨਿਆਮੀਵਾਲਾ ਨੇ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਕਿੰਨੀ ਕੁ ਵਾਰ ਧਰਨੇ ਵਾਲੀ ਜਗ੍ਹਾ ਤੋਂ ਲੰਘ ਕੇ ਗਏ ਹਨ ਪਰ ਬੇਅਦਬੀ ਦਾ ਮੁੱਦਾ ਯਾਦ ਨਹੀਂ ਹੈ। ਜਥੇਦਾਰ ਨੇ ਹਥਿਆਰ ਰੱਖਣ ਦੀਆਂ ਸਪੀਚਾਂ ਤਾਂ ਦੇ ਦਿੱਤੀਆਂ ਹਨ ਪਰ ਕਰਦੇ ਕੁਝ ਨਹੀਂ। ਜਥੇਦਾਰ ਕੇਸਰੀ ਝੰਡੇ ਨਾਲੋਂ ਤਿਰੰਗੇ ਨੂੰ ਪਹਿਲ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਪਸ਼ਚਾਤਾਪ ਲਈ ਅਰਦਾਸ ਕਰਾਉਣ ਲਈ ਕਈ ਵਾਰ ਅਪੀਲ ਕੀਤੀ ਜਾ ਚੁੱਕੀ ਹੈ ਪਰ ਉਹ ਸੰਗਤਾਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ।

ਨਿਆਮੀਵਾਲਾ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਪੰਥ v/s ਸਟੇਟ, ਪੰਥ v/s ਸਿਸਟਮ ਕਰਕੇ ਚਲੋ ਤਾਂ ਹੀ ਤੁਹਾਨੂੰ ਪੰਜਾਬ ਦੇ ਮਸਲੇ ਹੱਲ ਮਿਲਣਗੇ। ਜੇ ਤੁਸੀਂ ਇਨ੍ਹਾਂ ਝੋਲੀ ਚੁੱਕ ਮਗਰ ਲੱਗੋਗੇ ਤਾਂ ਇਸ ਤੋਂ ਵੀ ਵੱਡਾ ਦੁਖਾਂਤ ਵਾਪਰੇਗਾ।

ਦਰਅਸਲ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ 15 ਅਗਸਤ 1947 ਨੂੰ ਸਾਂਝੇ ਪੰਜਾਬ ਦੇ ਹੋਏ ਦੋ ਟੁਕੜਿਆਂ ਦੀ ਘਟਨਾ ਨੂੰ ਯਾਦ ਕਰਦਿਆਂ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਨੂੰ ਭਾਰਤ ਅਤੇ ਪਾਕਿਸਤਾਨ ਦੀ ਵੰਡ ਵੇਲੇ ਭਾਰੀ ਕੀਮਤ ਚੁਕਾਉਣ ਵਾਲੇ ਲੋਕ ਜਿਨ੍ਹਾਂ ਨੇ ਆਪਣੇ ਘਰ-ਬਾਰ ਛੱਡੇ, ਦੀ ਯਾਦ ਵਿੱਚ 10 ਅਗਸਤ ਤੋਂ 16 ਅਗਸਤ ਤੱਕ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰਨ ਅਤੇ 10 ਮਿੰਟ ਮੂਲ ਮੰਤਰ, ਜਪੁਜੀ ਸਾਹਿਬ ਜੀ ਦਾ ਪਾਠ, ਸਿਮਰਨ ਕਰਨ ਦੀ ਅਪੀਲ ਕੀਤੀ।

16 ਅਗਸਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵੀ ਸਵੇਰੇ 9 ਵਜੇ ਅਰਦਾਸ ਕੀਤੀ ਜਾਵੇਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਰੇ ਲੋਕਾਂ ਨੂੰ 16 ਅਗਸਤ ਨੂੰ ਅਰਦਾਸ ਵਿੱਚ ਸ਼ਾਮਿਲ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚਣ ਦਾ ਸੱਦਾ ਦਿੱਤਾ ਹੈ। ਹਾਲਾਂਕਿ, ਨਿਆਮੀਵਾਲਾ ਨੇ ਲੋਕਾਂ ਨੂੰ 16 ਅਗਸਤ ਨੂੰ ਬਹਿਬਲ ਕਲਾਂ ਵਿਖੇ ਹੋ ਰਹੇ ਇਕੱਠ ਵਿੱਚ ਪਹੁੰਚਣ ਦਾ ਸੱਦਾ ਦਿੱਤਾ ਹੈ।