‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਹਿਬਲ ਕਲਾਂ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਸੁਖਰਾਜ ਸਿੰਘ ਨਿਆਮੀਵਾਲਾ ਨੇ ਮੋਰਚੇ ਬਾਰੇ ਥੋੜੀ ਜਾਣਕਾਰੀ ਅਤੇ ਹਦਾਇਤਾਂ ਦਿੰਦਿਆਂ ਕਿਹਾ ਕਿ ਇਹ ਮੋਰਚਾ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਹੈ, ਇਹ ਮੋਰਚਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਇਨਸਾਫ਼ ਦੇ ਲਈ ਚੱਲ ਰਿਹਾ ਹੈ। ਜੇ ਕੋਈ ਵੀ ਬੰਦਾ ਆਪਣੇ ਪੱਧਰ ਉੱਤੇ ਸਰਕਾਰ ਦੇ ਕਿਸੇ ਬੰਦੇ ਨਾਲ ਜਾ ਕੇ ਬੈਠ ਕੇ ਬੇਅਦਬੀ ਦੇ ਇਨਸਾਫ਼ ਦੀ ਗੱਲ ਕਰਦਾ ਹੈ, ਉਹ ਬੰਦਾ ਸਾਡੇ ਮੋਰਚੇ ਦਾ ਹਿੱਸਾ ਨਹੀਂ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮੋਰਚੇ ਵਿੱਚ ਹੀ ਆ ਕੇ ਗੱਲ ਕਰੇਗੀ। ਇਸ ਲਈ ਕੋਈ ਵੀ ਆਪਣੇ ਪੱਧਰ ਉੱਤੇ ਸਰਕਾਰ ਨਾਲ ਮੁਲਾਕਾਤ ਨਾ ਕਰੇ ਕਿਉਂਕਿ ਸਾਰਾ ਕੁਝ ਮੋਰਚੇ ਵਿੱਚ ਪਾਰਦਰਸ਼ੀ ਹੀ ਹੋਵੇਗਾ।
ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਦੀ ਵੰਡ ਵੇਲੇ ਵਿਛੜੇ ਲੋਕਾਂ ਦੀ ਯਾਦ ਵਿੱਚ ਕਰਵਾਏ ਗਏ ਅਰਦਾਸ ਸਮਾਗਮ ਬਾਰੇ ਨਿਆਮੀਵਾਲਾ ਨੇ ਪ੍ਰਤੀਕਰਮ ਦਿੰਦਿਆਂ ਜਥੇਦਾਰ ਨੂੰ ਅਪੀਲ ਕੀਤੀ ਕਿ ਇਹ ਅਰਦਾਸ ਸਮਾਗਮ ਵੀ 15 ਅਗਸਤ ਨੂੰ ਹੋਣਾ ਚਾਹੀਦਾ ਹੈ। ਅੱਜ ਦਾ ਪ੍ਰੋਗਰਾਮ ਤਾਂ ਤੁਸੀਂ ਪਹਿਲੀ ਵਾਰ ਦਿੱਤਾ ਹੈ ਉਹ ਵੀ ਤਾਂ ਕਰਕੇ ਕਿਉਂਕਿ ਅੱਜ ਇੱਥੇ ਵੀ ਪ੍ਰੋਗਰਾਮ ਰੱਖਿਆ ਗਿਆ ਸੀ।
ਨਿਆਮੀਵਾਲਾ ਨੇ ਪੈਸਿਆਂ ਬਾਰੇ ਵੀ ਬੋਲਦਿਆਂ ਕਿਹਾ ਕਿ ਇਸ ਮੋਰਚੇ ਵਿੱਚ ਪੈਸਾ ਜਾਂ ਹੋਰ ਕੋਈ ਨਿੱਜੀ ਵਿਵਾਦ ਕਦੇ ਨਹੀਂ ਆਵੇਗਾ। ਨਿਆਮੀਵਾਲਾ ਨੇ ਆਪਣੇ ਪਿਤਾ ਦੀ ਸ਼ਹਾਦਤ ਉੱਤੇ ਫਖਰ ਮਹਿਸੂਸ ਕਰਦਿਆਂ ਕਿਹਾ ਕਿ ਮੈਨੂੰ ਮਾਣ ਹਾਂ ਕਿ ਮੈਂ ਇੱਕ ਸ਼ਹੀਦ ਦਾ ਪੁੱਤਰ ਹਾਂ। ਅਖੀਰ ਉੱਤੇ ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਦੇ ਇਸ ਇਕੱਠ ਤੋਂ ਬਾਅਦ ਇਕੱਠ ਹੋਰ ਦੁੱਗਣੇ ਤਿੱਗਣੇ ਹੋਣਗੇ।