Punjab

6 ਜਨਵਰੀ ਨੂੰ ਬਰਗਾੜੀ ਬੇਅਦਬੀ ਮੋਰਚੇ ਤੋਂ ਹੋ ਸਕਦਾ ਹੈ ਆਰ-ਪਾਰ ਦੀ ਲੜਾਈ ਦਾ ਐਲਾਨ!

Bargadi morcha update

ਬਿਊਰੋ ਰਿਪੋਰਟ :  ਫਰੀਦਕੋਟ ਵਿੱਚ ਚੱਲ ਰਹੇ ਬਰਗਾੜੀ ਬੇਅਦਬੀ ਮੋਰਚੇ ਨੂੰ 1 ਸਾਲ 20 ਦਿਨ ਹੋ ਚੁੱਕੇ ਹਨ । ਸਰਕਾਰ ਬਦਲੇ ਹੋਏ ਵੀ 10 ਮਹੀਨੇ ਹੋ ਚੁੱਕੇ ਹਨ ਪਰ ਹੁਣ ਤੱਕ ਮੁਲਜ਼ਮਾਂ ਖਿਲਾਫ਼ ਕੋਈ ਕਾਰਵਾਈ ਨਹੀਂ ਹੋਈ ਹੈ। ਹੁਣ ਮੋਰਚੇ ਦੀ ਅਗਵਾਈ ਕਰ ਰਹੇ ਸੁਖਰਾਜ ਸਿੰਘ ਨੇ ਐਲਾਨ ਕੀਤਾ ਹੈ ਕਿ 6 ਜਨਵਰੀ ਨੂੰ ਸੰਗਤਾਂ ਦੇ ਇਕੱਠ ਦੌਰਾਨ ਵੱਡਾ ਫੈਸਲਾ ਲਿਆ ਜਾਵੇਗਾ। ਜਿਸ ਦੇ ਲਈ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਇਨਸਾਫ ਮੋਰਚ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਮੋਰਚੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜਾ ਮਨਾਉਣ ਦੇ ਲਈ 4 ਤੋਂ 6 ਜਨਵਰੀ ਤੱਕ ਅਖੰਡ ਪਾਠ ਹੋਵੇਗਾ। ਭੋਗ ਤੋਂ ਬਾਅਦ ਸੰਗਤਾਂ ਵਿੱਚ ਮੋਰਚੇ ਦੀ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੁਖਰਾਜ ਸਿੰਘ ਨੇ 7 ਤਰੀਕ ਨੂੰ ਚੰਡੀਗੜ੍ਹ ਵਿੱਚ ਲੱਗਣ ਵਾਲੇ ਮੋਰਚੇ ਨੂੰ ਪੂਰੀ ਹਿਮਾਇਤ ਦੇਣ ਦਾ ਫੈਸਲਾ ਲਿਆ ਹੈ । ਉਨ੍ਹਾਂ ਕਿਹਾ ਸਰਕਾਰਾਂ ਖਿਲਾਫ਼ ਲੜਾਈ ਲੜਨੀ ਹੈ ਤਾਂ ਸਾਰਿਆਂ ਨੂੰ ਸਿਰ ਜੋੜਨੇ ਪੈਣਗੇ।

ਇਸ ਤੋਂ ਪਹਿਲਾਂ 15 ਦਸੰਬਰ ਨੂੰ ਇਨਸਾਫ ਮੋਰਚੇ ਨੇ ਫਰੀਦਕੋਟ ਅਤੇ ਅੰਮ੍ਰਿਤਸਰ ਸੜਕ ਨੂੰ ਦੋਵਾਂ ਪਾਸੇ ਤੋਂ ਜਾਮ ਕਰ ਦਿੱਤਾ ਸੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜਦੋਂ ਤੱਕ ਮੁਲਜ਼ਮਾਂ ਖਿਲਾਫ਼ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਰਸਤਾ ਨਹੀਂ ਖੋਲਿਆ ਜਾਵੇਗਾ । ਪਰ ਸੋਸ਼ਲ ਮੀਡੀਆ ‘ਤੇ ਮੋਰਚੇ ਦੇ ਫੈਸਲੇ ਦੀ ਅਲੋਚਨਾ ਹੋਣ ਤੋਂ ਬਾਅਦ ਇਨਸਾਫ ਮੋਰਚੇ ਵੱਲੋਂ 4 ਦਿਨ ਬਾਅਦ ਹੀ ਰਸਤਾ ਖੋਲ ਦਿੱਤਾ ਗਿਆ ਸੀ । ਇਸ ਦੌਰਾਨ ਸੁਖਰਾਜ ਸਿੰਘ ਦੇ ਭਰਾ ਨੇ ਵੀ ਆਪਣਾ ਅਸਤੀਫਾ ਸਰਕਾਰ ਨੂੰ ਸੌਂਪ ਦਿੱਤਾ ਸੀ। ਪਿਤਾ ਦੀ ਮੌਤ ਤੋਂ ਬਾਅਦ ਸੁਖਰਾਜ ਸਿੰਘ ਦੇ ਭਰਾ ਨੂੰ ਸਰਕਾਰੀ ਨੌਕਰੀ ਮਿਲੀ ਸੀ । ਸੁਖਰਾਜ ਸਿੰਘ ਨੇ ਕਿਹਾ ਸੀ ਕਿ ਇਨਸਾਫ ਦੀ ਇਸ ਲੜਾਈ ਦੇ ਸਾਹਮਣੇ ਭਰਾ ਦੀ ਸਰਕਾਰੀ ਨੌਕਰੀ ਕੋਈ ਮਾਇਨੇ ਨਹੀਂ ਰੱਖ ਦੀ ਹੈ ।

ਅਕਤੂਬਰ ਮਹੀਨੇ ਵਿੱਚ ਪੰਜਾਬ ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਮੋਰਚੇ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਵਾਅਦਾ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ ਇਨਸਾਫ ਨਹੀਂ ਮਿਲਿਆ ਤਾਂ ਉਹ ਅਸਤੀਫਾ ਦੇਣਗੇ,ਪਰ ਇਹ ਸਮਾਂ ਵੀ ਗੁਜ਼ਰ ਗਿਆ ਨਾ ਹੀ ਇਨਸਾਫ ਮਿਲਿਆ ਅਤੇ ਨਾਂ ਹੀ ਕੁਲਤਾਰ ਸਿੰਘ ਸੰਧਵਾਂ ਨੇ ਅਸਤੀਫਾ ਦਿੱਤਾ । ਇਸ ਤੋਂ ਪਹਿਲਾਂ ਜਦੋਂ ਮਾਨ ਸਰਕਾਰ ਬਣੀ ਸੀ ਤਾਂ ਕਾਨੂੰਨ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੋਰਚੇ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਨੇ 1 ਮਹੀਨੇ ਦੇ ਅੰਦਰ ਠੋਕ ਕਾਰਵਾਈ ਦਾ ਭਰੋਸਾ ਦਿੱਤਾ ਸੀ ਪਰ ਹੁਣ ਤੱਕ ਸਿਰਫ਼ SIT ਦੀਆਂ ਟੀਮਾਂ ਜਾਂਚ ਹੀ ਕਰ ਰਹੀਆਂ ਹਨ। ਕਿਸੇ ਵੀ ਮੁਲਜ਼ਮ ਦੇ ਖਿਲਾਫ਼ ਕੋਈ ਠੋਕ ਕਾਰਵਾਈ ਨਹੀਂ ਹੋਈ ਹੈ ।