‘ਦ ਖਾਲਸ ਬਿਊਰੋ:-ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਸਿੱਖ ਅਫਸਰਾਂ ਨਾਲ ਵਿਤਕਰਾ ਕੀਤੇ ਜਾਣ ਦੇ ਇਲਜ਼ਾਮ ਲਾਏ ਹਨ। ਖਹਿਰਾ ਨੇ ਇਹ ਇਲਜ਼ਾਮ ਕੈਪਟਨ ਅਮਰਿੰਦਰ ਸਿੰਘ ਵੱਲੋਂ ਡੀ.ਜੀ.ਪੀ ਦਿਨਕਰ ਗੁਪਤਾ ਦੀ ਪਤਨੀ ਵਿਨੀ ਮਹਾਜਨ ਨੂੰ ਪੰਜਾਬ ਵਿਸ਼ੇਸ਼ ਸਕੱਤਰ ਦਾ ਆਹੁਦਾ ਦਿੱਤੇ ਜਾਣ ਤੋਂ ਬਾਅਦ ਲਗਾਏ ਹਨ।

 

ਸੁਖਪਾਲ ਸਿੰਘ ਖਹਿਰਾ ਨੇ ਤੱਥਾਂ ਦੇ ਅਧਾਰ ‘ਤੇ ਸਵਾਲ ਚੁੱਕਦਿਆ ਕਿਹਾ ਕਿ ਵਿਨੀ ਮਹਾਜਾਨ ਨੂੰ 5 ਚੋਟੀ ਦੇ ਸੀਨੀਅਰ IPS ਅਫਸਰਾਂ ਨੂੰ ਦਰ-ਕਿਨਾਰ ਕਰਕੇ ਅਹੁਦਾ ਦਿੱਤਾ ਗਿਆ ਹੈ। ਉਨ੍ਹਾਂ ਖਲਾਸਾ ਕੀਤਾ ਹੈ ਕਿ ਪੰਜਾਬ ਦੇ 10 ਹੋਰ ਵੱਡੇ ਅਹੁਦੇ ਗੈਰ-ਸਿੱਖ ਅਫਸਰਾਂ ਕੋਲ ਹਨ ਅਤੇ ਇਸ ਤੋਂ ਇਲਾਵਾ ਪੰਜਾਬ ਦੇ 22 ਜਿਲ੍ਹਿਆਂ ਦੇ DC ਵਿੱਚੋਂ 15 DC ਗੈਰ-ਸਿੱਖ ਹਨ। ਖਹਿਰਾ ਨੇ ਸਾਫ ਕਿਹਾ ਕਿ, ਜੇਕਰ ਪੰਜਾਬ ‘ਚ ਸਿੱਖ ਅਫਸਰਾਂ ਨੂੰ ਮੌਕਾਂ ਨਹੀਂ ਮਿਲਣਾ ਤਾਂ ਉਹਨਾਂ ਨੂੰ ਅਜਿਹਾ ਕੋਈ ਮੌਕਾਂ ਕੇਰਲਾ ਜਾਂ ਤਾਮਿਲਨਾਡੂ ‘ਚ ਤਾਂ ਨਹੀਂ ਮਿਲ ਸਕਦਾ। ਉਹਨਾਂ ਜਵਾਬ ਮੰਗਿਆ ਹੈ ਕਿ, ਅਜਿਹਾ ਸਿੱਖ ਅਫਸਰਾਂ ਨਾਲ ਹੀ ਕਿਉਂ? ਸੁਖਪਾਲ ਖਹਿਰਾ ਨੇ ਕਿਹਾ ਕਿ, ਅਸੀਂ ਕਿਸੇ ਜਾਤ-ਪਾਤ ਦੇ ਖਿਲਾਫ ਨਹੀਂ, ਸਾਡੇ ਕੋਲ ਇਕੋ ਹੀ ਸੂਬਾ ਹੈ।

 

ਸੁਖਪਾਲ ਖਹਿਰਾ ਨੇ ਦੋਸ਼ ਲਾਇਆ ਹੈ ਕਿ ਜਦੋ DGP ਦਿਨਕਰ ਗੁਪਤਾ ਨੂੰ ਅਹੁਦਾ ਦਿੱਤਾ ਗਿਆ ਸੀ ਉਦੋ ਵੀ ਪੰਜ ਸੀਨੀਅਰ IPS ਅਫਸਰਾਂ ਨੂੰ ਅੱਖੋਂ-ਓਹਲੇ ਕਰਕੇ ਹੀ ਆਹੁਦਾ ਦਿੱਤਾ ਗਿਆ ਸੀ। ਜਿਸ ਦਾ ਮੁਕੱਦਮਾ ਅੱਜ ਵੀ ਹਾਈਕੋਰਟ ਵਿੱਚ ਚੱਲ ਰਿਹਾ ਹੈ। ਖਹਿਰਾ ਨੇ ਕੈਪਟਨ ‘ਤੇ ਤਿੱਖੇ ਸ਼ਬਦਾਂ ਨਾਲ ਵਾਰ ਕਰਦਿਆਂ ਕਿਹਾ ਕਿ DGP ਦਿਨਕਰ ਗੁਪਤਾ ਨੂੰ 5 ਸੀਨੀਅਰ ਅਫਸਰਾਂ ਨੂੰ ਦਰ-ਕਿਨਾਰ ਕਰਕੇ ‘ਤੇ ਲਾਇਆ ਗਿਆ ਹੈ, ਤਾਂ ਕੀ ਅਜਿਹਾ ਕਰਨ ਨਾਲ ਪੰਜਾਬ ਅੰਦਰ ਕਰਾਇਮ ਘੱਟ ਗਿਆ ਹੈ?