‘ਦ ਖ਼ਾਲਸ ਬਿਊਰੋ :- ਅੱਜ ਸੁਖਪਾਲ ਸਿੰਘ ਖਹਿਰਾ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ ਗਿਆ ਹੈ। ਜਿਸ ‘ਚ ਖਹਿਰਾ ਨੇ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਭੁਲੱਥ ‘ਚ ਵਿਧਾਨ ਸਭਾ ਦੀਆ ਚਾਰੇ ਹਲਕੇ ਭੁਲੱਥ, ਬੇਗੋਵਾਲ, ਨਡਾਲਾ ਤੇ ਢਿਲਵਾਂ ‘ਚ ਹੋ ਰਹੀਆਂ ਨਗਰ ਪੰਚਾਇਤਾਂ ਦੇ ਪੱਖਪਾਤੀ ਰਵੱਈਏ ਦੀ ਜਾਣਕਾਰੀ ਦਿੱਤੀ ਹੈ।
ਖਹਿਰਾ ਨੇ ਪੱਤਰ ਰਾਹੀਂ ਕਾਂਗਰਸ ਸਰਕਾਰ ਵੱਲੋਂ ਹਲਕਾ ਭੁਲੱਥ ਦੀਆਂ ਚਾਰੇ ਨਗਰ ਪੰਚਾਇਤਾਂ ਭੁਲੱਥ, ਬੇਗੋਵਾਲ, ਨਡਾਲਾ ਤੇ ਢਿਲਵਾਂ ਨਾਲ ਕੀਤੇ ਜਾ ਰਹੇ ਪੱਖਪਾਤੀ ਰਵੱਈਏ ਨੂੰ ਕੈਪਟਨ ਦੇ ਧਿਆਨ ‘ਚ ਲਿਆਂਦਾ ਹੈ, ਜਿਸ ਕਾਰਨ ਇਹਨਾਂ ਕਸਬਿਆਂ ‘ਚ ਕਿਸੇ ਪ੍ਰਕਾਰ ਦਾ ਯੋਗ ਵਿਕਾਸ ਨਹੀਂ ਹੋ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਇੰਝ ਜਾਪਦਾ ਹੈ ਕਿ ਮੇਰੇ ਵੱਲੋਂ ਕਾਂਗਰਸ ਸਰਕਾਰ ਦੇ ਗਲਤ ਕੰਮਾਂ ਨੂੰ ਲੈ ਕੇ ਡੱਟ ਕੇ ਕੀਤੇ ਜਾਂਦੇ ਵਿਰੋਧ ਕਾਰਨ ਸੂਬਾ ਸਰਕਾਰ ਵੱਲੋਂ ਹਲਕਾ ਭੁਲੱਥ ਪ੍ਰਤੀ ਪੱਖਪਾਤ ਦੀ ਨੀਤੀ ਅਪਨਾਈ ਜਾ ਰਹੀ ਹੈ।
ਹਲਕਾ ਭੁਲੱਥ ਦੀ ਹਰੇਕ ਨਗਰ ਪੰਚਾਇਤ ਨੂੰ ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਦੇ ਇਸ ਪੱਤਰ ਨੰ 1585 ਮਿਤੀ 1 ਮਾਰਚ 2019 ਦੇ ਰਾਹੀਂ 50 -50 ਲੱਖ ਰੁਪਏ ਦੇ ਫੰਡ ਸੈਂਕਸ਼ਨ ਕੀਤੇ ਗਏ ਸਨ। ਇਸ ਪੱਤਰ ਦਾ ਹਵਾਲਾ ਦਿੰਦੇ ਹੋਏ ਡਿਪਟੀ ਕਮੀਸ਼ਨਰ ਕਪੂਰਥਲਾ ਦੇ ਦਫ਼ਤਰ ਪੱਤਰ ਨੰ 1355/2019/ADC (V) ਮਿਤੀ 8 ਅਗਸਤ 2019 ਰਾਹੀਂ ਹਰੇਕ ਨਗਰ ਪੰਚਾਇਤ ਨੂੰ ਇਸ ਦੀ ਪਹਿਲੀ ਕਿਸ਼ਤ 12.50 ਲੱਖ ਰੁਪਏ ਜਾਰੀ ਕਰ ਦਿੱਤੀ ਗਈ ਸੀ, ਪਰੰਤੂ ਬਹੁਤ ਅਫਸੋਸ ਦੀ ਗੱਲ ਹੈ ਕਿ 1 ਸਾਲ 5 ਮਹੀਨੇ ਦਾ ਸਮਾਂ ਖਤਮ ਹੋਣ ਦੇ ਬਾਵਜੂਦ ਵੀ ਅਗਲੇਰੀ ਕੋਈ ਕਿਸ਼ਤ ਜਾਰੀ ਨਹੀਂ ਕੀਤੀ ਗਈ ਹੈ ਜਦਕਿ ਹੋਰਨਾਂ ਜ਼ਿਲ੍ਹਿਆਂ ਦੀਆਂ ਨਗਰ ਪੰਚਾਇਤਾਂ ਨੂੰ 2-3 ਕਿਸ਼ਤਾਂ ਜਾਰੀ ਹੋ ਚੁੱਕੀਆਂ ਹਨ। ਹਰ ਕਮੇਟੀ ਦਾ 37.50 ਲੱਖ ਰੁਪਏ ਦਾ ਬਕਾਇਆ ਖੜਾ ਹੋਣ ਦੇ ਕਾਰਨ ਕੰਮ ਕਰਨ ਵਾਲੇ ਠੇਕੇਦਾਰਾਂ ਆਦਿ ਨੂੰ ਭੁਗਤਾਨ ਕਰਨ ‘ਚ ਨਗਰ ਪੰਚਾਇਤਾਂ ਅਸਮਰੱਥ ਹਨ ਤੇ ਠੇਕੇਦਾਰ ਪੈਡਿੰਗ ਕੰਮ ਨੂੰ ਮੁਕੰਮਲ ਕਰਨ ਤੋਂ ਕੰਨੀ ਕਤਰਾਂਦੇ ਹਨ।
ਹਾਲਾਂਕਿ ਮਿਤੀ 26 ਜੂਨ 2020 ਦੇ ਪੱਤਰ ਨੰ EIC, 2020/24855 ਰਾਹੀਂ ਡਾਇਰੈਕਟੋਰੇਟ ਸਥਾਨਕ ਸਰਕਾਰ ਵਿਭਾਗ ਪੰਜਾਬ ਨੇ ਹਰੇਕ ਨਗਰ ਪੰਚਾਇਤ ਨੂੰ ਇੱਕ -ਇੱਕ ਕਰੋੜ ਰੁਪਏ ਦੇ ਵਿਕਾਸ ਕੰਮਾਂ ਨੂੰ ਮਨਜੂਰੀ ਦੇ ਦਿੱਤੀ ਹੈ ਤੇ ਜਿਨ੍ਹਾਂ ਦੇ ਕਿ ਚਾਰੇ ਨਗਰ ਪੰਚਾਇਤਾਂ ਵੱਲੋਂ ਟੈਂਡਰ ਵੀ ਲਗਾ ਦਿੱਤੇ ਗਏ ਹਨ।
ਇਸ ਲਈ ਮੇੇਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਹੈ ਕਿ ਹਰੇਕ ਨਗਰ ਪੰਚਾਇਤ ਦਾ ਪਿਛਲਾ ਬਕਾਇਆ 37.50 ਲੱਖ ਰੁਪਏ ਤੁਰੰਤ ਜਾਰੀ ਕੀਤਾ ਜਾਵੇ ਤਾਂ ਕਿ ਨਗਰ ਪੰਚਾਇਤਾਂ ਪਿਛਲੇ ਪੈਡਿੰਗ ਕੰਮ ਕਰਵਾ ਕੇ ਭੁਗਤਾਨ ਕਰ ਸਕਣ, ਤਾਂ ਜੋ ਨਵੇਂ ਲੱਗੇ 1 ਕਰੋੜ ਰੁਪਏ ਦੇ ਟੈਂਡਰਾਂ ‘ਚ ਠੇਕੇਦਾਰਾਂ ਵੱਲੋਂ ਟੈਂਡਰ ਪਾਉਣ ਵਿੱਚ ਪਰਹੇਜ ਨਾ ਕੀਤਾ ਜਾਵੇ।