ਬਿਉਰੋ ਰਿਪੋਰਟ : ਇਸ਼ਤਿਆਰਾਂ ‘ਤੇ ਕਰੋੜਾਂ ਦਾ ਖਰਚ ਕਰਨ ਵਾਲੀ ਭਗਵੰਤ ਮਾਨ ਸਰਕਾਰ ਨੇ ਇਸ ਵਾਰ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ । RTI ਦੇ ਜ਼ਰੀਏ ਜਿਹੜਾ ਤਾਜ਼ਾ ਖੁਲਾਸਾ ਹੋਇਆ ਹੋਇਆ ਹੈ ਉਸ ਮੁਤਾਬਿਕ ਮਾਨ ਸਰਕਾਰ ਨੇ ਸਿਰਫ਼ 25 ਦਿਨਾਂ ਦੇ ਅੰਦਰ 33 ਕਰੋੜ ਰੁਪਏ ਦੇ ਇਸ਼ਤਿਆਰ ਦੇ ਦਿੱਤੇ । ਹੈਰਾਨੀ ਦੀ ਗੱਲ ਇਹ ਹੈ ਕਿ ਕਰੋੜਾਂ ਰੁਪਏ ਸਿਰਫ਼ ਇੱਕ ਸਰਕਾਰੀ ਵਿਗਿਆਪਨ ‘ਸਾਡਾ ਕੰਮ ਬੋਲ ਦਾ’ ਲਈ ਦਿੱਤੇ ਗਏ । RTI ਵਿੱਚ ਖੁਲਾਸਾ ਹੋਇਆ ਹੈ ਕਿ ਸਭ ਤੋਂ ਵੱਧ ਪੈਸਾ TV ਚੈਨਲਾਂ ‘ਤੇ ਇਸ਼ਤਿਆਰਾਂ ਦੇਣ ਲਈ ਖਰਚ ਕੀਤਾ ਗਿਆ । ਟੀਵੀ ਚੈੱਨਲਾਂ ਨੂੰ ਇਸ਼ਤਿਆਰਾਂ ਲਈ 14 ਕਰੋੜ 30 ਲੱਖ,12 ਹਜ਼ਾਰ 590 ਰੁਪਏ ਵੰਡੇ ਗਏ। ਮਾਨ ਸਰਕਾਰ ਦਾ ‘ਸਾਡਾ ਕੰਮ ਬੋਲ ਦਾ’ ਵਿਗਿਆਪਨ ਨਾ ਸਿਰਫ਼ ਪੰਜਾਬ ਦੇ ਟੀਵੀ ਚੈਨਲਾਂ ‘ਤੇ ਨਸ਼ਰ ਹੋਇਆ ਬਲਕਿ ਕੌਮੀ ਚੈਨਲਾਂ ਅਤੇ ਰੀਜਨਲ ਚੈਨਲਾਂ ‘ਤੇ ਵੀ ਵਿਖਾਈ ਦਿੱਤੀ । ਦੂਜੇ ਨੰਬਰ ‘ਤੇ ਵੈੱਬ ਸਾਈਟਸ ਅਤੇ ਸੋਸ਼ਲ ਮੀਡੀਆ ਰਿਹਾ ਜਿੱਥੇ 8 ਕਰੋੜ 74 ਲੱਖ 2 ਹਜ਼ਾਰ 600 ਰੁਪਏ ਦੇ ਇਸ਼ਤਿਆਰ ਦਿੱਤੇ ਗਏ । ਜਦਕਿ ਰੇਡੀਓ ‘ਤੇ 1 ਕਰੋੜ ਤਿੰਨ ਲੱਖ 38 ਹਜ਼ਾਰ 986 ਰੁਪਏ ਖਰਚ ਕੀਤੇ ਗਏ । ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਹ RTI ਦੀ ਕਾਪੀ ਜਾਰੀ ਕਰਦੇ ਹੋਏ ਮਾਨ ਸਰਕਾਰ ‘ਤੇ ਤੰਜ ਕੱਸਿਆ ਹੈ ।
ਸੁਖਪਾਲ ਸਿੰਘ ਖਹਿਰਾ ਦੀ ਮਾਨ ਨੂੰ ਨਸੀਹਤ
ਸੁਖਪਾਲ ਖਹਿਰਾ ਨੇ ਸੀਐੱਮ ਨੂੰ ਨਸੀਅਤ ਦਿੰਦੇ ਹੋਏ ਲਿਖਿਆ ‘ਇਸ਼ਤਿਹਾਰਾਂ ‘ਤੇ ਲੋਕਾਂ ਦੇ ਪੈਸੇ ਦੀ ਵੱਡੀ ਬਰਬਾਦੀ! RTI ਤੋਂ ਮਿਲੀ ਜਾਣਕਾਰੀ ਮੁਤਾਬਿਕ 33 ਕਰੋੜ ਸਿਰਫ਼ 25 ਦਿਨਾਂ ਦੇ ਅੰਦਰ ਆਪਣੇ ਨਾਅਰੇ ‘ਸਾਡਾ ਕੰਮ ਬੋਲਦਾ’ ‘ਤੇ ਬਰਬਾਦ ਕਰ ਦਿੱਤੇ । ਇਸ ਪੈਸੇ ਨਾਲ ਸਰਕਾਰ ਘੱਟੋ-ਘੱਟ 500 ਸਕੂਲਾਂ ਜਾਂ ਹੋਰ ਡਿਸਪੈਂਸਰੀਆਂ ਵਿੱਚ ਸੁਧਾਰ ਕਰ ਸਕਦੀ ਸੀ । ਅਸੀਂ ਇਸ ਬਦਲਾਵ ਜਾਂ ਦਿੱਲੀ ਮਾਡਲ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਦੇ ਹਾਂ’ । ਸਿਰਫ਼ ਇੰਨਾਂ ਹੀ ਨਹੀਂ ਭਗਵੰਤ ਮਾਨ ਸਰਕਾਰ ਨੇ 23 ਅਤੇ 24 ਫਰਵਰੀ ਨੂੰ ਹੋਣ ਵਾਲੇ ਨਿਵੇਸ਼ ਪੰਜਾਬ ਸੰਮੇਲਨ ਦੇ ਲਈ ਦੇਸ਼ ਦੇ ਸਭ ਤੋਂ ਮਹਿੰਗੇ ਏਅਰਪੋਰਟ ‘ਤੇ ਕਰੋੜਾਂ ਦਾ ਇਸ਼ਤਿਆਰ ਦਿੱਤੇ ਹਨ । ਜਦੋਂ ਉਨ੍ਹਾਂ ਦੀ ਜਾਣਕਾਰੀ ਸਾਹਮਣੇ ਆਵੇਗੀ ਤਾਂ ਉਹ ਹੋਰ ਵੀ ਹੋਸ਼ ਉਡਾਉਣ ਵਾਲੀ ਹੋਵੇਗੀ ।
Colossal waste of peoples money on advts! @BhagwantMann wasted 33 Cr merely in 25 days as per RTI below just to glorify their slogan “Sada Kam Bolda” Govt could have improved at least 500 Schools or as many dispensaries! We outrightly reject this Badlav or Delhi-Model. @INCIndia pic.twitter.com/46p10Bt2GV
— Sukhpal Singh Khaira (@SukhpalKhaira) February 21, 2023
ਦਿੱਲੀ ਮੁੰਬਈ,ਕੋਲਕਾਤਾ ਏਅਰਪੋਰਟ ‘ਤੇ ਵੀ ਭਗਵੰਤ ਮਾਨ ਦੇ ਇਸ਼ਤਿਆਰ ਨਜ਼ਰ ਆ ਰਹੇ ਹਨ । ਦਾਅਵਾ ਕੀਤਾ ਜਾ ਰਿਹਾ ਹੈ ਕਿ ਭਗਵੰਤ ਮਾਨ ਕਰੋੜਾਂ ਰੁਪਏ ਇਸ ‘ਤੇ ਖਰਚ ਕਰ ਰਹੇ ਹਨ । ਪੰਜਾਬ ਸਰਕਾਰ 23-24 ਫਰਵਰੀ ਨੂੰ ਮੋਹਾਲੀ ਵਿੱਚ ਪੰਜਾਬ ਨਿਵੇਸ਼ ਸੰਮੇਲਨ ਦਾ ਪ੍ਰਬੰਧ ਕਰ ਰਹੀ ਹੈ । ਇਸ ਵਿੱਚ ਦੇਸ਼ ਅਤੇ ਵਿਦੇਸ਼ ਤੋਂ ਵੱਡੀਆਂ ਕੰਪਨੀਆਂ ਅਤੇ ਦੇਸ਼ ਦੇ ਵੱਡੇ ਕਾਰੋਬਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ । ਪੰਜਾਬ ਸਰਕਾਰ ਨੂੰ ਉਮੀਦ ਹੈ ਇਸ ਸੰਮੇਲਨ ਦੇ ਨਾਲ ਪੰਜਾਬ ਦੀ ਸਨਅਤ ਨੂੰ ਨਵੀਂ ਉਡਾਨ ਮਿਲੇਗੀ । ਇਸੇ ਲਈ ਦੇਸ਼ ਦੇ ਏਅਰਪੋਰਟ ਨੂੰ ਇਸ਼ਤਿਆਰਾਂ ਦੇ ਲਈ ਚੁਣਿਆ ਗਿਆ ਹੈ