Punjab

ਫਿਰ ਫਸੇ ਮੰਤਰੀ ਕਟਾਰੂਚੱਕ ! ਨਜ਼ਦੀਕੀ ਵਿਜੀਲੈਂਸ ਦੇ ਘੇਰੇ ‘ਚ

ਬਿਉਰੋ ਰਿਪੋਰਟ : ਮਾਨ ਸਰਕਾਰ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀਆਂ ਮੁਸ਼ਕਿਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ । ਸੀਡੀ ਮਾਮਲੇ ਤੋਂ ਬਾਅਦ ਹੁਣ ਪਠਾਨਕੋਟ ਵਿੱਚ 100 ਏਕੜ ਜ਼ਮੀਨ ਘੁਟਾਲੇ ਵਿੱਚ ਮੰਤਰੀ ਕਟਾਰੂਚੱਕ ਦਾ ਨਾਂ ਆ ਰਿਹਾ ਹੈ । ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਅਤੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੰਤਰੀ ਖਿਲਾਫ਼ ਘੁਟਾਲੇ ਦਾ ਇਲਜ਼ਾਮ ਲਗਾਇਆ ਹੈ । ਬਾਜਵਾ ਨੇ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ ਕੀਤੀ ਹੈ ਤਾਂ ਖਹਿਰਾ ਨੇ ਮੁੱਖ ਮਤੰਰੀ ਭਗਵੰਤ ਮਾਨ ਨੂੰ ਟਵੀਟ ਕਰਦੇ ਹੋਏ ਕਿਹਾ ਕਿ ਕਟਾਰੂਚੱਕ ਦੇ ਨਜ਼ਦੀਕੀਆਂ ਖਿਲਾਫ ਵਿਜੀਲੈਂਸ ਵੱਲੋਂ 100 ਏਕੜ ਜ਼ਮੀਨ ਘੁਟਾਲੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਹੁਣ ਮੰਤਰੀ ਲਾਲ ਚੰਦ ਕਟਾਰੂਚੱਕ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕੈਬਨਿਟ ਮੰਤਰੀ ਕਟਾਰੂਚੱਕ ਨੇ ਜ਼ਮੀਨ ਘੁਟਾਲੇ ਵਿੱਚ ਸ਼ਾਮਲ ਦਾਗੀ DDPO ਕੁਲਦੀਪ ਸਿੰਘ ਦੀ ਕਥਿੱਤ ਤੌਰ ‘ਤੇ ਪਠਾਨਕੋਟ ਦੇ ਵਾਧੂ ਡਿਪਟੀ ਕਮਿਸ਼ਨ ਦੇ ਤੌਰ ‘ਤੇ ਤਾਇਨਾਤੀ ਕਰਵਾਉਣ ਵਿੱਚ ਮਦਦ ਕੀਤੀ ਸੀ । ਇਸ ਪੋਸਟਿੰਗ ਨੂੰ ਕਰਨ ਦੇ ਲਈ ਉਨ੍ਹਾਂ ਨੇ ਤਤਕਾਲੀ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਚਿੱਠੀ ਵੀ ਲਿਖੀ ਸੀ । ਜੋ ਇਹ ਸਾਬਿਤ ਕਰਦਾ ਹੈ ਕਿ ਕਟਾਰੂਚੱਕ ਦਾਗੀ DDPO ਦੇ ਨਾਲ ਮਿਲ ਕੇ ਕੰਮ ਕਰਦਾ ਸੀ ।

ਸੁਖਪਾਲ ਖਹਿਰਾ ਦਾ ਇਲਜ਼ਾਮ

ਕਾਂਗਰਸ ਦੇ ਸੀਨੀਅਰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ‘ਜਿਸ ਜ਼ਮੀਨ ਮਾਫਿਆ ਦੀ ਅਗਵਾਈ ਮੰਤਰੀ ਲਾਲ ਚੰਦ ਕਟਾਰੂਚੱਕ ਕਰ ਰਿਹਾ ਸੀ ਉਸ ਦੇ ਭ੍ਰਿਸ਼ਟ Ddpo ਕੁਲਦੀਪ ਖਿਲਾਫ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਇਸ ਲਈ ਮੈਂ ਮੁੱਖ ਮੰਤਰੀ ਭਗਵੰਤ ਮਾਨ ਕੋਲੋ ਮੰਗ ਕਰਦਾ ਹਾਂ ਦਾਗ਼ੀ ਮੰਤਰੀ ਕਟਾਰੂਚੱਕ ਖਿਲਾਫ ਵੀ ਐਕਸ਼ਨ ਹੋਵੇ ਕਿਉਂਕਿ ਉਸ ਦਾ ਸੱਜਾ ਹੱਥ ਮੰਨਿਆ ਜਾਣ ਵਾਲਾ ਸਾਬਕਾ ਸਰਪੰਚ ਸੋਮ ਰਾਜ ਨੇ 100 ਏਕੜ ਜ਼ਮੀਨ ਦਾ ਅਸਲੀ ਲਾਹਾ ਲਿਆ ਸੀ । ਇਸ ਪੂਰੇ ਗੈਂਗ ਖਿਲਾਫ ਐਕਸ਼ਨ ਤਾਂ ਹੀ ਸਫਲ ਹੋਵੇਗਾ ਜਦੋਂ ਕਟਾਰੂਚੱਕ ਅਤੇ ਉਸ ਦੇ ਕਿੰਨ ਪਿਨ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ ।