‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੋਰਚੇ ਨੂੰ 14 ਅਕਤੂਬਰ ਨੂੰ ਇੱਕ ਤਕੜਾ ਪ੍ਰੋਗਰਾਮ ਉਲੀਕਣ ਦੀ ਸਲਾਹ ਦਿੱਤੀ, ਚਾਹੇ ਉਹ ਮਾਰਚ ਜਾਂ ਇਕੱਠ ਦੀ ਸ਼ਕਲ ਵਿੱਚ ਹੋਵੇ। ਖਹਿਰਾ ਨੇ ਮੋਰਚੇ ਨੂੰ ਪੈਸਿਆਂ ਦੇ ਲਈ ਇੱਕ ਪਾਰਦਰਸ਼ੀ (transparent) ਅਕਾਊਂਟ ਬਣਾਉਣ ਦੀ ਵੀ ਸਲਾਹ ਦਿੱਤੀ ਤਾਂ ਜੋ ਮੋਰਚੇ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾਵੇ। ਖਹਿਰਾ ਨੇ ਅਕਾਊਂਟ ਖੁੱਲ੍ਹਣ ਉੱਤੇ ਆਪਣੀ ਤਰਫੋਂ ਇੱਕ ਲੱਖ ਰੁਪਏ ਪਾਉਣ ਦਾ ਦਾਅਵਾ ਵੀ ਕੀਤਾ ਅਤੇ ਨਾਲ ਹੀ ਬਾਕੀ ਲੋਕਾਂ ਨੂੰ ਇਸ ਮੋਰਚੇ ਵਿੱਚ ਵਿੱਤੀ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਖਹਿਰਾ ਨੇ ਕਿਹਾ ਕਿ ਸੱਤਵਾਂ ਸਾਲ ਹੋ ਗਿਆ ਹੈ ਪਰ ਹਾਲੇ ਤੱਕ ਇਨਸਾਫ਼ ਨਹੀਂ ਦਿੱਤਾ ਗਿਆ। ਖਹਿਰਾ ਨੇ ਕਿਹਾ ਕਿ ਪੰਜਾਬ ਅਤੇ ਜੰਮੂ ਕਸ਼ਮੀਰ ਵਿੱਚ ਜਿਹੜੀ ਵੀ ਲੀਡਰਸ਼ਿਪ ਉੱਭਰੇਗੀ, ਉਹ ਪਹਿਲਾਂ ਦਿੱਲੀ ਤੋਂ ਝੰਡੀ ਲੈ ਕੇ ਆਵੇਗੀ। ਜਿਹੜਾ ਆਦਮੀ ਉਨ੍ਹਾਂ ਦੀ ਝੰਡੀ ਲੈਣ ਤੋਂ ਬਾਅਦ ਬਗਾਵਤ ਕਰਦਾ ਹੈ, ਉਸ ਉੱਤੇ ਬਾਅਦ ਵਿੱਚ ਕੋਈ ਨਾ ਕੋਈ ਮਾਮਲਾ ਪਵਾ ਦਿੰਦੇ ਹਨ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਹਿਲਾ ਕਾਰਜਕਾਲ ਵਧੀਆ ਸੀ। ਪਰ ਜਦੋਂ ਉਹ ਦੂਸਰੀ ਵਾਰ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਵੀ ਗੋਡੇ ਟੇਕ ਦਿੱਤੇ।
ਬੇਅਦਬੀਆਂ ਵਿਉਂਤਬੰਦੀ ਦੇ ਨਾਲ ਹੋਈਆਂ ਹਨ। ਡੇਰਾ ਸਿਰਸਾ ਵੋਟ ਬੈਂਕ ਸੀ ਜਿਸਨੂੰ ਸਾਰੀਆਂ ਪਾਰਟੀਆਂ ਲੋਚਦੀਆਂ ਸਨ। ਉਸ ਵਕਤ ਦੇ ਸ਼੍ਰੋਮਣੀ ਅਕਾਲੀ ਦਲ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸ ਵਕਤ ਦੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮੁੱਦੇ ਤੋਂ ਪਿੱਠ ਦਿਖਾ ਕੇ ਭੱਜ ਗਏ ਸਨ ਕਿਉਂਕਿ ਉਨ੍ਹਾਂ ਨੂੰ ਸਿਆਸੀ ਲਾਲਚ ਸੀ। ਖਹਿਰਾ ਨੇ ਬੇਅਦਬੀ ਪਿੱਛੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਪੰਜਾਬ ਦਾ ਤਤਕਾਲੀ ਡੀਜੀਪੀ ਸੁਮੇਧ ਸਿੰਘ ਸੈਣੀ ਨੂੰ ਦੋਸ਼ੀ ਠਹਿਰਾਇਆ ਹੈ।
ਖਹਿਰਾ ਨੇ ਪੰਜਾਬ ਦੀ ਮੌਜੂਦਾ ਸਰਕਾਰ ਦੇ ਮੰਤਰੀਆਂ ਉੱਤੇ ਵੀ ਨਿਸ਼ਾਨਾ ਕਸਿਆ। ਖਹਿਰਾ ਨੇ ਮੁੜ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ‘ਐਰਾ ਗੈਰਾ ਨੇਹ ਨੱਥੂ ਖੈਰਾ’ ਕਹਾਵਤ ਦਾ ਮੁੜ ਇਤਿਹਾਸ ਯਾਦ ਕਰਵਾਇਆ।