Punjab

ਗੋਲਡੀ ਬਰਾੜ ਬਾਰੇ 2 ਮਹੀਨੇ ਪਹਿਲਾਂ ਵੱਡੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਹੁਣ ਖਾਮੋਸ਼ ਕਿਉਂ ? ਖਹਿਰਾ ਨੇ ਕੀਤਾ ਸਵਾਲ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪ੍ਰਸਿਧ ਗਾਇਕ  ਸਿੱਧੂ ਮੂਸੇ ਵਾਲਾ ਦੇ ਕਤਲ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਸਵਾਲ ਚੁੱਕੇ ਹਨ। ਆਪਣੇ ਟਵੀਟਰ ਅਕਾਊਂਟ ਤੋਂ ਕੀਤੇ ਗਏ ਇੱਕ ਟਵੀਟ ਵਿੱਚ ਉਹਨਾਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉਸ ਬਿਆਨ ਦਾ ਸਪਸ਼ਟੀਕਰਨ ਮੰਗਿਆ ਹੈ,ਜਿਸ ਰਾਹੀਂ 2 ਮਹੀਨੇ ਪਹਿਲਾਂ ਮਾਨ ਨੇ ਦਾਅਵਾ ਕੀਤਾ ਸੀ ਕਿ ਅਮਰੀਕਾ ਵਿੱਚ ਗੋਲਡੀ ਬਰਾੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।

ਖਹਿਰਾ ਨੇ ਆਪਣੇ ਟਵੀਟ ਵਿੱਚ ਇਹ ਵੀ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਦੱਸਣ ਕਿ ਗੋਲਡੀ ਬਰਾੜ ਦੀ ਗ੍ਰਿਫਤਾਰੀ ਬਾਰੇ ਅਮਰੀਕਾ ਤੋਂ ਜਾਣਕਾਰੀ ਹੋਣ ਦਾ ਦਾਅਵਾ ਕਰਦਿਆਂ ਇੱਕ ਗਲਤ ਅਤੇ ਸਨਸਨੀਖੇਜ਼ ਬਿਆਨ ਉਹਨਾਂ ਕਿਵੇਂ ਅਤੇ ਕਿਉਂ ਦਿੱਤਾ? ਜਿਸ ਦੀ ਅੱਜ 2 ਮਹੀਨੇ ਬਾਅਦ ਵੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ । ਮੁੱਖ ਮੰਤਰੀ ਮਾਨ ‘ਤੇ ਤੰਜ ਕਸਦਿਆਂ ਖਹਿਰਾ ਨੇ ਕਿਹਾ ਹੈ ਕਿ ਕੀ ਅਸੀਂ ਇਹ ਸੋਚ ਲਈਏ ਕਿ ਸਾਡਾ ਮੁੱਖ ਮੰਤਰੀ ਹਾਲੇ ਵੀ ਕਾਮੇਡੀਅਨ ਹੀ ਹੈ?

ਆਪਣੇ ਇਸ ਟਵੀਟ ਵਿੱਚ ਖਹਿਰਾ ਨੇ ਸਿੱਧੂ ਮਾਮਲੇ ਵਿੱਚ ਗੋਲਡੀ ਬਰਾੜ ਨਾਲ ਸੰਬੰਧਤ ਦੋ ਖ਼ਬਰਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ,ਜਿਹਨਾਂ ਵਿੱਚ ਮਾਨ ਸਰਕਾਰ ‘ਤੇ ਪੰਜਾਬ ਪੁਲਿਸ ਦੀ ਗੱਲ ਕੀਤੀ ਗਈ ਹੈ ਤੇ ਕਿਹਾ ਗਿਆ ਹੈ ਕਿ ਕਿਸੇ ਵੀ ਅਮਰੀਕੀ ਏਜੰਸੀ ਨੇ ਇਸ ਖ਼ਬਰ ‘ਤੇ ਮੋਹਰ ਨਹੀਂ ਲਗਾਈ ਹੈ ਕਿ ਗੋਲਡੀ ਬਰਾੜ ਨੂੰ ਅਮਰੀਕਾ ਪੁਲਿਸ ਵਲੋਂ ਹਿਰਾਸਤ ਵਿੱਚ ਲਿਆ ਗਿਆ ਹੈ ਜਾਂ ਉਸ ਨੂੰ ਨਜ਼ਰਬੰਦ ਕੀਤਾ ਗਿਆ ਹੈ ਭਾਵੇਂ ਇਹਨਾਂ ਖ਼ਬਰਾਂ ਨੂੰ ਚਰਚਾ ਦਾ ਵਿਸ਼ਾ ਬਣਦਿਆਂ 2 ਮਹੀਨੇ ਹੋ ਗਏ ਹਨ।