The Khalas Tv Blog Punjab ਖਹਿਰਾ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ,ਕੀਤਾ ਦਾਅਵਾ ਕਿ ਵਿਰੋਧੀਆਂ ਤੋਂ ਡਰੀ ਮਾਨ ਸਰਕਾਰ
Punjab

ਖਹਿਰਾ ਨੇ ਪੰਜਾਬ ਸਰਕਾਰ ‘ਤੇ ਚੁੱਕੇ ਸਵਾਲ,ਕੀਤਾ ਦਾਅਵਾ ਕਿ ਵਿਰੋਧੀਆਂ ਤੋਂ ਡਰੀ ਮਾਨ ਸਰਕਾਰ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੇ ਪ੍ਰਸਤਾਵਿਤ ਬਜਟ ਸੈਸ਼ਨ ਨੂੰ ਹੁਣ ਤੱਕ ਦਾ ਸਭ ਤੋਂ ਛੋਟਾ ਬਜਟ ਸੈਸ਼ਨ ਦੱਸਿਆ ਹੈ। ਆਪਣੇ ਟਵੀਟ ਵਿੱਚ ਖਹਿਰਾ ਨੇ ਕਿਹਾ ਹੈ ਕਿ ਪਿਛਲੀ ਸਰਕਾਰ ਵੇਲੇ ਇੱਕ ਵਿਰੋਧੀ ਧਿਰ ਦੇ ਤੌਰ ਤੇ ਆਪ ਨੇਤਾ ਹਰਪਾਲ ਸਿੰਘ ਚੀਮਾ ਨੇ ਛੋਟੇ ਬਜਟ ਸੈਸ਼ਨਾਂ ਦੀ ਨਿੰਦਾ ਕੀਤੀ ਸੀ ਪਰ ਹੁਣ ਪੇਸ਼ ਕੀਤੇ ਜਾਣ ਵਾਲਾ ਬਜਟ ਹੁਣ ਤੱਕ ਦਾ ਸਭ ਤੋਂ ਛੋਟਾ ਸੈਸ਼ਨ ਹੈ।

ਜਿਸ ਵਿੱਚ ਰਾਜਪਾਲ ਦੇ ਸੰਬੋਧਨ ਅਤੇ ਬਜਟ ‘ਤੇ ਸਿਰਫ 1 ਦਿਨ ਦੀ ਚਰਚਾ ਹੈ।ਉਹਨਾਂ ਲਿੱਖਿਆ ਹੈ ਕਿ ਇੰਝ ਲਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਹਿਸ ਕਰਨ ਤੇ ਵਿਰੋਧੀ ਧਿਰ ਦਾ ਸਾਹਮਣਾ ਕਰਨ ਤੋਂ ਡਰਦੇ ਹਨ।
ਆਪਣੇ ਇਸ ਟਵੀਟ ਨਾਲ ਸੁਖਪਾਲ ਸਿੰਘ ਖਹਿਰਾ ਨੇ ਇੱਕ ਅਖਬਾਰ ਵਿੱਚ ਛੱਪੀ ਖ਼ਬਰ ਨੂੰ ਵੀ ਸਾਂਝਾ ਕੀਤਾ ਹੈ,ਜਿਸ ਵਿੱਚ ਬਜਟ ਨੂੰ ਪੇਸ਼ ਕੀਤੇ ਜਾਣ ਦੀ ਗੱਲ ਆਖੀ ਗਈ ਹੈ ।

ਇਸ ਤੋਂ ਇਲਾਵਾ ਖਹਿਰਾ ਨੇ ਇੱਕ ਹੋਰ ਟਵੀਟ ਕਰ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸੂਬਾ ਸਰਕਾਰ ਵੱਲੋਂ ਬਣਾਏ ਗਏ ਮੁਹੱਲਾ ਕਲੀਨਿਕਾਂ ‘ਤੇ ਸਵਾਲ ਚੁੱਕਦਿਆਂ ਖਹਿਰਾ ਨੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਕਲੀਨਿਕ ਸਥਾਪਤ ਕਰਨ ਲਈ ਕੇਂਦਰੀ ਗਰਾਂਟ ਦੀ ਦੁਰਵਰਤੋਂ ਕਰਕੇ ਭਗਵੰਤ ਸਿੰਘ ਮਾਨ ਸਰਕਾਰ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਦੀ ਬਜਾਏ ਇਸ ਦਾ ਨੁਕਸਾਨ ਕਰ ਰਹੀ ਹੈ। ਜੇਕਰ ਹੈਲਥ ਸੈਂਟਰਾਂ ਲਈ ਇਹ ਗ੍ਰਾਂਟ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਪੰਜਾਬ ਨੂੰ ਹੋਰ ਘਾਟਾ ਪਵੇਗਾ। ਖਹਿਰਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਸਕੀਮਨੂੰ ਆਪਣੀ ਹਉਮੈ ਦਾ ਮੁਦਾ ਨਾ ਬਣਾਉਣ।

Exit mobile version