Punjab

ਜੇਲ੍ਹ ਤੋਂ ਆਉਂਦੇ ਹੀ ਖਹਿਰਾ ਦਾ ਪਹਿਲਾਂ ਵੱਡਾ ਬਿਆਨ !

 

ਬਿਉਰੋ ਰਿਪੋਰਟ : ਜ਼ਮਾਨਤ ਮਿਲਣ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿਘ ਖਹਿਰਾ 4 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆ ਗਏ ਹਨ । ਨਾਭਾ ਜੇਲ੍ਹ ਤੋਂ ਬਾਹਰ ਆਉਂਦੇ ਹੀ ਉਨ੍ਹਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਨੇ ਦੱਸਿਆ ਹੈ ਜੇਲ੍ਹ ਵਿੱਚ ਮੈਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਂਦੀ ਸੀ। ਬੈਰਕ ਦੇ ਅੰਦਰ ਅਤੇ ਬਾਹਰ ਕੈਮਰਾ ਲਗਾਇਆ ਗਿਆ ਸੀ। ਮੈਂ ਜੇਲ੍ਹ ਵਿੱਚ ਕਿਸੇ ਨੂੰ ਮਿਲ ਨਹੀਂ ਸਕਦਾ ਸੀ । ਪਰ ਨਾਲ ਹੀ ਉਨ੍ਹਾਂ ਨੇ ਆਪਣੇ ਤੇਜ਼ ਤਰਾਰ ਅੰਦਾਜ਼ ਵਿੱਚ ਮਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਤੁਸੀਂ ਮੇਰਾ ਮਨੋਬਲ ਨਹੀਂ ਡਿੱਗਾ ਸਕਦੇ ਹੋ,ਮੈਨੂੰ ਟੱਸ ਤੋਂ ਮੱਸ ਨਹੀਂ ਕਰ ਸਕਦੇ ਹੋ। ਮੇਰੀ ਲੜਾਈ ਪੰਜਾਬ ਵਾਸਤੇ ਹੈ। ਉਨ੍ਹਾਂ ਨੇ ਆਪਣੇ ਖਿਲਾਫ ਦਰਜ ਮੁਕੱਦਿਆਂ ਨੂੰ ਲੈਕੇ ਵੱਡਾ ਬਿਆਨ ਦਿੱਤਾ।

ਸੁਖਪਾਲ ਸਿੰਘ ਖਹਿਰਾ ਨੇ ਕਿਹਾ ਮੈਂ ਬੇਗੁਨਾਹ ਹਾਂ ਤਾਂ ਵੀ ਮੈਨੂੰ ਜੇਲ੍ਹ ਕੱਟਣੀ ਪਈ ਜੇਕਰ ਗੁਨਾਹਗਾਰ ਹੁੰਦਾ ਤਾਂ ਜਿੰਨੀ ਮਰਜ਼ੀ ਮੈਨੂੰ ਸਜ਼ਾ ਕਰ ਦਿੰਦੇ ਪਰ ਅਫ਼ਸੋਸ ਇਸੇ ਗੱਲ ਦਾ ਹੈ ਕਿ ਮੈਂ ਬੇਗੁਨਾਹ ਹਾਂ । ਖਹਿਰਾ ਨੇ ਕਿਹਾ ਇਹ ਪਹਿਲਾਂ ਤੋਂ ਚੱਲ ਰਿਹਾ ਹੈ ਕਿ ਤੁਹਾਨੂੰ ਸੱਚ ਬੋਲਣ ਦੀ ਸਜ਼ਾ ਮਿਲ ਦੀ ਹੈ। ਮੇਰੇ ਲਈ ਇਹ ਕੋਈ ਬਹੁਤੀ ਵੱਡੀ ਸਜ਼ਾ ਨਹੀਂ ਹੈ । ਪੁਰਾਣੇ ਸਮੇਂ ਵਿੱਚ ਪੁਲਿਸ ਫਰਜ਼ੀ ਰਿਪੋਰਟ ਤਿਆਰ ਕਰਕੇ ਪਰਿਵਾਰਕ ਮੈਂਬਰਾਂ ਨੂੰ ਇਸੇ ਤਰ੍ਹਾਂ ਗ੍ਰਿਫਤਾਰ ਕਰਦੀ ਸੀ। ਮੇਰੇ ਪਿਤਾ ਜੀ ਨੇ ਲੰਮਾ ਸਮਾਂ ਜੇਲ੍ਹ ਵਿੱਚ ਕੱਟਿਆ ਹੈ। ਰੱਬ ਸ਼ਕਤੀ ਦੇਣ ਵਾਲਾ ਹੈ ।

ਕਪੂਰਥਲਾ ਦੀ ਅਦਾਲਤ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਤਕਰੀਬਨ 4 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਏ ਹਨ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਖਹਿਰਾ ਨੂੰ ਜ਼ਮਾਨਤ ਦਿੱਤੀ ਸੀ। ਪਰ ਉਸੇ ਦਿਨ ਹੀ ਕਪੂਰਥਲਾ ਵਿੱਚ ਖਹਿਰਾ ਖਿਲਾਫ ਡਰੱਗ ਮਾਮਲੇ ਵਿੱਚ ਗਵਾਹਾਂ ਨੂੰ ਧਮਕਾਉਣ ਦੀ ਨਵੀਂ FIR ਦਰਜ ਕੀਤੀ ਗਈ ਸੀ । ਸੁਭਾਨਪੁਰ ਵਿੱਚ ਇੱਕ ਔਰਤ ਰਣਜੀਤ ਕੌਰ ਦੀ ਸ਼ਿਕਾਇਤ ‘ਤੇ ਧਾਰਾ 195 A ਅਤੇ 506 IPC ਤਹਿਤ FIR ਦਰਜ ਕੀਤੀ ਗਈ ਸੀ। ਦਰਅਸਲ ਰਣਜੀਤ ਕੌਰ ਡੋਗਰਾਵਾਲ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਦੀ ਪਤਨੀ ਹੈ । ਕਸ਼ਮੀਰ ਸਿੰਘ ਨੇ ਹੀ 2015 NDPS ਅਤੇ ਹਥਿਆਰਾਂ ਦੇ ਮਾਮਲੇ ਵਿੱਚ ਸੁਖਪਾਲ ਸਿੰਘ ਖਹਿਰਾ ਅਤੇ ਇੱਕ ਹੋਰ ਮੁਲਜ਼ਮ ਦੇ ਖਿਲਾਫ ਗਵਾਈ ਦਿੱਤੀ ਸੀ । ਪਤਨੀ ਰਣਜੀਤ ਕੌਰ ਦਾ ਇਲਜ਼ਾਮ ਸੀ ਕਿ 15 ਅਕਤੂਬਰ 2015 ਨੂੰ 2 ਅਣਪਛਾਤੇ ਲੋਕ ਉਨ੍ਹਾਂ ਦੇ ਘਰ ਵੜੇ ਅਤੇ ਕਿਹਾ ਕਿ ਜੇਕਰ ਮੇਰੇ ਪਤੀ ਨੇ ਆਪਣਾ ਬਿਆਨ ਵਾਪਸ ਨਾ ਲਿਆ ਤਾਂ ਉਸ ਦਾ ਅੰਜਾਮ ਭੁਗਤਨਾ ਹੋਵੇਗਾ । ਇਸ ਤੋਂ ਬਾਅਦ ਮੇਰੇ ਪਤਨੀ ਨੂੰ 22 ਅਕਤੂਬਰ 2015 ਤੋਂ ਧਮਕੀ ਦੇ ਫੋਨ ਆਉਣੇ ਸ਼ੁਰੂ ਹੋ ਗਏ ਸਨ ਕਿ ਖਹਿਰਾ ਦੇ ਖਿਲਾਫ ਬਿਆਨ ਵਾਪਸ ਲਏ ਜਾਣ । ਰਣਜੀਤ ਕੌਰ ਨੇ ਆਪਣੀ ਸ਼ਿਕਾਇਤ ਵਿੱਚ ਇਹ ਦੱਸਿਆ ਹੈ ਕਿ ਉਸ ਨੇ 16 ਅਤੇ 22 ਅਕਤੂਬਰ ਨੂੰ ਸ਼ਿਕਾਇਤ ਕੀਤੀ ਸੀ ਪਰ ਕੋਈ ਕਾਰਵਾਈ ਨਹੀਂ ਹੋਈ ਸੀ। ਇਸ ਤੋਂ ਬਾਅਦ ਰਣਜੀਤ ਕੌਰ ਨੇ ਕਪੂਰਥਲਾ ਕੋਰਟ ਪਹੁੰਚੀ ਅਤੇ ਅਦਾਲਤ ਨੇ SHO ਨੂੰ ਜਾਂਚ ਸੌਂਪ ਦਿੱਤੀ ਸੀ ।