ਬਿਊਰੋ ਰਿਪੋਰਟ : ਲੁਧਿਆਣਾ ਵਿੱਚ NRI ਅਮਰਜੀਤ ਕੌਰ ਦੀ ਕੋਠੀ ਕਬਜ਼ੇ ਦਾ ਮਾਮਲਾ ਲਗਾਤਾਰ ਹੋਰ ਵੱਧ ਦਾ ਜਾ ਰਿਹਾ ਹੈ। ਹਾਲਾਂਕਿ NRI ਔਰਤ ਨੂੰ ਆਪਣੀ ਕੋਠੀ ਦੀ ਚਾਬੀਆਂ ਮਿਲ ਗਈਆਂ ਹਨ ਪਰ ਇਸ ਦੇ ਬਾਵਜੂਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਸਰਬੀਤ ਕੌਰ ਮਾਣੂਕੇ ਨੂੰ ਛੱਡਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਹਨ । ਉਨ੍ਹਾਂ ਨੇ ਮਾਣੂਕੇ ਖਿਲਾਫ ਕੇਸ ਦਰਜ ਕਰਨ ਦੇ ਲਈ ਪੁਲਿਸ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾਂ ਤਾਂ ਉਹ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਚੱਕਾ ਜਾਮ ਕਰ ਦੇਣਗੇ ।
ਦਰਅਸਲ ਖਹਿਰਾ ਅਤੇ ਲੱਖਾ ਸਿਧਾਣਾ NRI ਅਮਰਜੀਤ ਕੌਰ ਦੇ ਕੋਠੀ ਵਿਵਾਦ ਨੂੰ ਲੈਕੇ ਜਗਰਾਉਂ ਪਹੁੰਚੇ ਸਨ,ਇਸ ਦੌਰਾਨ ਸਥਾਨਕ ਕਾਂਗਰਸੀ ਆਗੂਆਂ ਅਤੇ ਕਾਰਜਕਰਤਾਵਾਂ ਸਮੇਤ ਵੱਡੀ ਗਿਣਤੀ ਵਿੱਚ ਹਮਾਇਤੀਆਂ ਨੇ AAP ਵਿਧਾਇਕ ਸਰਬਜੀਤ ਕੌਰ ਮਾਣੂਕੇ ਦੇ ਖਿਲਾਫ਼ ਸੰਘਰਸ਼ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ । ਇਸ ਦੌਰਾਨ ਖਹਿਰਾ ਨੇ ਕਿਹਾ ਕਿ CM ਭਗਵੰਤ ਸਿੰਘ ਮਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਵੀ ਵੱਡੇ ਤਾਨਾਸ਼ਾਹ ਹਨ ।
ਮਾਨ ਸਰਕਾਰ ‘ਤੇ ਲਗਾਏ ਕਈ ਇਲਜ਼ਾਮ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਟਾਰੂਚੱਕ,ਗੁਰਬਾਣੀ ਪ੍ਰਸਾਰਨ,ਦਾੜੀ ਸਬੰਧੀ ਕੁਮੈਂਟ ਨੂੰ ਲੈਕੇ ਮਾਨ ਸਰਕਾਰ ਨੂੰ ਘੇਰਿਆ । ਉਨ੍ਹਾਂ ਕਿਹਾ ਪੰਜਾਬ ਸਰਕਾਰ ਦੀ NRI ਪੰਜਾਬੀਆਂ ਦੀ ਜਾਇਦਾਦ ‘ਤੇ ਬੁਰੀ ਨਜ਼ਰ ਹੈ ਅਤੇ ਨਾਲ ਹੀ ਪੰਜਾਬੀਆਂ ਨੂੰ ਆਪਣੀ ਜਾਇਦਾਦ ‘ਤੇ ਨਜ਼ਰ ਰੱਖਣ ਦੀ ਅਪੀਲ ਵੀ ਕੀਤੀ । ਉਨ੍ਹਾਂ ਨੇ ਕਿਹਾ ਅਮਰਜੀਤ ਕੌਰ ਨੂੰ ਵੀ 15 ਦਿਨ ਬਾਅਦ ਕੋਠੀ ਦਾ ਕਬਜ਼ਾ ਇਸ ਲਈ ਮਿਲਿਆ ਕਿਉਂਕਿ NRI ਪੰਜਾਬੀ,ਸਿਆਸਤਦਾਨ,ਕਿਸਾਨ ਜਥੇਬੰਦੀਆਂ ਸਮੇਤ ਹੋਰ ਲੋਕਾਂ ਨੇ ਵੱਲੋਂ ਮੋਰਚਾ ਖੋਲਿਆ ਗਿਆ ਸੀ ।
SSP ਆਫਿਸ ਜਾਕੇ ਅਲਟੀਮੇਟਮ ਦਿੱਤਾ
ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਜ਼ਮੀਨ ਮਾਫਿਆ ਵੱਲੋਂ ਸਾਜਿਸ਼ਨ ਕੋਠੀ ‘ਤੇ ਕਬਜ਼ਾ ਕਰਨ ਦੇ ਮਾਮਲੇ ਦਾ ਖੁਲਾਸਾ ਹੋ ਗਿਆ ਹੈ ਤਾਂ ਅਜਿਹੇ ਵਿੱਚ ਪੁਲਿਸ ਵੱਲੋਂ ਮੁਲਜ਼ਮਾਂ ਦੇ ਖਿਲਾਫ ਕੇਸ ਦਰਜ ਕਰਨ ਵਿੱਚ ਦੇਰੀ ਨਹੀਂ ਹੋਣਾ ਚਾਹੀਦੀ ਹੈ। ਇਸ ਦੇ ਬਾਅਦ ਖਹਿਰਾ ਨੇ ਹਮਾਇਤੀਆਂ ਦੇ ਨਾਲ ਮਾਰਚ ਦੌਰਾਨ ਨਾਅਰੇਬਾਜ਼ੀ ਕਰਦੇ ਹੋਏ SSP ਦਫਤਰ ਜਾਕੇ ਕੇਸ ਦਰਜ ਕਰਨ ਦਾ ਅਲਟੀਮੇਟਮ ਦਿੱਤਾ ।