Punjab

ਸੁਖਪਾਲ ਸਿੰਘ ਖਹਿਰਾ ਨੇ ਕੀਤੀ ਪੰਜਾਬ ਦੇ ਲੋਕਾਂ ਨੂੰ ਅਪੀਲ

 ਖਾਲਸ ਬਿਊਰੋ:ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਘਵ ਚੱਢਾ ਨੂੰ ਪੰਜਾਬ ਸਰਕਾਰ ਵਲੋਂ ਸਲਾਹਕਾਰ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਨੂੰ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਸਰਕਾਰ ਦਾ ਅਪਮਾਨ ਦਸਿਆ ਹੈ।ਉਹਨਾਂ ਸਵਾਲ ਖੜਾ ਕੀਤਾ ਹੈ ਕਿ ਕੀ ਪੰਜਾਬ ਦੀ ਸਰਕਾਰ ਤੇ ਕੈਬਨਿਟ ਵਿੱਚ ਕੋਈ ਵੀ ਕਾਬਲ ਵਿਅਕਤੀ ਨਹੀਂ ਹੈ? ਪਹਿਲਾਂ ਰਾਘਵ ਚੱਢਾ ਨੂੰ ਰਾਜ ਸਭਾ ਦਾ ਮੈਂਬਰ ਬਣਾਇਆ ਗਿਆ ਤੇ ਹੁਣ ਇਸ ਕਮੇਟੀ ਦਾ ਪ੍ਰਧਾਨ,ਕਿ ਇਹ ਸਾਰੇ ਮੰਤਰੀਮੰਡਲ ਦੀ ਬੇਇਜ਼ਤੀ ਨਹੀਂ ਹੈ?

ਪੰਜਾਬ ਦੇ ਸਾਰੇ 92 ਵਿਧਾਇਕਾਂ ਬਾਰੇ ਇਹ ਦਾਅਵਾ ਕੀਤਾ ਗਿਆ ਸੀ ਕਿ ਇਹਨਾਂ ਵਿੱਚੇਂ ਜਿਆਦਾਤਰ ਡਾਕਟਰ,ਵਕੀਲ ਤੇ ਹੋਰ ਰਿਟਾਇਰ ਅਧਿਕਾਰੀ ਹਨ,ਤਾਂ ਇਹਨਾਂ ਨੂੰ ਕਿਉਂ ਅਣਦੇਖਿਆ ਕੀਤਾ ਗਿਆ ਹੈ? ਖਹਿਰਾ ਨੇ ਸਰਦਾਰਾ ਸਿੰਘ ਜੌਹਲ,ਡਾ. ਕੇ ਐਸ ਔਲਖ ਤੇ ਜਰਨਲ ਸਤਬੀਰ ਸਿੰਘ ਬਾਜਵਾ ਵਰਗਿਆਂ ਵਿਦਵਾਨ ਸ਼ਖਸੀਅਤਾਂ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਇਹਨਾਂ ਨੂੰ ਛੱਡ ਕੇ ਇੱਕ ਬੱਤੀ-ਤੇਤੀ ਸਾਲ ਦਾ ਨੌਜਵਾਨ ਨੂੰ ਪ੍ਰਧਾਨ ਬਣਾਇਆ ਗਿਆ ਹੈ ,ਇਹ ਮੁੱਖ ਮੰਤਰੀ ਪੰਜਾਬ ਨੂੰ ਕੀ ਸਲਾਹ ਦੇਵੇਗਾ?

ਪੰਜਾਬ ਕੋਲ ਇੱਕ ਮਾਣਮਤਾ ਇਤਿਹਾਸ ਹੈ ਤੇ ਮੌਜੂਦਾ ਸਮੇਂ ਵਿੱਚ ਸੂਬੇ ਨੂੰ ਦਰਪੇਸ਼ ਆ ਰਹੀਆਂ ਮੁਸੀਬਤਾਂ ਲਈ ਲੜਨ ਵਾਸਤੇ ਕੀ ਇਸ ਤਰਾਂ ਦੇ ਵਿਅਕਤੀ ਕਾਬਲੀਅਤ ਰਖਦੇ ਹਨ।ਪੰਜਾਬ ਦੇ ਲੋਕ ਕਦੇ ਵੀ ਰਾਘਵ ਚੱਢਾ ਨੂੰ ਕਬੂਲ ਨਹੀਂ ਕਰਨਗੇ।ਮੱਤੇਵਾੜਾ ਮਸਲੇ ‘ਤੇ ਬੋਲਦਿਆਂ ਉਹਨਾਂ ਕਿਹਾ ਹੈ ਕਿ ਲੋਕਾਂ ਦੇ ਇੱਕਠ ਦੀ ਹੀ ਤਾਕਤ ਹੈ ਕਿ ਸਰਕਾਰ ਨੂੰ ਝੁਕਣਾ ਪਿਆ ਹੈ। ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰਨ।