Punjab

‘ਆਪ ਵਿਧਾਇਕ ਦੀ ਕੁੱਲ ਜਾਇਦਾਦ 13 ਲੱਖ’ ! ’43 ਲੱਖ ਦੀ ਕੈਸ਼ ਗੱਡੀ ਕਿਵੇ ਖਰੀਦੀ ਮਾਨ ਸਾਹਬ’ ?

ਬਿਊਰੋ ਰਿਪੋਰਟ : ਮੰਤਰੀ ਕਟਾਰੂਚੱਕ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਹੋਰ ਵਿਧਾਇਕ ਦੀ ਜਾਂਚ ਦੇ ਮਾਮਲੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਚੁਣੌਤੀ ਦਿੱਤੀ ਹੈ । ਖਹਿਰਾ ਨੇ ਇਲਜ਼ਾਮ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਦੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਨੇ 43 ਲੱਖ ਕੈਸ਼ ਦੇ ਕੇ ਫਾਰਚੂਨਰ ਗੱਡੀ ਖਰੀਦੀ ਹੈ । ਉਨ੍ਹਾਂ ਨੇ ਕਿਹਾ ਜਦਕਿ ਚੋਣ ਕਮਿਸ਼ਨ ਦੇ ਹਲਫਨਾਮੇ ਵਿੱਚ ਅਮੋਲਕ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਚੱਲ ਅਤੇ ਅਚੱਲ ਜਾਇਦਾਦ ਕੁੱਲ 13 ਲੱਖ ਹੈ ਤਾਂ ਉਨ੍ਹਾਂ ਨੇ ਫਿਰ 43 ਲੱਖ ਕੈਸ਼ ਦੇਕੇ ਨਵੀਂ ਗੱਡੀ ਕਿਵੇ ਖਰੀਦ ਲਈ ? ਮੁੱਖ ਮੰਤਰੀ ਭਗਵੰਤ ਮਾਨ ਕੋਲੋ ਜਾਂਚ ਦੀ ਮੰਗ ਕਰਦੇ ਹੋਏ ਖਹਿਰਾ ਨੇ ਤੰਜ ਵੀ ਕੱਸਿਆ ਹੈ ।

‘ਮੈਨੂੰ ਪਤਾ ਹੈ ਇਸ ਮਾਮਲੇ ਵਿੱਚ ਕੁਝ ਨਹੀਂ ਹੋਵੇਗਾ’

ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਦੇ ਹੋਏ ਲਿਖਿਆ ਕਿ ‘ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਇੱਕ ਟੈਸਟ ਰੱਖ ਰਿਹਾ ਹਾਂ, ਤੁਸੀਂ ਵਿਜੀਲੈਂਸ ਦੇ ਜ਼ਰੀਏ ਭ੍ਰਿਸ਼ਟਾਚਾਰੀ ਸਿਆਸਤਦਾਨਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਜਾਂਚ ਕਰਵਾਉਂਦੇ ਹੋ,ਮੈਂ ਤੁਹਾਡੇ ਸਾਹਮਣੇ MLA ਜੈਤੋ ਅਮੋਲਕ ਸਿੰਘ ਦਾ ਕੇਸ ਰੱਖ ਰਿਹਾ ਹਾਂ, ਜਿੰਨਾਂ ਦੀ ਕੁੱਲ ਜਾਇਦਾਦ ਚੋਣ ਕਮਿਸ਼ਨ ਦੇ ਹਲਫਨਾਮੇ ਮੁਤਾਬਿਕ 13 ਲੱਖ ਹੈ ਪਰ ਉਹ ਫਾਚੂਨਰ SUV 43 ਲੱਖ ਦੀ ਕੈਸ਼ ਕਿਵੇ ਖਰੀਦ ਰਹੇ ਹਨ। ਕੀ ਮੁੱਖ ਮੰਤਰੀ ਹੁਣ ਵਿਜੀਲੈਂਸ ਨੂੰ ਕਹਿਣਗੇ ਕਿ ਉਹ ਜਾਂਚ ਕਰਨ ਅਤੇ ਦੱਸਣ ਕੀ ਪੈਸਾ ਕਿੱਥੋ ਆਇਆ ? ਮੈਂ ਤੁਹਾਡੇ ਸਾਹਮਣੇ ਜਨਤਕ ਤੌਰ ‘ਤੇ ਜਾਂਚ ਦੀ ਮੰਗ ਰੱਖ ਰਿਹਾ ਹਾਂ,ਕਿਉਂਕਿ ਤੁਸੀਂ ਕਾਂਗਰਸ ਦੇ ਵਿਰੋਧੀ ਧਿਰ ਵਿੱਚ ਹੋਣ ਦੀ ਵਜ੍ਹਾ ਕਰਕੇ 12 ਤੋਂ ਵੱਧ ਆਗੂਆਂ ਖਿਲਾਫ ਵਿਜੀਲੈਂਸ ਦੀ ਜਾਂਚ ਕਰਵਾ ਰਹੇ ਹੋ, ਹਾਲਾਂਕਿ ਮੈਨੂੰ ਪਤਾ ਹੈ ਕੁਝ ਨਹੀਂ ਹੋਵੇਗਾ ਪਰ ਬਦਲਾਵ ਦਾ ਟੈਸਟ ਤੁਹਾਡੇ ਸਾਹਮਣੇ ਰੱਖ ਰਿਹਾ ਹਾਂ।

ਕਾਂਗਰਸ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਸਬੂਤ ਦੇ ਤੌਰ ‘ਤੇ ਫਾਰਚੂਨਰ ਗੱਡੀ ਦੀ ਫੋਟੋ,ਨੰਬਰ ਅਤੇ ਚੋਣ ਕਮਿਸ਼ਨ ਨੂੰ ਦਿੱਤੇ ਗਏ ਹਲਫਨਾਮੇ ਦੇ ਦਸਤਾਵੇਜ਼ ਵੀ ਸਾਂਝੇ ਕੀਤੇ ਹਨ। ਇਸ ਤੋਂ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਸੀ ਕਿ ਉਹ ਮੁੱਖ ਮੰਤਰੀ ਭਗਵੰਤ ਦੇ ਇਸ ਬਿਆਨ ਤੋਂ ਸਹਿਮਤ ਹਨ ਕਿ ਸਾਨੂੰ ਨਿੱਜੀ ਟਿਪਣੀ ਤੋਂ ਬਚਣਾ ਚਾਹੀਦਾ ਹੈ ਅਤੇ ਮੁੱਦਿਆਂ ‘ਤੇ ਗੱਲਬਾਤ ਕਰਨੀ ਚਾਹੀਦੀ ਹੈ। ਇਸ ਦੇ ਨਾਲ ਉਨ੍ਹਾਂ ਨੇ SIT ਵੱਲੋਂ ਮੰਤਰੀ ਦੇ ਖਿਲਾਫ ਹੁਣ ਤੱਕ ਜਾਂਚ ਨਾ ਕਰਨ ਨੂੰ ਲੈਕੇ ਵੀ ਸਵਾਲ ਚੁੱਕੇ ਸਨ ।