Punjab

ਖਹਿਰਾ ਨੇ ਭਗਵੰਤ ਦੇ ਦੋਗਲੇਪਨ ‘ਤੇ ਚੁੱਕੀ ਉਂਗਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : – ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਲੀਡਰਾਂ ਦੀ ਵਾਪਸ ਲਈ ਜਾ ਰਹੀ ਸਿਕਿਓਰਿਟੀ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ-ਵੱਡੇ ਲੀਡਰਾਂ, ਸਾਬਕਾ ਮੰਤਰੀਆਂ ਦੀ ਸਿਕਿਓਰਿਟੀ ਵਾਪਸ ਕਰ ਰਹੇ ਹਨ ਪਰ ਆਪਣੀ ਭੈਣ ਨੂੰ ਉਨ੍ਹਾਂ ਨੇ ਦੋ ਜਿਪਸੀਆਂ ਦੇ ਕੇ ਸਿਕਿਓਰਿਟੀ ਦਿੱਤੀ ਹੋਈ ਹੈ। ਆਪ ਦੇ ਕਈ ਲੀਡਰ ਘੱਟੋ ਘੱਟ 20 ਗੱਡੀਆਂ ਲੈ ਕੇ ਫਿਰ ਰਹੇ ਹਨ। 25-25, 30-30 ਗੰਨਮੈਨ ਲੈ ਕੇ ਫਿਰ ਰਹੇ ਹਨ। ਕੇਜਰੀਵਾਲ ਨੂੰ 80-85 ਪੰਜਾਬ ਪੁਲਿਸ ਦੇ ਕਮਾਂਡੋ ਭੇਜੇ ਹੋਏ ਹਨ। ਕੇਜਰੀਵਾਲ ਕੋਲ ਇਸ ਸਮੇਂ 190 ਪੁਲਿਸ ਕਵਰ ਹੈ। ਜਿਹੜੇ ਕਹਿੰਦੇ ਸੀ ਕਿ ਅਸੀਂ ਗੱਡੀ, ਸੁਰੱਖਿਆ ਕੁੱਝ ਨਹੀਂ ਲੈਣਾ, ਉਨ੍ਹਾਂ ਦਾ ਦੋ ਮਹੀਨਿਆਂ ਵਿੱਚ ਹੀ ਚਿਹਰਾ ਨੰਗਾ ਹੋ ਗਿਆ ਹੈ।

ਭੱਠਲ ਦੀ ਕੋਠੀ ਖਾਲੀ ਕਰਵਾਈ ਤਾਂ ਟੀਵੀ ਵਾਲਿਆਂ ਨੂੰ ਅਧਿਕਾਰ ਦੇ ਦਿੱਤੇ ਕਿ ਕੋਠੀ ਵਿੱਚ ਜਾ ਕੇ ਕਮਰੇ ਜਾਂ ਬਾਥਰੂਮ ਦਿਖਾਉ। ਲੀਡਰਾਂ ਦੀ ਸੁਰੱਖਿਆ ਵਾਪਸ ਕਰਨ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਤੇ ਸੁਰੱਖਿਆ ਵਾਪਸ ਲੈਣ ਵਾਲੇ ਲੀਡਰਾਂ ਦੇ ਨਾਂਵਾਂ ਦੀਆਂ ਲਿਸਟਾਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰ ਦਿੱਤੀਆਂ। ਇਸ ਨਾਲ ਉਨ੍ਹਾਂ ਦੇ ਦੁਸ਼ਮਣਾਂ ਨੂੰ ਚੁਕੰਨੇ ਕਰ ਦਿਉ ਕਿ ਉਨ੍ਹਾਂ ਕੋਲ ਹੁਣ ਕੋਈ ਸਿਕਿਓਰਿਟੀ ਨਹੀਂ ਹੈ, ਇਸ ਲਈ ਉਨ੍ਹਾਂ ਉੱਤੇ ਕੋਈ ਵੀ ਹਮਲਾ ਕਰ ਦੇਵੇ।

ਖਹਿਰਾ ਨੇ ਕਿਹਾ ਕਿ ਆਪ ਦੇ ਲੀਡਰ ਜ਼ਮੀਨਾਂ ਖਾਲੀ ਕਰਵਾਉਣ ਜਾਂਦੇ ਹਨ ਤਾਂ ਇਨ੍ਹਾਂ ਦੇ ਪਿੱਛੇ ਕੈਮਰਾ ਜ਼ਰੂਰ ਹੁੰਦਾ ਹੈ। ਖਹਿਰਾ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਦੋ-ਦੋ, ਚਾਰ-ਚਾਰ ਕਿਲੇ ਖਾਲੀ ਕਰਵਾਉਣ ਨਾਲੋਂ ਚੰਗਾ ਹੈ ਕਿ ਉਹ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਚੁੱਕਣ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਇਕੱਲਾ ਮੁਹਾਲੀ ਵਿੱਚ 50 ਹਜ਼ਰ ਏਕੜ ਜ਼ਮੀਨ ਜ਼ਿਲ੍ਹੇ ਦੇ ਵੱਡੇ ਅਤੇ ਤਾਕਤਵਰ ਅਫ਼ਸਰਾਂ ਦੇ ਕਬਜ਼ੇ ਹੇਠ ਹੈ। ਪਹਿਲਾਂ ਉਸ ਨੂੰ ਛੁਡਾਉ। ਇਹ ਸਿਰਫ਼ ਸੋਸ਼ਲ ਮੀਡੀਆ ਉੱਤੇ ਕੈਂਪੇਨ ਕਰ ਰਹੇ ਹਨ। ਇਹ ਦਿਖਾਵਾ ਜ਼ਿਆਦਾ ਅਤੇ ਕੰਮ ਘੱਟ ਕਰ ਰਹੇ ਹਨ।