ਬਿਉਰੋ ਰਿਪੋਰਟ: ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦਾ ਅੱਜ ਆਖ਼ਰੀ ਦਿਨ ਸੀ। ਇਸ ਦੌਰਾਨ ਪੰਜਾਬ ਵਿੱਚ ਕਈ ਥਾਈਂ ਹਿੰਸਾ ਦੀਆਂ ਘਟਨਾਵਾਂ ਦੀਆਂ ਖ਼ਬਰਾਂ ਆਈਆਂ। ਵਿਰੋਧੀਆਂ ਨੇ ਸੱਤਾਧਾਰੀ ਸਰਕਾਰ ਨੂੰ ਘੇਰਦਿਆਂ ਬਹੁਤ ਸਾਰੀਆਂ ਵੀਡੀਓਜ਼ ਜਾਰੀ ਕੀਤੀਆਂ ਤੇ ਮਾੜੇ ਪ੍ਰਬੰਧਾਂ ਲਈ ਸਰਕਾਰ ਦੀ ਨਿਖੇਧੀ ਕੀਤੀ।
ਇੱਕ ਪਾਸੇ ਜਿੱਥੇ ਉਮੀਦਵਾਰ ਆਪਣੇ ਪਰਚੇ ਦਾਖ਼ਲ ਕਰਨ ਲਈ ਲੰਮੀਆਂ ਕਤਾਰਾਂ ਵਿੱਚ ਲੱਗ ਕੇ ਜੱਦੋਜਹਿਦ ਕਰ ਰਹੇ ਹਨ ਤਾਂ ਦੂਜੇ ਪਾਸੇ ਕਈ ਪਿੰਡਾਂ ਦੇ ਮੋਹਤਬਾਰ ਸਰਬਸੰਮਤੀ ਨਾਲ ਬਿਨਾ ਕਿਸੇ ਖ਼ਰਚੇ ਤੇ ਖੱਜਲ-ਖੁਆਰੀ ਦੇ ਪੰਚਾਇਤਾਂ ਚੁਣ ਰਹੇ ਹਨ। ਅਜਿਹਾ ਇੱਕ ਮਾਮਲਾ ਸੁਖਪਾਲ ਖਹਿਰਾ ਦੇ ਜੱਦੀ ਪਿੰਡ ਰਾਮਗੜ੍ਹ ਤੋਂ ਸਾਹਮਣੇ ਆਇਆ ਹੈ।
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜੱਦੀ ਪਿੰਡ ਰਾਮਗੜ੍ਹ (ਭੁਲੱਥ) ਵਿਖੇ ਸਰਬਸੰਮਤੀ ਨਾਲ ਸਮੁੱਚੀ ਪੰਚਾਇਤ ਦੀ ਚੋਣ ਕੀਤੀ ਗਈ ਜਿਸ ਵਿੱਚ ਧਰਮਿੰਦਰ ਸਿੰਘ ਨੂੰ ਸਰਪੰਚ ਅਤੇ ਸੱਤ ਮੈਂਬਰ ਪੰਚਾਇਤ ਚੁਣੇ ਗਏ।
ਖਹਿਰਾ ਨੇ ਆਪਣੇ ਹਲਕਾ ਭੁਲੱਥ ਦੇ ਅਨੇਕਾਂ ਪਿੰਡਾਂ ਦੇ ਵੋਟਰਾਂ ਨੂੰ ਵੀ ਵਧਾਈ ਦਿੱਤੀ ਹੈ ਜਿਨ੍ਹਾਂ ਨੇ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਹਨ।