‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਬੀਜੇਪੀ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੀ ਮਲੋਟ ਵਿੱਚ ਹੋਈ ਕੁੱਟਮਾਰ ‘ਤੇ ਬੋਲਦਿਆਂ ਕਿਹਾ ਕਿ ਮੈਂ ਬੀਤੇ ਦਿਨੀਂ ਭਾਜਪਾ ਦੇ ਵਿਧਾਇਕ ਦੀ ਹੋਈ ਕੁੱਟਮਾਰ ਦਾ ਹਮਾਇਤੀ ਨਹੀਂ ਹਾਂ ਪਰ ਭਾਜਪਾ ਪੂਰੇ ਦੇਸ਼ ਵਿੱਚ ਜੋ ਨਫ਼ਰਤ ਦੇ ਬੀਜ ਬੀਜ ਰਹੀ ਹੈ, ਇਹ ਉਸ ਦਾ ਨਤੀਜਾ ਹੈ। ਪੰਜਾਬੀ ਦੀ ਕਹਾਵਤ ਹੈ ਕਿ “ਜੋ ਬੀਜੋਗੇ, ਉਹੀ ਵੱਢੋਗੇ।”
ਕਿਸਾਨੀ ਅੰਦੋਲਨ ਦੌਰਾਨ ਕਈ ਕਿਸਾਨ ਸ਼ਹੀਦ ਹੋ ਗਏ ਹਨ। ਉਨ੍ਹਾਂ ਲਈ ਕੋਈ ਕੁੱਝ ਨਹੀਂ ਬੋਲਿਆ। ਪਰ ਇੱਥੇ ਜੇ ਇੱਕ ਵਿਧਾਇਕ ਦੀ ਕੁੱਟਮਾਰ ਹੋ ਗਈ ਤਾਂ ਕਿੰਨੀ ਹਾਹਾਕਾਰ ਮੱਚ ਗਈ ਹੈ। ਸਾਰੀ ਬੀਜੇਪੀ ਤਰਲੋ-ਮੱਛੀ ਹੋ ਰਹੀ ਹੈ, ਕਹਿ ਰਹੀ ਹੈ ਕਿ ਪੰਜਾਬ ਵਿੱਚ ਰਾਸ਼ਟਰਵਾਦੀ ਰਾਜ ਲੱਗਣਾ ਚਾਹੀਦਾ ਹੈ। ਪਰ ਸਾਰੇ ਦੇਸ਼ ਵਿੱਚ ਕੇਂਦਰ ਸਰਕਾਰ ਜੋ ਵਧੀਕੀਆਂ ਕਰ ਰਹੀ ਹੈ, ਉਨ੍ਹਾਂ ਦਾ ਜਵਾਬ ਕੌਣ ਦੇਵੇਗਾ। ਕਿਸਾਨਾਂ ਦੇ ਨਾਲ ਜੋ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ, ਕੀ ਉਹ ਠੀਕ ਹੋ ਰਿਹਾ ਹੈ। ਬੀਜੇਪੀ ਨੂੰ ਆਪਣੇ ਕੰਮ ਕਰਨ ਦੇ ਤਰੀਕੇ ਨੂੰ ਸੁਧਾਰਨਾ ਚਾਹੀਦਾ ਹੈ।
ਈਡੀ ਨੇ ਮੇਰੇ ‘ਤੇ ਤਾਂ ਛਾਪੇਮਾਰੀ ਕਰ ਦਿੱਤੀ, ਪਰ ਜੋ ਅਧਿਕਾਰੀ ਭ੍ਰਿਸ਼ਟਾਚਾਰ ਕਰਦੇ ਹਨ, ਉਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਪੰਜਾਬ ਵਿੱਚ ਪਹਿਲਾ ਰੇਡ ਸੁਖਪਾਲ ਸਿੰਘ ਖਹਿਰਾ ਦੇ ਘਰ ਕੀਤਾ ਗਿਆ। ਮੈਨੂੰ ਕਿਸਾਨੀ ਅੰਦੋਲਨ ਕਰਕੇ ਟਾਰਗੇਟ ਕੀਤਾ ਗਿਆ ਸੀ। ਮੈਂ ਸਰਕਾਰ ਦੇ ਹਰ ਫੈਸਲੇ ਦਾ ਡਟ ਕੇ ਵਿਰੋਧ ਕੀਤਾ ਹੈ।