Punjab

ਪੰਜਾਬ ਵਿੱਚ ਨਸ਼ਿਆਂ ਨੂੰ ਲੈ ਕੇ ਖਹਿਰਾ ਨੇ ਸੀਐਮ ਭਗਵੰਤ ਮਾਨ ਨੂੰ ਦਿੱਤੀ ਖ਼ਾਸ ਸਲਾਹ

Sukhpal Khaira

ਬਿਉਰੋ ਰਿਪੋਰਟ: ਆਜ਼ਾਦੀ ਦਿਹਾੜੇ ’ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਵੀਡੀਓ ਪੋਸਟ ਸ਼ੇਅਰ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਨਸ਼ਿਆਂ ਦੀ ਅਲਾਮਤ ਦੂਰ ਕਰਨ ਦਾ ਅਹਿਦ ਲੈਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਪੋਸਟ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਆਖਿਆ ਹੈ ਕਿ ਆਜ਼ਾਦੀ ਦਿਹਾੜੇ ਮੌਕੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰਨ ਦਾ ਅਹਿਦ ਲੈਣਾ ਹੀ ਆਜ਼ਾਦੀ ਦਿਵਸ ਦਾ ਸਭ ਤੋਂ ਉੱਤਮ ਸੰਕਲਪ ਹੋਵੇਗਾ।

ਖਹਿਰਾ ਨੇ ਲਿਖਿਆ, “ਆਜ਼ਾਦੀ ਦਿਹਾੜੇ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬਹੁਤ ਅਫ਼ਸੋਸ ਹੋ ਰਿਹਾ ਹੈ ਕਿਉਂਕਿ ਮੈਂ ਮਹਿਸੂਸ ਕਰਦਾ ਹਾਂ ਕਿ ਸ਼ਾਇਦ ਪੰਜਾਬ ਹੀ ਨਹੀਂ ਬਲਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਨੌਜਵਾਨ ਅਜੇ ਵੀ ਨਸ਼ਿਆਂ ਦੀ ਅਲਾਮਤ ਦੇ ਗੁਲਾਮ ਹਨ। ਮੈਂ ਆਸ ਕਰਦਾ ਹਾਂ ਕਿ ਸਾਡੇ ਸੀਐਮ ਭਗਵੰਤ ਮਾਨ ਆਪਣੇ ਵਾਅਦੇ ਅਨੁਸਾਰ ਪੰਜਾਬ ਵਿੱਚੋਂ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਹ ਆਜ਼ਾਦੀ ਦਿਵਸ ਦਾ ਸਭ ਤੋਂ ਉੱਤਮ ਸੰਕਲਪ ਹੋਵੇਗਾ।”

ਦਰਅਸਲ ਖਹਿਰਾ ਨੇ ਗਿੱਲ ਹਸਪਤਾਲ ਮੋਰਿੰਡਾ ਰੋਡ ਰੋਪੜ ਬਾਈਪਾਸ ਤੇ ਪ੍ਰੈਕਟਿਸ ਕਰਨ ਵਾਲੇ ਇੱਕ ਡਾਕਟਰ ਦੀ ਵੀਡੀਓ ਸ਼ੇਅਰ ਕੀਤੀ ਹੈ ਜੋ ਵੀਡੀਓ ਵਿੱਚ ਇੱਕ ਮਰੀਜ਼ ਦਿਖਾ ਰਹੇ ਹਨ ਜੋ ਨਸ਼ਿਆਂ ਵਿੱਚ ਇਸ ਕਦਰ ਗ਼ਲਤਾਨ ਹੋ ਚੁੱਕਾ ਹੈ ਕਿ ਉਸ ਦੀਆਂ ਲੱਤਾਂ, ਬਾਹਵਾਂ ਤੇ ਪੈਰਾਂ ਵਿੱਚ ਚਿੱਟੇ ਦੇ ਟੀਕਿਆਂ ਨਾਲ ਮੋਘੇ ਬਣ ਚੁੱਕੇ ਹਨ। ਨਸ਼ਿਆਂ ਦਾ ਆਦੀ ਇਹ ਮਰੀਜ਼ ਕਾਲ਼ੇ ਪੀਲ਼ੀਏ ਦਾ ਵੀ ਮਰੀਜ਼ ਹੋ ਚੁੱਕਿਆ ਹੈ। ਇਹ ਡਾਕਟਰ ਨੌਜਵਾਨਾਂ ਨੂੰ ਅਪੀਲ ਕਰ ਰਿਹਾ ਹੈ ਕਿ ਉਹ ਆਪਣੀ ਜ਼ਿੰਦਗੀ ਇਸ ਤਰੀਕੇ ਬਰਬਾਦ ਨਾ ਕਰਨ। ਨਸ਼ਾ ਵੇਚਣ ਵਾਲਿਆਂ ਨੂੰ ਠੋਕਿਆ ਜਾਵੇ ਤੇ ਨਸ਼ਾ ਕਰਨ ਵਾਲਿਆਂ ਨੂੰ ਰੋਕਿਆ ਜਾਵੇ।