Punjab

ਹਰਜੋਤ ਬੈਂਸ ਦੀ ਵਧੀ ਮੁਸ਼ਕਲ! ਪਤਨੀ ’ਤੇ ਲੱਗਾ ਇੱਕ ਹੋਰ ਵੱਡਾ ਇਲਜ਼ਾਮ! ਕਾਂਗਰਸ ਨੇ ਘੇਰੀ ਮਾਨ ਸਰਕਾਰ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਹਿਲਾਂ ਹੀ ਉਹ ਤੇ ਉਨ੍ਹਾਂ ਦੀ ਪਤਨੀ ’ਤੇ 100 ਕਰੋੜ ਰੁਪਏ ਦੀ ਕਥਿਤ ਸਾਈਬਰ ਠੱਗੀ ਨਾਲ ਸਬੰਧਿਤ ਮਾਮਲੇ ਵਿੱਚ ਘਿਰੇ ਹੋਏ ਹਨ ਤੇ ਹੁਣ ਉਨ੍ਹਾਂ ਦੀ IPS ਪਤਨੀ ਜੋਤੀ ਯਾਦਵ ’ਤੇ ਇੱਕ ਹੋਰ ਵੱਡਾ ਗੰਭੀਰ ਇਲਜ਼ਾਮ ਲੱਗਾ ਹੈ। ਕਾਂਗਰਸ ਲੀਡਰ ਸੁਖਪਾਲ ਖਹਿਰਾ ਨੇ ਇਸ ਬਾਰੇ ਖ਼ੁਲਾਸਾ ਕਰਦਿਆਂ ‘ਆਪ’ ਦੀ ਭਗਵੰਤ ਮਾਨ ਸਰਕਾਰ ’ਤੇ ਸਵਾਲ ਚੁੱਕੇ ਹਨ।

ਦਰਅਸਲ ਇੱਕ NRI ਨੇ ਰਾਜਪਾਲ, DGP ਤੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਨੂੰ ਸ਼ਿਕਾਇਤ ਕੀਤੀ ਸੀ ਕਿ ਜੋਤੀ ਯਾਦਵ ਨੇ ਇੱਕ ਭੂ-ਮਾਫੀਆ ਦਾ ਸਮਰਥਨ ਕੀਤਾ ਸੀ ਜਿਸ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਮੁਹਾਲੀ ਹਵਾਈ ਅੱਡੇ ਦੇ ਨੇੜੇ ਉਸ ਦੀ 22 ਏਕੜ ਜ਼ਮੀਨ ਗੈਰ-ਕਾਨੂੰਨੀ ਤੌਰ ’ਤੇ ਹਥਿਆ ਲਈ ਸੀ।

ਖਹਿਰਾ ਨੇ ਦੱਸਿਆ ਕਿ NRI ਨਾਂ ਗੁਰਮੀਤ ਸਿੰਘ ਹੈ ਜੋ ਮਹਿਰਾਜ, ਜ਼ਿਲ੍ਹਾ ਬਠਿੰਡਾ ਨਾਲ ਸਬੰਧ ਰੱਖਦਾ ਹੈ। ਉਸਨੇ ਇਲਜ਼ਾਮ ਲਾਇਆ ਹੈ ਕਿ ਉਸ ਦੀ ਜਾਇਦਾਦ ਹੜੱਪਣ ਦੇ ਮਾਮਲੇ ਵਿੱਚ ਮੁਲਜ਼ਮਾਂ ਨੂੰ ਬਿਨ੍ਹਾ ਕਾਨੂੰਨ ਦਾ ਪਾਲਨ ਕੀਤੇ ਰਿਹਾਅ ਕੀਤਾ ਗਿਆ। ਉਨ੍ਹਾਂ ਕੋਲੋਂ ਰਿਸ਼ਵਤ ਲਈ ਗਈ ਅਤੇ ਮਾਮਲੇ ਸਬੰਧੀ NRI ਵੱਲੋਂ ਕੀਤੀਆਂ ਸ਼ਿਕਾਇਤਾਂ ਨੂੰ ਖੁਰਦ-ਬੁਰਦ ਕੀਤਾ ਗਿਆ ਹੈ। ਇੱਥੋਂ ਤੱਕ ਕਿ ਮਿਲੀਭੁਗਤ ਤਹਿਤ ਮੁਲਜ਼ਮਾਂ ਨੂੰ ਸਜ਼ਾ ਤੋਂ ਬਚਾਉਣ ਲਈ ਕਈ ਯਤਨ ਕੀਤੇ ਗਏ। NRI ਗੁਰਮੀਤ ਸਿੰਘ ਨੇ ਮੁਹਾਲੀ ਦੇ ਸਾਬਕਾ SSP ਸੰਦੀਪ ਗਰਗ, ਥਾਣਾ ਸੋਹਾਣਾ ਦੇ ਇੰਸਪੈਕਟਰ ਸੁਮਿਤ ਮੌੜ, ਹੈਡ ਕਾਂਸਟੇਬਲ ਮਲਕੀਤ ਸਿੰਘ ਤੇ ਗੁਲਾਬ ਸਿੰਘ ’ਤੇ ਵੀ ਇਲਜ਼ਾਮ ਲਾਏ ਹਨ।

ਖਹਿਰਾ ਨੇ ਦੱਸਿਆ ਕਿ ਪੀੜਤ NRI ਦਾ ਜ਼ਮੀਨੀ ਵਿਵਾਦ ਹੁਣ ਅਦਾਲਤ ਵਿੱਚ ਹੈ, ਕਿਉਂਕਿ ਜੋਤੀ ਯਾਦਵ ਦੀ ਰਿਪੋਰਟ ਵਿੱਚ ਕਥਿਤ ਤੌਰ ’ਤੇ ਭੂ-ਮਾਫ਼ੀਆ ਅਤੇ ਭ੍ਰਿਸ਼ਟ ਪੁਲਿਸ ਅਫ਼ਸਰਾਂ ਦੀ ਗੈਰ-ਕਾਨੂੰਨੀ ਜ਼ਮੀਨ ਹੜੱਪਣ ਦਾ ਪੱਖ ਪੂਰਿਆ ਗਿਆ ਹੈ। ਹੈਰਾਨੀ ਵਾਲੀ ਗੱਲ ਹੈ ਕਿ ਐਨਆਰਆਈ ਦੀ ਜ਼ਮੀਨ ਫਰਜ਼ੀ ਦਸਤਾਵੇਜ਼ਾਂ ਰਾਹੀਂ ਹੜੱਪਣ ਦੇ ਅਜਿਹੇ ਗੰਭੀਰ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਪੁਲਿਸ ਦੇ ਡੀਜੀਪੀ ਚੁੱਪ ਕਿਉਂ ਹਨ?

ਖਹਿਰਾ ਨੇ ਮੰਤਰੀ ਹਰਜੋਤ ਬੈਂਸ ਨੂੰ ਸਵਾਲ ਪੁੱਛਿਆ ਕਿ ਤੁਸੀਂ ਆਪ 100 ਕਰੋੜ ਦੇ ਸਾਈਬਰ ਘੁਟਾਲੇ ’ਚ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ ਤੇ ਉਹ ਆਪਣੀ ਪਤਨੀ ਐਸਪੀ ਜੋਤੀ ਯਾਦਵ ਨੂੰ ਕਲੀਨ ਚਿੱਟ ਦੇ ਕੇ ਉਸ ਨੂੰ ਮਿਸਾਲੀ ਅਫ਼ਸਰ ਕਿਵੇਂ ਕਹਿ ਸਕਦੇ ਹਨ?

ਸਬੰਧਿਤ ਖ਼ਬਰ – ਮਹਿਲਾ ਇੰਸਪੈਕਟਰ ਵੱਲੋਂ ਹਰਜੋਤ ਬੈਂਸ ਤੇ IPS ਪਤਨੀ ’ਤੇ 100 ਕਰੋੜ ਦੇ ਠੱਗਾਂ ਨੂੰ ਬਚਾਉਣ ਦਾ ਇਲਜ਼ਾਮ! ਮੰਤਰੀ ਨੇ ਮਾਣਹਾਣੀ ਦੇ ਕੇਸ ਦੀ ਦਿੱਤੀ ਚਿਤਾਵਨੀ