Punjab

ਸੁਖਪਾਲ ਖਹਿਰਾ ਨੇ RTI ਐਕਟ ‘ਚ ਮੁਲਾਜ਼ਮਾਂ ਦੀ ਘਾਟ ਦਾ ਚੁੱਕਿਆ ਮੁੱਦਾ, ਕਿਹਾ ਕਈ ਹਜ਼ਾਰ ਅਰਜੀਆਂ ਪੈਂਡਿੰਗ

ਕਾਂਗਰਸ ਦੇ ਭੁਲੱਥ (Bhulath) ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਪੰਜਾਬ ਵਿੱਚ ਆਰ.ਟੀ.ਆਈ (RTI) ‘ਚ ਕਈ ਅਸਾਮੀਆਂ ਦੇ ਖਾਲੀ ਹੋਣ ਦਾ ਮੁੱਦਾ ਚੁੱਕਦਿਆਂ ਸਰਕਾਰ ਨੂੰ ਇਸ ਨੂੰ ਭਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਚੰਡੀਗੜ੍ਹ ਵਿੱਚ 9 ਤੋਂ 10 ਹਜ਼ਾਰ ਪੈਂਡਿੰਗ ਅਰਜੀਆਂ ਪਈਆਂ ਹਨ, ਜਿਨ੍ਹਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਹੈ। ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਆਪ ਇਕ ਆਰ.ਟੀ.ਆਈ ਦਾ ਕਾਰਕੁੰਨ ਸੀ। ਉਸ ਨੇ ਆਪਣਾ ਕਰੀਅਰ ਆਰ.ਟੀ.ਆਈ ਕਾਰਕੁੰਨ ਵਜੋਂ ਸ਼ੁਰੂ ਕੀਤਾ ਸੀ। ਪਰ ਉਸ ਦੀ ਪਾਰਟੀ ਦੀ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ। ਕੇਜਰੀਵਾਲ ਨੇ ਇਸੇ ਦੇ ਤਹਿਤ ਹੀ ਕੁਝ ਸਾਲ ਪਹਿਲਾਂ ਮੈਗਸਾਸੇ ਅਵਾਰਡ ਹਾਸਲ ਕੀਤਾ ਸੀ ਪਰ ਹੁਣ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਪੰਜਾਬ ਵਿੱਚ ਆਰ.ਟੀ.ਆਈ ਐਕਟ 2005 ਦਾ ਸਭ ਤੋਂ ਵੱਡਾ ਸ਼ਿਕਾਰ ਵੀ ਉਹ ਖੁਦ ਆਪ ਹੋਇਆ ਹੈ।

ਸੁਖਪਾਲ ਖਹਿਰਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਰਾਜ ਸੂਚਨਾ ਕਮਿਸ਼ਨ ਕੋਲ ਸਿਰਫ SIC ਦਾ ਮੁਖੀ ਹੀ ਹੈ ਅਤੇ ਹੋਰ ਕੋਈ ਵੀ ਮੈਂਬਰ ਨਹੀਂ ਹੈ, ਜਿਸ ਨਾਲ ਕਾਫੀ ਮੁਸ਼ਕਲ ਹੋ ਰਹੀ ਹੈ। ਖਹਿਰਾ ਨੇ ਕਿਹਾ ਇਸ ਦੇ 10 ਰਾਜ ਸੂਚਨਾ ਕਮਿਸ਼ਨਰ ਹੋਣੇ ਚਾਹੀਦੇ ਹਨ। ਉਨ੍ਹਾਂ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਖੇ SIC ਕੋਲ ਲਗਭਗ 9 ਤੋਂ 10 ਹਜ਼ਾਰ RTI ਦੀਆਂ ਅਪੀਲਾਂ ਪੈਂਡਿੰਗ ਪਈਆਂ ਹਨ। ਪੰਜਾਬ ਵਿੱਚ ਪੀਆਈਓ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਦੇ ਕਾਰਨ ਛੋਟੀ ਤੋਂ ਛੋਟੀ ਜਾਣਕਾਰੀ ਤੋਂ ਵੀ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦਾ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ਬਣਾਏ ਗਏ RTI 2005 ਐਕਟ ਪ੍ਰਤੀ ਕੋਈ ਵਿਸ਼ਵਾਸ ਨਹੀਂ ਹੈ।

ਇਹ ਵੀ ਪੜ੍ਹੋ –  11 ਲੋਕਾਂ ਨੂੰ ਅਵਾਰਾ ਕੁੱਤਿਆਂ ਨੇ ਕੱਟਿਆ, ਦੋ ਦੀ ਹਾਲਤ ਨਾਜ਼ੁਕ