1 MLA ਪੈਨਸ਼ਨ ਦੀ ਸੁਖਪਾਲ ਖਹਿਰਾ ਨੇ ਤਾਰੀਫ਼ ਕਰਦੇ ਹੋਏ ਸਰਕਾਰੀ ਇਸ਼ਤਿਆਰਾਂ ‘ਤੇ ਸਵਾਲ ਚੁੱਕੇ
‘ਦ ਖ਼ਾਲਸ ਬਿਊਰੋ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਸਰਕਾਰ ਦੇ 1 MLA ਇੱਕ ਪੈਨਸ਼ਨ ਕਾਨੂੰਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਮ ਆਦਮੀ ਪਾਰਟੀ ਇੱਕ ਵਾਰ ਮੁੜ ਤੋਂ ਆਪਣੀ ਸਰਕਾਰ ਦੀ ਪਿੱਠ ਥਾਪੜ ਰਹੀ ਹੈ। ਮਾਨ ਸਰਕਾਰ ਸਰਕਾਰ ਦਾ ਦਾਅਵਾ ਹੈ ਕਿ ਇਸ ਨਾਲ ਸਰਕਾਰੀ ਖ਼ਜਾਨੇ ਨੂੰ ਹਰ ਸਾਲ 19 ਕਰੋੜ ਦਾ ਫਾਇਦਾ ਹੋਵੇਗਾ ਅਤੇ 5 ਸਾਲਾਂ ਵਿੱਚ 100 ਕਰੋੜ ਰੁਪਏ ਸਰਕਾਰੀ ਖਜ਼ਾਨੇ ਦੇ ਬਚਣਗੇ। ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਇਸ ਦਾ ਸੁਆਗਤ ਕਰ ਰਹੀਆਂ ਹਨ ਪਰ ਨਾਲ ਹੀ ਸਵਾਲ ਵੀ ਪੁੱਛ ਰਹੀ ਹੈ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਇਸ ਨੂੰ ਚੰਗਾ ਕਦਮ ਦਸਦੇ ਹੋਏ ਇਸ਼ਤਿਆਰਾਂ ‘ਤੇ ਖਰਚ ਹੋਣ ਵਾਲੇ ਬੇਹਿਸਾਬ ਖਰਚ ਨੂੰ ਲੈਕੇ ਸਰਕਾਰ ਨੂੰ ਸਵਾਲ ਪੁੱਛਿਆ ਹੈ।
ਸੁਖਪਾਲ ਖਹਿਰਾ ਦਾ ਸਰਕਾਰ ਨੂੰ ਸਵਾਲ
ਸੁਖਪਾਲ ਖਹਿਰਾ ਨੇ ਸੋਸ਼ਲ਼ ਮੀਡੀਆ ‘ਤੇ RTI ਦੀ ਕਾਪੀ ਅਤੇ ਅਖਬਾਰਾਂ ਵਿੱਚ ਇਸ਼ਤਿਆਰ ਦੇ ਰੂਪ ਵਿੱਚ ਲੱਗਣ ਵਾਲੀਆਂ ਖ਼ਬਰਾਂ ਨੂੰ ਲੈ ਕੇ ਮਾਨ ਸਰਕਾਰ ਨੂੰ ਘੇਰਿਆ । ਟਵਿਟਰ ‘ਤੇ ਉਨ੍ਹਾਂ ਨੇ ਲਿਖਿਆ ਕਿ ‘ਮੈਂ ਸਿੰਗਲ MLA ਪੈਨਸ਼ਨ ਦਾ ਸੁਆਗਤ ਕਰਦਾ ਹਾਂ ਜਿਸ ਨਾਲ 19 ਕਰੋੜ ਰੁਪਏ ਸਲਾਨਾ ਬਚਾਉਣ ਦਾ ਭਗਵੰਤ ਮਾਨ ਸਰਕਾਰ ਦਾਅਵਾ ਕਰ ਰਹੀ ਹੈ,ਪਰ ਜਿਸ ਤਰ੍ਹਾਂ ਨਾਲ ਜਨਤਾ ਦਾ ਪੈਸਾ ਸਰਕਾਰ ਇਸ਼ਤਿਆਰਾਂ ‘ਤੇ ਖਰਚ ਕਰ ਰਹੀ ਹੈ ਉਹ ਧੋਖਾ ਹੈ। ਕਿਉਂਕਿ ਪਹਿਲੇ ਤਿੰਨ ਮਹੀਨੇ ਵਿੱਚ 50 ਕਰੋੜ ਰੁਪਏ ਸਰਕਾਰ ਨੇ ਇਸ਼ਤਿਆਰਾਂ ਦੇ ਖਰਚ ਕਰ ਦਿੱਤੇ ਯਾਨੀ ਸਾਲ ਦੇ 200 ਕਰੋੜ ਰੁਪਏ ਸਿਰਫ਼ ਇਸ਼ਤਿਆਰਾਂ ‘ਤੇ ਵੀ ਖਰਚ ਕੀਤੇ ਜਾਣਗੇ ! ਕੀ ਇਹ ਬੁੱਧੀਮਾਨ ਹੈ?’
ਮੁੱਖ ਮੰਤਰੀ ਬਾਦਲ ਨੇ ਪੈਨਸ਼ਨ ਲੈਣ ਤੋਂ ਇਨਕਾਰ ਕੀਤਾ ਸੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ 9 ਪੈਨਸ਼ਨਾਂ ਲੈ ਰਹੇ ਸਨ ਨੇ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਇੱਕ ਵੀ ਪੈਨਸ਼ਨ ਲੈਣ ਤੋਂ ਨਾਂਹ ਕਰ ਦਿੱਤੀ ਸੀ। ਪੰਜਾਬ ਦੇ ਇੱਕ ਦਰਜਨ ਸਾਬਕਾ ਵਿਧਾਇਕ ਪੰਜ ਤੋਂ ਛੇ ਪੈਨਸ਼ਨਾਂ ਲੈ ਰਹੇ ਹਨ।
ਤਿੰਨ ਦਰਜਨ ਤੋਂ ਵੱਧ ਸਾਬਕਾ ਵਿਧਾਇਕ ਦੋ ਤੋਂ ਤਿੰਨ ਪੈਨਸ਼ਨਾਂ ਜੇਬਾਂ ਵਿੱਚ ਪਾ ਰਹੇ ਹਨ। ਉਂਝ ਇਸ ਵਾਰ ਵਿਧਾਨ ਸਭਾ ਵਿੱਚ 80 ਵਿਧਾਇਕ ਨਵੇਂ ਜੁੜੇ ਹਨ, ਮੌਜੂਦਾ ਐਸੰਬਲੀ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਪੈਨਸ਼ਨ ਲੈਣ ਵਾਲਿਆਂ ਵਿੱਚ 80 ਨਵੇਂ ਜੁੜ ਜਾਣਗੇ।