‘ਦ ਖਾਲਸ ਬਿਊਰੋ:ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਆਪ ਸਰਕਾਰ ਵੱਲੋਂ ਮੀਡੀਆ ਨੂੰ ਕੰਟਰੋਲ ਕੀਤੇ ਜਾਣ ਦੀ ਸ਼ਿਕਾਇਤ ਲਾਈ ਹੈ, ਖਹਿਰਾ ਨੇ ਦਾਅਵਾ ਕੀਤਾ ਕਿ ਮੇਰੇ ਕੋਲ ਸਬੂਤ ਹਨ ਕਿ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਦੋ ਏਜੰਟਾਂ ਰਾਹੀਂ ਪੰਜਾਬ ਚ ਮੀਡੀਆ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਖਹਿਰਾ ਨੇ ਦੋ ਬੰਦਿਆਂ ਦਾ ਨਾਂ ਲੈ ਕੇ ਇਲਜ਼ਾਮ ਲਾਇਆ ਕਿ ਆਪ ਸਰਕਾਰ ਨੇ ਉਕਤ ਬੰਦਿਆਂ ਨੂੰ ਸਰਕਾਰੀ ਸਹੂਲਤਾਂ ਦੇ ਕੇ ਮੀਡੀਆ ਨੂੰ ਕਾਬੂ ਕਰਨ ਦੀ ਡਿਊਟੀ ਲਾਈ ਹੈ, ਜਿਹੜੇ ਸਰਕਾਰ ਪੱਖੀ ਨਾ ਹੋਣ ਵਾਲੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਅਦਾਰਿਆਂ ਖਾਸ ਕਰਕੇ ਵੈੱਬ ਚੈਨਲਾਂ ਦੇ ਪੱਤਰਕਾਰਾਂ ਨੂੰ ਡਰਾਉਣ ਧਮਕਾਉਣ ਤੋਂ ਵੀ ਬਾਜ ਨਹੀਂ ਆਉਂਦੇ, ਉਨਾਂ ਸਿੱਧਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਲਾਉਂਦਿਆ ਕਿਹਾ ਕਿ ਜਿਵੇਂ ਕੇਜਰੀਵਾਲ ਨੇ ਸੈਂਟਰ ਸਰਕਾਰ ਦੀ ਗੱਲ ਕਰਨ ਵਾਲੇ ਚੈਨਲਾਂ ਨੂੰ ਗੋਦੀ ਮੀਡੀਆ ਦਾ ਨਾਂ ਦਿੱਤਾ ਸੀ ਪਰ ਉਸੇ ਤਰਾਂ ਹੁਣ ਇਹ ਆਪ ਹੀ ਪੰਜਾਬ ‘ਚ ਕੇਜੀ ਮੀਡੀਆ ਪੈਦਾ ਕਰ ਰਹੇ ਹਨ>

ਖਹਿਰਾ ਨੇ ਤੱਥ ਪੇਸ਼ ਕਰਦਿਆਂ ਦੱਸਿਆ ਕਿ 25 ਮਈ ਨੂੰ ਪੀੜਤ ਕਿਸਾਨਾਂ ਦੀ ਗੱਲ ਜਨਤਕ ਲਈ ਮੀਡੀਆ ਨੂੰ ਸੱਦਿਆ ਸੀ ਪਰ ਸਰਕਾਰੀ ਦਬਾਅ ਕਾਰਨ ਮੇਰੀ ਪ੍ਰੈਸ ਕਾਨਫਰੰਸ ਨੂੰ ਵਿਚੇ ਹੀ ਰੋਕ ਦਿੱਤਾ ਗਿਆ ਸੀ ਜਿਹੜਾ ਕਿ ਅਣਐਲਾਨੀ ਐਮਰਜੈਂਸੀ ਵਾਂਗ ਹੈ, ਉਨਾਂ ਸੀਐਮ ਦੇ ਚੰਗੇ ਕੰਮਾਂ ਦੀ ਸ਼ਲਾਘਾ ਕਰਦਿਆਂ ਇਸ ਮਸਲੇ ਵਿੱਚ ਵੀ ਦਖਲ ਦੇਣ ਦੀ ਅਪੀਲ ਕੀਤੀ ਹੈ।

ਸੁਖਪਾਲ ਖਹਿਰਾ ਨੇ ਸਾਰਿਆਂ ਨੂੰ ਮੀਡੀਆ ਦੀ ਆਜਾਦੀ ਤੇ ਹੋਣ ਵਾਲੇ ਹਮਲੇ ਦੇ ਖਿਲਾਫ਼ ਖੜੇ ਹੋਣ ਦੀ ਅਪੀਲ ਵੀ ਕੀਤੀ ਤੇ ਸਰਕਾਰ ਨੂੰ ਵੀ ਨਸੀਹਤ ਦਿੱਤੀ ਹੈ ਕਿ ਤੁਸੀਂ ਸਰਕਾਰ ਹੋ ਆਲੋਚਨਾ ਸਹਿਣ ਕਰਨ ਦੀ ਹਿੰਮਤ ਰੱਖੋ ਤੇ ਮੀਡੀਆ ਨੂੰ ਆਜ਼ਾਦ ਕਰੋ।
25 ਮਈ ਨੂੰ ਸੁਖਪਾਲ ਖਹਿਰਾ ਦੀ ਪ੍ਰੈਸ ਕਾਨਫਰੰਸ ਦੀ ਕਵਰੇਜ ਨੂੰ ਕਈ ਚੈਨਲਾਂ ਨੇ ਅੱਧ ਵਿਚਾਲੇ ਹੀ ਰੋਕ ਦਿੱਤਾ ਸੀ ਜਦਕਿ ਕਈ ਪੱਤਰਕਾਰ ਤਾਂ ਕਵਰੇਜ ਕਰਨ ਜਾਂਦੇ ਹੀ ਰਾਹ ਵਿੱਚੋਂ ਮੁੜ ਗਏ ਸੀ, ਇਲਜ਼ਾਮ ਲੱਗਿਆ ਸੀ ਕਿ ਇਨਾਂ ਸਾਰਿਆਂ ਨੂੰ ਇੱਕ ਖਾਸ ਸੁਨੇਹਾ ਮਿਲਿਆ ਸੀ, ਜਿਸਤੋਂ ਬਾਅਦ ਇਹ ਕੁਝ ਚੈਨਲ ਬੈਕਆਊਟ ਕਰ ਗਏ ਸੀ ਹਾਲਾਂਕਿ ਬਾਅਦ ਵਿੱਚ ਤਕਰੀਬਨ ਸਭ ਨੇ ਖਹਿਰਾ ਦੀ ਪੀਸੀ ਨੂੰ ਲੇਟ ਲਫੇਟ ਰਿਲੇਅ ਕਰ ਹੀ ਦਿੱਤਾ ਸੀ।