‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਭੁਲੱਥ ਤੋਂ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਾਂਗਰਸ ਪਾਰਟੀ ਦੀ ਤਰਜ਼ ‘ਤੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਖਹਿਰਾ ਨੇ ਸਰਾਰੀ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰਨ ਦੀ ਅਪੀਲ ਵੀ ਕੀਤੀ ਹੈ।

ਖਹਿਰਾ ਨੇ ਆਪ ਪਾਰਟੀ ਉੱਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਪਿਛਲੇ 70 ਸਾਲਾਂ ਵਿੱਚ ਕਿਸੇ ਵੀ ਮੰਤਰੀ, ਸਿਆਸੀ ਲੀਡਰ ਨੇ ਇੱਦਾਂ ਦੀ ਕੋਝੀ ਚਾਲ ਨਹੀਂ ਚੱਲੀ, ਜਿਵੇਂ ਆਪ ਦੇ ਮੰਤਰੀ ਨੇ ਚੱਲੀ ਹੈ। ਇਸ ਤਰ੍ਹਾਂ ਪੈਸੇ ਮੰਗਣ ਵਰਗੀ ਵੱਡੀ ਬਦਮਾਸ਼ੀ ਮੈਂ ਕਦੇ ਨਹੀਂ ਵੇਖੀ। ਖਹਿਰਾ ਨੇ ਸਾਬਕਾ ਸਿਹਤ ਮੰਤਰੀ ਡਾ.ਵਿਜੇ ਸਿੰਗਲਾ ਦੀ ਬਰਖਾਸਤਗੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਵਿਜੇ ਸਿੰਗਲਾ ਨੂੰ ਤਾਂ ਮੁੱਖ ਮੰਤਰੀ ਮਾਨ ਨੇ ਬਿਨਾਂ ਸਬੂਤ ਵਿਖਾਏ ਗ੍ਰਿਫਤਾਰ ਕਰਵਾਇਆ ਸੀ ਪਰ ਸਰਾਰੀ ਦੇ ਤਾਂ ਸਬੂਤ ਵੀ ਸਾਹਮਣੇ ਹਨ ਤਾਂ ਹਾਲੇ ਤੱਕ ਉਸਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ।