Punjab

‘ਅਮਰੀਕਾ-ਕੈਨੇਡਾ ਸਿੱਖਾਂ ਪ੍ਰਤੀ ਚਿੰਤਤ ਹਨ, ਸਾਡੇ ਲੋਕ ਕੁੱਲ੍ਹੜ ਪੀਜ਼ਾ ਤੇ ਵਲਟੋਹਾ ’ਚ ਉਲਝੇ ਹਨ!’ ਖਹਿਰਾ ਨੇ ਗਿਣਾਏ ਪੰਜਾਬ ਦੇ ਅਸਲ ਮੁੱਦੇ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਪੰਜਾਬ ਦੇ ਆਗੂਆਂ ਤੇ ਲੋਕਾਂ ਨੂੰ ਫਿਟਕਾਰ ਲਾਉਂਦਿਆਂ ਉਨ੍ਹਾਂ ਦਾ ਧਿਆਨ ਪੰਜਾਬ ਦੇ ਅਸਲ ਮੁੱਦਿਆਂ ਦਿਵਾ ਰਹੇ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਪੋਸਟ ਜਾਰੀ ਕਰਦਿਆਂ ਕਿਹਾ ਹੈ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਜਿੱਥੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ ਸਿੱਖਾਂ ਪ੍ਰਤੀ ਚਿੰਤਤ ਹਨ, ਉਥੇ ਹੀ ਸਾਡੇ ਪੰਜਾਬ ਦੇ ਆਗੂ ਅਤੇ ਲੋਕ ਕੁੱਲ੍ਹੜ ਪੀਜ਼ਾ ਜੋੜੇ ਅਤੇ ਵਿਰਸਾ ਸਿੰਘ ਵਲਟੋਹਾ ਵਰਗੇ ਬੇਤੁੱਕੇ ਮੁੱਦਿਆਂ ਤੱਕ ਉਲਝੇ ਹੋਏ ਹਨ।

ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਮੈਸੇਜ ਆਇਆ ਹੈ ਜਿਸ ਵਿੱਚ ਇਹ ਕਹਿ ਕੇ ਪੰਜਾਬੀਆਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਲੋਕ ਇਸ ਵੇਲੇ ਕਿਹੜੇ ਮੁੱਦਿਆਂ ਵਿੱਚ ਉਲਝੇ ਹਨ; ਉਹ ਹਨ, ਕੁੱਲ੍ਹੜ ਪੀਜ਼ਾ ਨਾ ਨਿਹੰਗ ਸਿੰਘਾਂ ਨਾਲ ਵਿਵਾਦ, ਵਿਰਸਾ ਸਿੰਘ ਵਲਟੋਹਾ ਬਨਾਮ ਜਥੇਦਾਰ ਸਾਹਿਬ, ਨੇਹਾ ਕੱਕੜ ਤੇ ਹਨੀਪ੍ਰੀਤ ਦੀਆਂ ਵੀਡੀਓਜ਼, ਆਦਿ। ਪੰਜਾਬ ਦੇ ਲੋਕ ਤੇ ਪੰਜਾਬ ਦਾ ਸੋਸ਼ਲ ਮੀਡੀਆ ਇਨ੍ਹੀਂ ਦਿਨੀਂ ਖ਼ਾਸ ਕਰਕੇ ਆਹੀ ਮਸਲਿਆਂ ’ਤੇ ਉਲਝਿਆ ਹੋਇਆ ਹੈ।

ਖਹਿਰਾ ਨੇ ਕਿਹਾ ਕਿ ਜੋ ਪੰਜਾਬ ਦੇ ਅਸਲ ਮੁੱਦੇ ਹਨ, ਜਿਨ੍ਹਾਂ ’ਤੇ ਪੰਜਾਬ ਦਾ ਭਵਿੱਖ ਦਾਅ ’ਤੇ ਲੱਗਿਆ ਹੋਇਆ ਹੈ, ਉਨ੍ਹਾਂ ਵੱਲ ਕਿਸੇ ਆਗੂ ਦਾ ਧਿਆਨ ਨਹੀਂ ਜਾ ਰਿਹਾ। ਉਹ ਮੁੱਦਾ ਹੈ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮਾਮਲਾ। ਪਿਛਲੇ ਦਿਨੀਂ ਕੈਨੇਡਾ ਦੇ ਪੀਐਮ ਜਸਟਿਨ ਟਰੂਡੋ ਤੇ ਕੈਨੇਡਾ ਦੇ ਆਫੀਸ਼ਿਅਲਜ਼ ਨੇ ਖ਼ੁਲਾਸਾ ਕੀਤਾ ਹੈ ਕਿ ਇਸ ਕਤਲ ਵਿੱਚ ਭਾਰਤ ਦੀਆਂ ਏਜੰਸੀਆਂ ਤੇ ਅਧਿਕਾਰੀਆਂ ਦੀ ਸ਼ਮੂਲੀਅਤ ਹੈ।

ਖਹਿਰਾ ਨੇ ਅੱਗੇ ਕਿਹਾ ਕਿ ਕੈਨੇਡਾ ਦੇ ਨਾਲ-ਨਾਲ ਅਮਰੀਕੀ ਪੁਲਿਸ ਨੇ ਵੀ ਇੱਕ ਬੰਦਾ ਫੜਿਆ ਹੈ ਤੇ ਸਥਾਨਕ ਅਦਾਲਤ ਵਿੱਚ ਭਾਰਤ ਦੀ ਰਾਅ ਏਜੰਸੀ ਦਾ ਇੱਕ ਬੰਦਾ ਨਾਮਜ਼ਦ ਕੀਤਾ ਹੈ। ਇਸ ਸਭ ਵਿੱਚ ਭਾਰਤ ਦੇ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆ ਰਿਹਾ ਹੈ। ਬਿਸ਼ਨੋਈ ਨੇ ਤਾਂ ਹਾਲ ਹੀ ਵਿੱਚ ਮੁੰਬਈ ਦੇ ਸਾਬਕਾ ਮੰਤਰੀ ਬਾਬਾ ਸਿੱਦੀਕੀ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ ਤੇ ਜੇਲ੍ਹ ਵਿੱਚੋਂ ਉਸ ਦੀਆਂ ਕਈ ਵੀਡੀਓ ਤੇ ਇੰਟਰਵਿਊਜ਼ ਵਾਇਰਲ ਹੋਈਆਂ ਹਨ। ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਵੀ ਜ਼ਿੰਮੇਵਾਰੀ ਲਈ ਹੈ।

ਖਹਿਰਾ ਨੇ ਚਿੰਤਾ ਜਤਾਈ ਹੈ ਕਿ ਪੰਜਾਬ ਦੇ ਲੀਡਰ ਇਸ ਵੇਲੇ ਇਹੋ ਜਿਹੇ ਸੰਜੀਦਾ ਮੁੱਦਿਆਂ ’ਤੇ ਮੌਨ ਧਾਰੀ ਬੈਠੇ ਹਨ। ਖ਼ਾਸ ਕਰਕੇ ਅਕਾਲੀ ਦਲ ਦੀ ਲੀਡਰਸ਼ਿਪ ਨੇ ਇਸ ਬਾਰੇ ਇੱਕ ਸ਼ਬਦ ਨਹੀਂ ਬੋਲਿਆ। ਸਿੱਖਾਂ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੀ ਇਸ ਮੁੱਦੇ ’ਤੇ ਚੁੱਪ ਹਨ। ਇੱਕ ਪਾਸੇ 5 ਆਈਜ਼ ਤੇ ਵੈਸਟ ਦੇ ਸ਼ਤਕੀਸ਼ਾਲੀ ਦੇਸ਼ ਸਿੱਖਾਂ ਲਈ ਚਿੰਤਿਤ ਹਨ ਤੇ ਦੂਜੇ ਪਾਸੇ ਪੰਜਾਬ ਦੇ ਆਗੂ ਇਸ ਮੁੱਦੇ ’ਤੇ ਚੁੱਪ ਹਨ। ਇੱਥੋਂ ਤੱਕ ਪੰਜਾਬ ਦੇ ਮੁੱਖ ਮੰਤਰੀ ਵੀ ਇਸ ਮੁੱਦੇ ਨੂੰ ਛੱਡ ਕੇ ਪੰਚਾਇਤੀ ਚੋਣਾਂ ਵਿੱਚ ਉਲਝੇ ਹਨ।

ਖਹਿਰਾ ਨੇ ਸਰਕਾਰ ਸਵਾਲ ਪੁੱਛੇ ਹਨ ਕਿ ਜੇ ਸਰਕਾਰ ਬਾਹਰਲੇ ਸਿੱਖਾਂ ਨੂੰ ਮਰਵਾਉਣ ’ਤੇ ਤੁਲੀ ਹੈ ਤਾਂ ਪੰਜਾਬ ਦੇ ਸਿੱਖ ਕਿੱਦਾਂ ਸੁਰੱਖਿਅਤ ਹਨ? ਸਰਕਾਰ ਦੇ ਬਿਸ਼ਨੋਈ ਨਾਲ ਕੀ ਤਾਲੁਕਾਤ ਹਨ? ਉਹ ਜੇਲ੍ਹ ਵਿੱਚ ਬੈਠ ਕੇ ਇੰਟਰਵਿਊ ਕਿੱਦਾਂ ਦੇ ਸਕਦਾ ਹੈ? ਬਿਸ਼ਨੋਈ ’ਤੇ ਕੋਈ ਐਕਸ਼ਨ ਕਿਉਂ ਨਹੀਂ ਹੋਇਆ?

ਇਸ ਦੇ ਇਲਾਵਾ ਖਹਿਰਾ ਨੇ ਪੰਜਾਬ ਦੇ ਹੋਰ ਮੁੱਦਿਆਂ ਬਾਰੇ ਵੀ ਲੋਕਾਂ ਨੂੰ ਗੱਲ ਕਰਨ ਵਾਸਤੇ ਪ੍ਰੇਰਿਆ ਹੈ। ਇਨ੍ਹਾਂ ਵਿੱਚ ਪੰਜਾਬ ਦੇ ਪਾਣੀਆਂ ਦਾ ਮੁੱਦਾ, ਪੰਜਾਬ ’ਤੇ 4 ਲੱਖ ਕਰੋੜ ਦੇ ਕਰਜ਼ੇ, ਗ਼ੈਰ ਪੰਜਾਬੀਆਂ ਦਾ ਲੱਖਾਂ ਦੀ ਤਾਦਾਤ ਵਿੱਚ ਪੰਜਾਬ ਆ ਕੇ ਵੱਸਣ, ਚੋਣ ਪ੍ਰਣਾਲੀ ਅਤੇ ਝੋਨੇ ਦੀ ਫਸਲ ਦੀ ਦੁਰਦਸ਼ਾ ਦੇ ਮੁੱਦੇ ਸ਼ਾਮਲ ਹਨ। ਖਹਿਰਾ ਨੇ ਆਸ ਜਤਾਈ ਹੈ ਕਿ ਪੰਜਾਬ ਦੇ ਲੋਕ ਇਨ੍ਹਾਂ ਗੰਭੀਰ ਤੇ ਅਸਲ ਮੁੱਦਿਆਂ ਨੂੰ ਚਰਚਾ ਦਾ ਵਿਸ਼ਾ ਬਣਾਉਣਗੇ।

ਵੇਖੋ ਪੂਰੀ ਵੀਡੀਓ –