‘ਦ ਖ਼ਾਲਸ ਬਿਊਰੋ :- ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਆਪਣੇ ਪੂਰੇ ਪਰਿਵਾਰ ਨੂੰ ਕੋਰੋਨਾ ਦੀ ਜੰਗ ਜਿੱਤਣ ਦੀ ਹੱਡ ਬੀਤੀ ਸਾਂਝੀ ਕੀਤੀ ਹੈ। ਖਹਿਰਾ ਨੇ ਕਿਹਾ ਕਿ ਮੈਂ ਤੇ ਮੇਰੇ ਬੇਟੇ ਨੇ ਦਿੱਲੀ ਤੋਂ ਇੱਕ ਫਲਾਈਟ ਲੈਣ ਵਾਸਤੇ ਪ੍ਰਾਈਵੇਟ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ ਜੋ ਕਿ ਨੈਗੇਟਿਵ ਆਇਆ ਸੀ। ਇਸ ਤੋਂ ਬਾਅਦ 16 ਅਗਸਤ ਨੂੰ ਮੈਨੂੰ ਤੇ ਮੇਰੇ ਬੇਟੇ ਮਹਿਤਾਬ ਨੂੰ ਖੰਘ ਤੇ ਬੁਖਾਰ ਹੋਣਾਂ ਸ਼ੁਰੂ ਹੋ ਗਿਆ। ਅਸੀਂ 21 ਅਗਸਤ ਨੂੰ ਵਾਪਿਸ ਪੰਜਾਬ ਆ ਗਏ ਤੇ ਅਗਲੇ ਦਿਨ ਇੱਕ ਪ੍ਰਾਈਵੇਟ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ, ਜਿਸ ਵਿੱਚ ਮੇਰੇ ਬੇਟੇ ਦਾ ਟੈਸਟ ਪਾਜ਼ਿਟਿਵ ਆਇਆ, ਇਸ ਦੇ ਕੁੱਝ ਸਮੇਂ ਬਾਅਦ ਮੇਰੇ ਸਾਰੇ ਪਰਿਵਾਰ ਨੂੰ ਕੋਰੋਨਾ ਦੇ ਲੱਛਣ ਮਹਿਸੂਸ ਹੋਣੇ ਸ਼ੁਰੂ ਹੋ ਗਏ, ਜਿਸ ਮਗਰੋਂ ਅਸੀਂ ਸਭ ਨੇ 28 ਅਗਸਤ ਨੂੰ MLA ਹੋਸਟਲ ਚੰਡੀਗੜ ਦੀ ਸਰਕਾਰੀ ਲੈਬ ਤੋਂ ਕੋਰੋਨਾ ਟੈਸਟ ਕਰਵਾਇਆ। ਤੁਸੀਂ ਹੈਰਾਨ ਹੋਵੋਗੇ ਕਿ ਉਸੇ ਦਿਨ ਦੀ ਰੈਪਿਡ ਐਂਟੀਜਨ ਟੈਸਟ ਰਿਪੋਰਟ ਤੇ ਫਿਰ 48 ਘੰਟਿਆਂ ਬਾਅਦ ਵਾਲੇ ਫੁੱਲ RT-PCR ਟੈਸਟ ਵਿੱਚ ਅਸੀਂ ਸਾਰੇ ਮੁੜ ਕੋਰੋਨਾ ਨੈਗੇਟਿਵ ਪਾਏ ਗਏ।
ਖਹਿਰਾ ਨੇ ਦੱਸਿਆ ਕਿ ਮੈਂ ਖੁਦ ਨੂੰ ਬੀਮਾਰ ਮਹਿਸੂਸ ਕਰਨ ਕਰਕੇ ਵਿਧਾਨ ਸਭਾ ਸੈਸ਼ਨ ਵਿੱਚ ਸ਼ਾਮਿਲ ਨਹੀਂ ਹੋ ਸਕਿਆ। ਮੇਰੇ ਸਾਰੇ ਪਰਿਵਾਰਕ ਮੈਂਬਰ ਰਿਕਵਰ ਕਰ ਚੁੱਕੇ ਸਨ, ਪਰੰਤੂ ਮੇਰੀ ਖਾਂਸੀ ਤੇ ਬੁਖ਼ਾਰ ਅਜੇ ਤੱਕ ਠੀਕ ਨਾ ਹੋਣ ਕਾਰਨ ਮੈਂ 30 ਅਗਸਤ ਨੂੰ ਆਪਣਾ ਛਾਤੀ ਦਾ CT Scan ਕਰਵਾਇਆ ਜਿਸ ਵਿੱਚ ਮੇਰੇ ਕੋਰੋਨਾ ਪਾਜ਼ਿਟਿਵ ਹੋਣ ਦੇ ਲੱਛਣ ਮਿਲੇ ਸਨ। ਇਸ ਤੋਂ ਬਾਅਦ ਮੈਂ 31 ਅਗਸਤ ਨੂੰ ਆਪਣਾ ਐਂਟੀ ਬਾਡੀ ਟੈਸਟ ਕਰਵਾਇਆ, ਜਿਸ ਵਿੱਚ ਮੇਰਾ ਕੋਵਿਡ ਟੈਸਟ ਪਾਜ਼ਿਟਿਵ ਕਨਫਰਮ ਹੋਇਆ, ਪਰੰਤੂ 18 ਐਂਟੀ ਬਾਡੀ ਆਉਣਾ ਇੱਕ ਚੰਗਾ ਸੰਕੇਤ ਸੀ ਕਿ ਮੇਰੇ ਅੰਦਰ ਇਸ ਵਾਇਰਸ ਨਾਲ ਲੜਣ ਦੀ ਸ਼ਕਤੀ ਕਾਫੀ ਵੱਧ ਚੁੱਕੀ ਸੀ। ਜਿਸ ਕਰਕੇ ਮੇਰੇ ਫੇਫੜਿਆਂ ਤੱਕ ਖ਼ਤਰਨਾਕ ਵਾਇਰਸ ਦੇ ਪਹੁੰਚ ਜਾਣ ਦੇ ਬਾਵਜੂਦ ਵੀ ਤੇ ਵਾਹਿਗੁਰੂ ਦੀ ਕ੍ਰਿਪਾ ਸਦਕਾ ਮੈਂ ਹੁਣ ਪੂਰੀ ਤਰ੍ਹਾ ਠੀਕ ਹੋ ਚੁੱਕਿਆ ਹਾਂ। ਅਸੀਂ ਸਾਰੇ ਇੱਕ ਹਫਤਾ ਹੋਰ ਕੁਆਇਰਨਟਾਈਨ ਰਹਾਂਗੇ। ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਬੇਲੋੜੇ ਜਨਤਕ ਸੰਪਰਕ ਤੋਂ ਗੁਰੇਜ ਕਰੋ ਅਤੇ ਲੋੜੀਂਦਾ ਪਰਹੇਜ਼ ਰੱਖੋ ਕਿਉਂਕਿ ਇਹ ਬੀਮਾਰੀ ਬਹੁਤ ਹੀ ਜ਼ਿਆਦਾ ਖਤਰਨਾਕ ਹੈ।