Punjab

ਰੰਧਾਵਾ ਨੇ ਸਿੱਧੂ ਦੇ ਪੈਰਾਂ ‘ਚ ਆਪਣਾ ਅਸਤੀਫ਼ਾ ਰੱਖਣ ਦਾ ਕੀਤਾ ਦਾਅਵਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਨਰਾਜ਼ ਹਨ। ਰੰਧਾਵਾ ਨੇ ਕਿਹਾ ਕਿ ਸਿੱਧੂ ਨੂੰ ਕੁੱਝ ਸਮੱਸਿਆ ਹੈ। ਉਨ੍ਹਾਂ ਦੇ ਪਰਿਵਾਰ ਨਾਲ ਮੇਰੇ ਪੁਰਾਣੇ ਸਬੰਧ ਹਨ। ਪਰ ਜਦੋਂ ਤੋਂ ਮੈਂ ਪੰਜਾਬ ਦਾ ਗ੍ਰਹਿ ਮੰਤਰੀ ਬਣਿਆ ਹਾਂ, ਉਦੋਂ ਤੋਂ ਉਹ ਮੇਰੇ ਨਾਲ ਨਰਾਜ਼ ਹਨ। ਜੇਕਰ ਉਹ ਗ੍ਰਹਿ ਮੰਤਰਾਲਾ ਚਾਹੁੰਦੇ ਹਨ ਤਾਂ ਮੈਂ ਇੱਕ ਮਿੰਟ ਵਿੱਚ ਉਨ੍ਹਾਂ ਦੇ ਪੈਰਾਂ ਵਿੱਚ ਰੱਖ ਦਿਆਂ।

ਦਰਅਸਲ, ਸੁਖਜਿੰਦਰ ਰੰਧਾਵਾ ਡਰੱਗਜ਼ ਮਾਮਲੇ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਨਾ ਹੋਣ ਨੂੰ ਲੈ ਕੇ ਅੱਜ ਮੀਡੀਆ ਨਾਲ ਗੱਲ ਕਰ ਰਹੇ ਸਨ। ਹਾਲ ਹੀ ਵਿੱਚ ਬਿਕਰਮ ਸਿੰਘ ਮਜੀਠੀਆ ਦੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਨ੍ਹਾਂ ਨੂੰ ਰੰਧਾਵਾ ਨੇ ਫੇਕ ਕਰਾਰ ਦਿੱਤਾ ਸੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮਜੀਠੀਆ ਸੂਬੇ ਵਿੱਚ ਨਹੀਂ ਹੈ।

ਰੰਧਾਵਾ ਨੇ ਕਿਹਾ ਕਿ ਜਿੱਥੋਂ ਤੱਕ ਮੇਰੀ ਜਾਣਕਾਰੀ ਹੈ ਮਜੀਠੀਆ ਪੰਜਾਬ ਵਿੱਚ ਨਹੀਂ ਹੈ। ਮਜੀਠੀਆ ਦੇ ਹਰਿਮੰਦਰ ਸਾਹਿਬ ਦੇ ਫੋਟੋ ਤੇ ਵੀਡੀਓ ਫਰਜ਼ੀ ਹਨ। ਜੇਕਰ ਉਹ ਪੰਜਾਬ ਦੀ ਜ਼ਮੀਨ ‘ਤੇ ਕਿਤੇ ਵੀ ਦਿਖਾਈ ਦਿੰਦੇ ਹਨ ਤਾਂ ਮਿੰਟਾਂ ਵਿੱਚ ਜੇਲ੍ਹ ਵਿੱਚ ਡੱਕਿਆ ਜਾਵੇਗਾ। ਹਾਲਾਂਕਿ, ਉਹ ਦੇਸ਼ ਵਿੱਚ ਹਨ ਕਿਉਂਕਿ ਉਨ੍ਹਾਂ ਦੇ ਕੋਲ ਸਰਕਾਰੀ ਸੁਰੱਖਿਆ ਨਹੀਂ ਹੈ ਤਾਂ ਇਹ ਕਹਿਣਾ ਗਲਤ ਹੈ ਕਿ ਪੁਲਿਸ ਨੂੰ ਉਨ੍ਹਾਂ ਦੇ ਠਿਕਾਣੇ ਦੀ ਜਾਣਕਾਰੀ ਹੈ। ਤੁਸੀਂ ਕਿਸੇ ਵੀ ਕਾਨੂੰਨੀ ਮਾਹਿਰ ਤੋਂ ਪੁੱਛ ਸਕਦੇ ਹੋ, ਮਜੀਠੀਆ ਉੱਤੇ ਲਗਾਏ ਗਏ ਦੋਸ਼ ਬਹੁਤ ਗੰਭੀਰ ਹਨ। ਰੰਧਾਵਾ ਨੇ ਦੱਸਿਆ ਕਿ ਪੁਲਿਸ ਦੀ ਟੀਮ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ ਅਤੇ ਕਾਨੂੰਨ ਮੁਤਾਬਕ ਉਨ੍ਹਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਹੈ।