The Khalas Tv Blog Punjab ਰੰਧਾਵਾ ਨੇ ਬਾਦਲ ਪਿਉ-ਪੁੱਤ ਖਿਲਾਫ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ
Punjab

ਰੰਧਾਵਾ ਨੇ ਬਾਦਲ ਪਿਉ-ਪੁੱਤ ਖਿਲਾਫ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਲਿਖੀ ਚਿੱਠੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਸਿੱਖ ਕੌਮ ਵਿੱਚੋਂ ਖਾਰਜ ਕਰਨ ਦੀ ਮੰਗ ਕੀਤੀ ਹੈ। ਰੰਧਾਵਾ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਬਾਦਲ ਦਲ ਵੱਲੋਂ ਆਪ ਦੀ ਹਾਜ਼ਰੀ ਵਿੱਚ ਰੋਸ ਦਿਵਸ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਗਿਆ ਹੈ, ਜਿਸ ਨਾਲ ਮੇਰੇ ਹਿਰਦੇ ਨੂੰ ਠੇਸ ਪਹੁੰਚੀ ਹੈ। ਰੰਧਾਵਾ ਨੇ ਜਥੇਦਾਰ ਹਰਪ੍ਰੀਕ ਸਿੰਘ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਪ ਵੱਲੋਂ ਪੰਥ ਨੂੰ ਇਕੱਠਾ ਹੋ ਕੇ ਸ਼੍ਰੋਮਣੀ ਕਮੇਟੀ ਨੂੰ ਤਕੜਾ ਕਰਨ ਵਾਲੀ ਅਪੀਲ ਤਾਂ ਠੀਕ ਹੈ ਪਰ ਜੋ ਆਪ ਨੇ ਇਸ ਅਪੀਲ ਰਾਹੀਂ ਬਾਦਲ ਦਲ ਨੂੰ ਤਕੜਾ ਹੋਣ ਦੀ ਗੱਲ ਆਖੀ ਹੈ, ਉਸ ਨਾਲ ਆਮ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਏ ਹਨ। ਬਾਦਲ ਦਲ ਨੇ ਆਪਣੇ-ਆਪ ਨੂੰ ਪੰਥ ਅਤੇ ਪੰਥਕ ਹੋਣ ਤੋਂ ਸਾਲ 1996 ਦੀ ਮੋਗਾ ਕਾਨਫਰੰਸ ਵੇਲੇ ਅਤੇ ਬਾਅਦ ਵਿੱਚ ਭਾਰਤੀ ਚੋਣ ਕਮਿਸ਼ਨ ਕੋਲ ਸੰਵਿਧਾਨ ਪੇਸ਼ ਕਰਕੇ ਆਪਣੇ-ਆਪ ਨੂੰ ਵੱਖ ਕਰ ਲਿਆ ਸੀ। ਰੰਧਾਵਾ ਨੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਨੂੰ ਹਦਾਇਤ ਕਰਨ ਕਿ ਉਹ ਕੋਰਟ ਵਿੱਚ ਜਾ ਕੇ ਆਪਣੇ-ਆਪ ਨੂੰ ਪੰਥਕ ਹੋਣ ਜਾਂ ਨਾ ਹੋਣ ਦਾ ਨਬੇੜਾ ਕਰ ਦੇਣ।

ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਸਰਕਾਰ ਸਮੇਂ ਡੇਰੇਦਾਰਾਂ ਨੇ ਫਿਲਮਾਂ ਚਲਾਈਆਂ ਅਤੇ ਇਨ੍ਹਾਂ ਦੀ ਪੁਸ਼ਤ ਪਨਾਹੀ ਵਿੱਚ ਸਾਲ 2015 ਦੀਆਂ ਹਿਰਦੇ-ਵੇਦਕ ਬੇ ਅਦਬੀ ਦੀਆਂ ਘਟ ਨਾਵਾਂ, ਬਰਗਾੜੀ, ਮਲਕੇ ਅਤੇ ਗੁਰੂਸਰ ਭਗਤਾ ਆਦਿ ਨੂੰ ਅੰਜ਼ਾਮ ਦਿੱਤਾ ਗਿਆ। ਕੀ ਇਹ ਉਸ ਸਮੇਂ ਦੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਪਿਉ-ਪੁੱਤਰ ਨਾਲੋਂ ਵੱਡਾ ਮਸੰਦ ਕੋਈ ਹੈ ? ਸਾਡੀ ਸਰਕਾਰ ਨੇ ਇਨ੍ਹਾਂ ਮਸੰਦਾਂ ਦੀ ਸਰਕਾਰ ਸਮੇਂ ਹੋਈਆਂ ਬੇ ਅਦਬੀਆਂ ਨੂੰ ਬੜੀ ਸੰਜੀਦਗੀ ਨਾਲ ਲੈਂਦੇ ਹੋਏ ਉਸ ਸਿੱਟ ‘ਤੇ ਹੀ ਭਰੋਸਾ ਰੱਖਦੇ ਹੋਏ ਤਫ਼ਤੀਸ਼ ਜਾਰੀ ਰਖਵਾਈ ਅਤੇ ਸਾਲ 2018 ਵਿੱਚ ਬਰਗਾੜੀ ਬੇ ਅਦਬੀਆਂ ਵਿੱਚ ਸ਼ਾਮਿਲ ਦੋਸ਼ੀਆਂ ਨੂੰ ਫੜਿਆ ਅਤੇ ਜੇਲ੍ਹਾਂ ਵਿੱਚ ਡੱਕਿਆ ਅਤੇ ਇਨ੍ਹਾਂ ਦੇ ਸਾਜਿਸ਼-ਕਰਤਾਵਾਂ ਨੂੰ ਵੀ ਨੱਥ ਪਾਈ, ਜੋ ਉਸ ਸਿੱਟ ਮੁਖੀ ਰਣਬੀਰ ਸਿੰਘ ਖੱਟੜਾ ਨੇ ਤੁਹਾਡੇ ਸੱਦੇ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਸਮੂਹ ਸਿੱਖ ਜਥੇਬੰਦੀਆਂ, ਵਿਦਵਾਨਾਂ ਅਤੇ SGPC ਦੇ ਪ੍ਰਧਾਨ ਅੱਗੇ ਬਿਆਨ ਕੀਤਾ ਹੋਇਆ ਹੈ। ਇਸ ਲਈ ਤੁਹਾਨੂੰ ਅਪੀਲ ਕਰਦਾ ਹਾਂ ਕਿ ਉਪਰੋਕਤ ਸਾਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਥਕ ਰਵਾਇਤਾਂ ਅਨੁਸਾਰ ਇਨ੍ਹਾਂ ਪਿਉ-ਪੁੱਤ ਮਸੰਦਾਂ ਨੂੰ ਹਾਜ਼ਰ ਕਰਕੇ ਕੌਮ ਵਿੱਚੋਂ ਖਾਰਜ ਕੀਤਾ ਜਾਵੇ।

Exit mobile version