ਗੁਰਦਾਸਪੁਰ ਤੋਂ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਚੋਣ ਕਮਿਸ਼ਨ ਅਤੇ ਗ੍ਰਹਿ ਮੰਤਰਾਲੇ ਨੂੰ ਭੇਜੀ ਈਮੇਲ ਵਿੱਚ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਰੰਧਾਵਾ ਵੱਲੋਂ ਸ਼ਿਕਾਇਤ ਕੀਤੀ ਗਈ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਵੀਡੀਓ ਕਾਲ ਕਰਕੇ ਵੋਟਰਾਂ ਨੂੰ ਆਪ ਉਮੀਦਵਾਰ ਦੇ ਹੱਕ ਵਿੱਚ ਭੁਗਤਣ ਲਈ ਕਹਿ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਚੋਣ ਅਬਜ਼ਰਵਰ ਅਨਬੁਰਜਨ ਕੇ ਐੱਨਐੱਨ ਨੂੰ ਵੀ ਸੂਚਿਤ ਕਰ ਦਿੱਤਾ ਹੈ। ਪੰਜਾਬ ਦੇ ਮੁੱਖ ਚੋਣ ਅਫ਼ਸਰ ਸਿਬਿਨ ਸੀ ਨੇ ਪੰਜਾਬੀ ਜਾਗਰਣ ਨਾਲ਼ ਗੱਲਬਾਤ ਦੌਰਾਨ ਐੱਮਪੀ ਰੰਧਾਵਾ ਵੱਲੋਂ ਸ਼ਿਕਾਇਤ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ।
ਰੰਧਾਵਾ ਨੇ ਕਿਹਾ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਹਰਜੀਤ ਕੌਰ ਹਲਕੇ ਦੇ ਕਈ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਆਪ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਆਖਦੀ ਹੈ ਅਤੇ ਇਸ ਮੌਕੇ ਉਹ ਆਪਣੇ ਫੋਨ ਤੋਂ ਹਰਿਆਣਾ ਦੀ ਜੇਲ੍ਹ ਵਿੱਚ ਬੰਦ ਪੁੱਤਰ ਜੱਗੂ ਭਗਵਾਨਪੁਰੀਆ ਨੂੰ ਵੀਡੀਓ ਕਾਲ ਕਰਕੇ ਵੋਟਰਾਂ ਨਾਲ਼ ਗੱਲ ਕਰਵਾਉਂਦੀ ਹੈ। ਇਸ ਤਰ੍ਹਾਂ ਚੋਣ ਪ੍ਰਕਿਰਿਆ ਗੈਂਗਸਟਰ ਦੀ ਦਹਿਸ਼ਤ ਨਾਲ਼ ਪ੍ਰਭਾਵਿਤ ਹੋ ਰਹੀ ਹੈ। ਰੰਧਾਵਾ ਨੇ ਦੱਸਿਆ ਕਿ ਉਹਨਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਕਿ ਨਿਰਪੱਖ ਚੋਣਾਂ ਲਈ ਹਲਕੇ ਵਿੱਚ ਅਰਧ ਸੈਨਿਕ ਬਲ ਤੈਨਾਤ ਕੀਤੇ ਜਾਣ ਪਰ ਹੈਰਾਨੀ ਦੀ ਗੱਲ ਹੈ ਕਿ ਇਸ ਦੀ ਬਜਾਏ ਗੈਂਗਸਟਰ ਦੀ ਮਾਂ ਅਤੇ ਰਿਸ਼ਤੇ ਵਿੱਚ ਭਰਾ ਨੂੰ ਹੀ ਸੁਰੱਖਿਆ ਮੁਲਾਜ਼ਮ ਦੇ ਦਿੱਤੇ ਗਏ।
ਦੱਸ ਦਈਏ ਕਿ ਹਲਕਾ ਡੇਰਾ ਬਾਬਾ ਨਾਨਕ ਤੋਂ ਬਤੌਰ ਕਾਂਗਰਸ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਪਤਨੀ ਬੀਬੀ ਜਤਿੰਦਰ ਕੌਰ ਰੰਧਾਵਾ ਹੀ ਚੋਣ ਲੜ੍ ਰਹੀ ਹੈ। ਆਮ ਆਦਮੀ ਪਾਰਟੀ ਵੱਲੋਂ ਗੁਰਦੀਪ ਸਿੰਘ ਰੰਧਾਵਾ ਅਤੇ ਭਾਜਪਾ ਵਲੋਂ ਰਵੀਕਰਨ ਸਿੰਘ ਕਾਹਲੋਂ ਚੋਣ ਮੈਦਾਨ ਵਿੱਚ ਹਨ।