Punjab

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਰੰਧਾਵੇ ਦੀ ਮੱਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਚਿੱਠੀ ਲਿਖ ਕੇ ਆਪਣਾ ਰੋਸ ਦਰਜ ਕਰਵਾਇਆ ਹੈ। ਰੰਧਾਵਾ ਨੇ ਜਥੇਦਾਰ ਦੇ ਉਸ ਬਿਆਨ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਹਾਰ ਜਾਣ ਨੂੰ ਸਿੱਖ ਜਗਤ ਲਈ ਮੰਦਭਾਗਾ ਕਰਾਰ ਦਿੱਤਾ ਸੀ। ਰੰਧਾਵਾ ਨੇ ਜਥੇਦਾਰ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਹੈ ਕਿ ਅਕਾਲੀ ਦਲ ਬਾਦਲ ਅਤੇ ਪੰਥ ਨੂੰ ਇੱਕੋ ਧਾਗੇ ਨਾ ਪਰੋਇਆ ਜਾਵੇ। ਰੰਧਾਵਾ ਨੇ ਜਥੇਦਾਰ ਨੂੰ ਅਕਾਲੀ ਦਲ ਦੀ ਫਿਕਰ ਛੱਡਣ ਦੀ ਬੇਨਤੀ ਕੀਤੀ ਹੈ।

ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਤੁਸੀਂ ਜਿਸ ਉੱਚੀ ਸੁੱਚੀ ਪਦਵੀ ਉੱਤੇ ਬਿਰਾਜਮਾਨ ਹੋ, ਭਲੀ ਭਾਂਤੀ ਜਾਣੂ ਹੁੰਦੇ ਹੋਏ ਇਹ ਤਾਂ ਮੰਨ ਲਿਆ ਕਿ ਬਾਦਲਾਂ ਦਾ ਅਕਾਲੀ ਦਲ ਪੰਥ ਵਿੱਚੋਂ ਨਿਖੜ ਚੁੱਕਾ ਹੈ, ਪਰ ਤੁਹਾਡੇ ਬਿਆਨਾਂ ਤੋਂ ਬਾਦਲਾਂ ਪ੍ਰਤੀ ਸਨੇਹ ਝਲਕਦਾ ਹੈ। ਕ੍ਰਿਪਾ ਕਰਕੇ ਪੰਥ ਨੂੰ ਬਾਦਲਾਂ ਤੱਕ ਸੀਮਤ ਨਾ ਕਰੋ। ਬਾਦਲ ਰਾਜ ਵਿੱਚ ਪੰਥ ਦਾ ਨੁਕਸਾਨ ਹੋਇਆ ਹੈ, ਇਸ ਲਈ ਬਾਦਲ ਦਲ ਦਾ ਫਿਕਰ ਛੱਡ ਕੇ ਕੌਮ ਦੀ ਅਗਵਾਈ ਕਰੋ। ਮੇਰੀ ਤੁਹਾਨੂੰ ਮੁੜ ਤੋਂ ਬੇਨਤੀ ਹੈ ਕਿ ਜਦੋਂ ਤੁਸੀਂ ਸਾਲ 1920 ਵਿੱਚ ਦੀ ਗੱਲ ਕਰਦੇ ਹੋ, ਉਸ ਸਮੇਂ ਜਥੇਦਾਰ ਸਾਹਿਬਾਨ ਨੇ ਸਾਰੇ ਵਰਗਾਂ ਦੇ ਸੂਝਵਾਨ ਜਿਸ ਵਿੱਚ ਰਾਜ ਪੱਖੀ, ਵਿਰੋਧੀ ਧਿਰ, ਸਿੱਖ ਸਭਾਵਾਂ, ਚੀਫ਼ ਖ਼ਾਲਸਾ ਦੀਵਾਨ ਸਿੱਖ ਬੁੱਧੀਜੀਵੀਆਂ ਨੂੰ ਨਾਲ ਲੈ ਕੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਕੀਤੀ ਸੀ। ਤੇ ਸਿੱਖ ਕੌਮ ਨੂੰ ਬਾਦਲ ਦਲ ਪਿਛਲੇ 50 ਸਾਲਾਂ ਤੋਂ ਘੁਣ ਵਾਂਗ ਲੱਗਿਆ ਹੋਇਆ ਸੀ, ਜਿਨ੍ਹਾਂ ਨੂੰ ਸੰਗਤ ਨੇ ਹੁਣ ਮਨਫ਼ੀ ਕਰ ਦਿੱਤਾ ਹੈ।

ਦਰਅਸਲ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚੋਂ ਖਤਮ ਹੋਣਾ ਸਿੱਖਾਂ ਲਈ ਬਹੁਤ ਜਿਆਦਾ ਘਾ ਤਕ ਹੈ। ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਪੰਜਾਬ ਵੱਸਦੇ ਸਿੱਖਾਂ ਲਈ ਹੀ ਨਹੀਂ ਸਗੋਂ ਦੇਸ਼ ਵਿੱਚ ਹਰ ਥਾਂ ਵੱਸਦੇ ਸਿੱਖਾਂ ਲਈ ਘਾ ਤਕ ਹੈ। ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ, ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਧੜਿਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਠੇ ਹੋਣ ਅਤੇ ਆਪਣੇ ਵਖਰੇਵੇਂ ਮਿਟਾ ਕੇ ਇੱਕਜੁਟ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਸੀ।