ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਮਸ਼ਹੂਰ ਗੈਂਗਸਟਰ ਮੁਖਤਾਰ ਅੰਸਾਰੀ ਦੀ ਪੈਰਵੀ ‘ਤੇ ਖ਼ਰਚੇ ਗਏ 55 ਲੱਖ ਰੁਪਏ ਦੀ ਰਿਕਵਰੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਿਆਨ ‘ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਭਗਵੰਤ ਮਾਨ ਦੇ ਦਾਅਵੇ ਨੂੰ ਝੂਠ ਕਰਾਰ ਦਿੰਦਿਆਂ ਸਾਬਕਾ ਡਿਪਟੀ ਸੀ ਐੱਮ ਅਤੇ ਤਤਕਾਲੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਇਹ ਫ਼ੀਸ 55 ਲੱਖ ਨਹੀਂ ਸਗੋਂ 17.60 ਲੱਖ ਰੁਪਏ ਹੈ ਜੋ ਫ਼ੀਸਾਂ ਨਹੀਂ ਭਰੀਆਂ ਗਈਆਂ ਉਨ੍ਹਾਂ ਦੀ ਵਸੂਲੀ ਕਿਉਂ?
ਸੁਖਜਿੰਦਰ ਰੰਧਾਵਾ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ CM ਭਗਵੰਤ ਮਾਨ ਨੂੰ ਚੈਲੰਜ ਕਰਕੇ ਕਿਹਾ ਕਿ ਮੈਨੂੰ ਨੋਟਿਸ ਭੇਜਿਆ ਜਾਵੇ ਤਾਂ ਮੈਂ ਜਵਾਬ ਦੇਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਭਗਵੰਤ ਮਾਨ ਖ਼ਿਲਾਫ਼ ਮਾਣਹਾਨੀ ਦਾ ਕੇਸ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਟਵਿਟਰ ‘ਤੇ ਸਰਕਾਰਾਂ ਨਹੀਂ ਚਲਦੀਆਂ। ਰੰਧਾਵਾ ਨੇ ਕਿਹਾ ਕਿ ਸਾਡੇ ਪਰਿਵਾਰ ਦਾ ਇਤਿਹਾਸ ਹੈ, ਇਸ ਨੂੰ ਅਬਦਾਲੀ ਨਹੀਂ ਬਣਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 16 ਡੀਜੀਪੀ ਹਨ ਪਰ ਅਜੇ ਤੱਕ ਕੋਈ ਰੈਗੂਲਰ ਡੀਜੀਪੀ ਨਿਯੁਕਤ ਨਹੀਂ ਕੀਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਜੇਲ੍ਹ ਵਿਭਾਗ ਕਸਟੋਡੀਅਨ ਹੁੰਦਾ ਹੈ ਅਦਾਲਤ ਦੇ ਫ਼ੈਸਲੇ ਨਾਲ ਹੀ ਵਿਅਕਤੀ ਜੇਲ੍ਹ ਜਾਂਦਾ ਤੇ ਬਾਹਰ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਮੇਰੇ ਨਾਲ ਮੀਡੀਆ ਸਾਹਮਣੇ ਗੱਲਬਾਤ ਕਰਨ। ਉਨ੍ਹਾਂ ਨੇ ਕਿਹਾ ਕਿ ਜਿਸ ਬਿਲ ਦੀ ਅੱਜ ਤੱਕ ਪੇਮੈਂਟ ਨਹੀਂ ਹੋਈ ਤਾਂ ਰਿਕਵਰੀ ਕਿਸ ਗੱਲ ਦੀ ਹੈ? ਉਹਨਾਂ ਕਿਹਾ ਕਿ ਬਿਕਰਮ ਮਜੀਠੀਆ ਦੇ ਮਾਮਲੇ ਵਿਚ ਸਰਕਾਰ ਨੇ ਨਵਾਂ ਵਕੀਲ ਕੀਤਾ ਹੈ ।
ਉਨ੍ਹਾਂ ਨੇ ਕਿਹਾਾ ਕਿ ਬਿਸ਼ਨੋਈ ਦੀ ਇੰਟਰਵਿਊ ਜੇਲ੍ਹ ਵਿਚ ਹੋਈ ਤਾਂ ਸਰਕਾਰ ਨੇ ਕੋਈ ਮਾਮਲਾ ਦਰਜ਼ ਨਹੀਂ ਕੀਤਾ । ਸਰਕਾਰ ਨੇ ਬਿਸ਼ਨੋਈ ਮਾਮਲੇ ਵਿਚ ਸਿੱਟ ਬਣਾਈ ਪਰ ਤਿੰਨ ਮਹੀਨਿਆਂ ਚ ਕੋਈ ਸਿੱਟੇ ‘ਤੇ ਨਹੀਂ ਪੁੱਜੀ। ਉਹਨਾਂ ਕਿਹਾ ਕਿ ਅੱਜ 16 DGP ਹਨ ਪਰ ਸਰਕਾਰ ਪੱਕਾ DGP ਨਹੀਂ ਲਗਾ ਸਕੀ। ਉਹਨਾਂ ਕਿਹਾ ਕਿ ਇਹ ਸਟੇਜ ਨਹੀਂ ਸਟੇਟ ਹੈ।
ਗ਼ਲਤ ਬਿਆਨਬਾਜ਼ੀ ਨੂੰ ਲੈ ਕੇ ਨੋਟਿਸ ਦਿੱਤਾ ਜਾਵੇਗਾ। ਮੁੱਖ ਮੰਤਰੀ ਨੂੰ ਬੋਲਣ ਦੀ ਤਮੀਜ਼ ਨਹੀਂ। ਰੰਧਾਵਾ ਨੇ ਕਿਹਾਕਿ ਮੁੱਖ ਮੰਤਰੀ ‘ਤੇ ਮਾਨਹਾਨੀ ਕੇਸ ਦਾਇਰ ਕੀਤਾ ਜਾਵੇਗਾ। ਉਹਨਾਂ ਮੁੱਖ ਮੰਤਰੀ ਨੂੰ ਰਿਕਵਰੀ ਨੋਟਿਸ ਭੇਜਣ ਦੀ ਚੁਨੌਤੀ ਦਿੱਤੀ । ਰੰਧਾਵਾ ਨੇ ਕਿਹਾ ਕਿ MLA ਹੋਣ ਨਾਤੇ ਮੈਨੂੰ ਤਨਖ਼ਾਹ ਮਿਲਦੀ ਹੈ ਨਾ ਕਿ ਪੈਨਸ਼ਨ।
ਰੰਧਾਵਾ ਨੇ ਕਿਹਾ ਕਿ ਉਹ ਅਤੁਲ ਨੰਦਾ ਖ਼ਿਲਾਫ਼ ਬੋਲਦੇ ਰਹੇ ਹਨ ਕਿ ਉਹ ਕਿਉਂ ਨਹੀਂ ਕੇਸ ਲੜਦਾ। ਕਿਉਂ ਬਾਹਰੋਂ ਵਕੀਲ ਹਾਇਰ ਕੀਤੇ ਜਾਂਦੇ ਹਨ।
ਰੰਧਾਵਾ ਨੇ ਮਾਨ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਲ੍ਹ ਚੋਂ ਲਾਰੈਂਸ ਦਾ ਇੰਟਰਵਿਊ ਹੋਇਆ , ਉਸ ਦਾ ਕੀ ਬਣਿਆ?
ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਦੇ ਦਾਅਵੇ ਦੀ ਕੀ ਬਣਿਆ ?
ਦੂਜੇ ਬੰਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਮਸ਼ਹੂਰੀਆਂ ਵਾਲੀ ਸਰਕਾਰ ਦੱਸਿਆ। ਵੜਿੰਗ ਨੇ ਕਿਹਾਾ ਕਿ ਮਾਨ ਸਰਕਾਰ ਨੇ ਬੁਨਿਆਦੀ ਮਸਲਿਆਂ ਵੱਲ ਧਿਆਨ ਨਹੀਂ ਦਿੱਤਾ । ਉਹਨਾਂ ਕਿਹਾ ਕਿ ਆਪ ਨੇ ਨਸ਼ਾ ਖ਼ਤਮ ਕਰਨ ਦੇ ਵੱਡੇ ਦਾਅਵੇ ਕੀਤੇ ਸਨ ਪਰ ਨਿਰੰਤਰ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੀ ਪੂਰੀ ਤਰ੍ਹਾਂ ਨਸ਼ਾ ਖ਼ਤਮ ਨਹੀਂ ਕਰ ਸਕੀ। ਵੜਿੰਗ ਨੇ ਕਿਹਾ ਕਿ ਇਸ ਵੇਲੇ ਸੂਬੇ ਵਿਚ ਅਮਨ ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ।
ਉਨ੍ਹਾਂ ਨੇ ਕਿਹਾਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਬਰਕਰਾਰ ਹਨ। ਮੂੰਗੀ ਦਾਲ ‘ਤੇ ਕੋਈ ਸਬਸਿਡੀ ਨਹੀਂ ਦਿੱਤੀ ਗਈ। ਕੱਚੇ ਅਧਿਆਪਕਾਂ ਦਾ ਕੁਟਾਪਾ ਕੀਤਾ ਜਾ ਰਿਹਾ ਹੈ ਪਹਿਲੀਆਂ ਸਰਕਾਰਾਂ ਨੇ ਕਦੇ ਐਨਾ ਕੁਟਾਪਾ ਨਹੀਂ ਕੀਤਾ ਜਿੰਨਾ ਹੁਣ ਕੀਤਾ ਜਾ ਰਿਹਾ ਹੈ।
ਵੜਿੰਗ ਨੇ ਕਿਹਾ ਕਿ ਸਿਹਤ ਢਾਂਚਾ ਤਹਿਸ ਨਹਿਸ ਹੋ ਗਿਆ ਹੈ.ਅਗਾਮੀ ਦਿਨਾਂ ਵਿਚ ਕਾਂਗਰਸੀ ਆਗੂਆਂ ਵੱਲੋਂ ਸਿਹਤ ਸੰਸਥਾਵਾਂ ਦਾ ਦੌਰਾ ਕਰਕੇ ਸਰਕਾਰ ਦੀ ਸਿਹਤ ਦਾਅਵਿਆਂ ਦੀ ਪੋਲ ਖੋਲ੍ਹਾਂਗੇ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਵਿਚ ਵਿਕਾਸ ਦੇ ਨਾਮ ‘ਤੇ ਕੋਈ ਇੱਟ ਨਹੀਂ ਲੱਗੀ। ਉਹਨਾਂ ਕਿਹਾ ਕਿ ਪੀ.ਪੀ.ਏ ਰੱਦ ਕਰਨ ਦੀਆਂ ਗੱਲਾਂ ਵਾਲੇ ਹੁਣ ਥਰਮਲ ਖ਼ਰੀਦਣ ਦੀਆਂ ਗੱਲਾਂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਥਰਮਲ ਪਲਾਂਟ ਖ਼ਰੀਦਣਾ ਕੋਈ ਵੱਡੀ ਪ੍ਰਾਪਤੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਹੈਲੀਕਾਪਟਰ ਦੇ ਦੌਰਿਆਂ ਦਾ ਖਰਚਾ ਕੌਣ ਦੇਵੇਗਾ। ਉਹਨਾਂ ਕਿਹਾ ਕਿ ਭਾਜਪਾ ਦਾ ਵਿਰੋਧ ਕਰਦੇ ਹਨ ਪਰ ਭਾਜਪਾ ਵੱਲੋਂ ਲਿਆਂਦੇ ਬਿੱਲਾਂ ਦਾ ਸਮਰਥਨ ਕਰਦੇ ਹੋ॥ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਤੇ ਰਾਜਪਾਲ ਦਰਮਿਆਨ ਪੈਦਾ ਹੋਈ ਕੁੜੱਤਣ ਦਾ ਦੇਸ਼ ਦੇ ਗ੍ਰਹਿ ਮੰਤਰੀ ਨੇ ਸਮਝੌਤਾ ਕਰਵਾ ਦਿੱਤਾ ਹੈ।
ਉਹਨਾਂ ਕਿਹਾ ਕਿ ਜਦੋਂ ਕਾਂਗਰਸ ਲੋਕ ਹਿਤ ਦੇ ਮੁੱਦੇ ਚੁੱਕਦੀ ਹੈ ਤਾਂ ਕਾਂਗਰਸ ਨੇਤਾਵਾਂ ‘ਤੇ ਝੂਠੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਮਸ਼ਹੂਰੀਆਂ ਵਾਲੀ ਸਰਕਾਰ ਖ਼ਿਲਾਫ਼ ਬੁਨਿਆਦੀ ਮੁੱਦਿਆਂ ‘ਤੇ ਕਾਂਗਰਸ ਅਗਾਮੀ ਦਿਨਾਂ ਵਿਚ ਮੁਹਿੰਮ ਸ਼ੁਰੂ ਕਰੇਗੀ। ਵੜਿੰਗ ਨੇ ਕਿਹਾਾ ਕਿ ਗ੍ਰਹਿ ਵਿਭਾਗ ਹੀ ਬਿੱਲਾ ਦੀ ਅਦਾਇਗੀ ਕਰਦੀ ਹੈ।