ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਸਭ ਤੋਂ ਵੱਡੇ ਵਿਰੋਧੀ ਰਹੇ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਆਮ ਆਦਮੀ ਪਾਰਟੀ ਛੱਡ ਕੇ ਹੁਣ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਨ੍ਹਾਂ ਨੂੰ ਆਪ ਬਿਕਰਮ ਸਿੰਘ ਮਜੀਠੀਆ ਨੇ ਸ਼ਾਮਲ ਕਰਵਾਇਆ ਹੈ। ਸਿਰਫ਼ ਏਨਾਂ ਹੀ ਨਹੀਂ, ਮਜੀਠੀਆ ਨੇ ਕਿਹਾ ਕਿ ਉਨ੍ਹਾਂ ਨੂੰ ਬਿਲਕੁਲ ਵੀ ਯਕੀਨ ਨਹੀਂ ਸੀ ਕਿ ਲਾਲੀ ਮਜੀਠੀਆ ਦੀ ਕਦੇ ਸਾਡੇ ਨਾਲ ਆਉਣਗੇ, ਮਜੀਠਾ ਹਲਕੇ ਵਿੱਚ ਸਾਨੂੰ ਹੋਰ ਤਾਕਤ ਮਿਲੇਗੀ।
2017 ਵਿੱਚ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਕਾਂਗਰਸ ਦੀ ਟਿਕਟ ਤੋਂ ਮਜੀਠਾ ਹਲਕੇ ਤੋਂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਵਿਧਾਨਸਭਾ ਦੀ ਚੋਣ ਲੜੇ ਸਨ। ਪਰ ਉਹ ਬੁਰੀ ਤਰ੍ਹਾਂ ਨਾਲ ਹਾਰ ਗਏ ਸਨ, ਲਾਲੀ ਮਜੀਠੀਆ ਨੇ ਬਿਕਰਮ ਸਿੰਘ ਮਜੀਠੀਆ ਦੇ ਉਸ ਸਮੇਂ ਸਭ ਤੋਂ ਵੱਡੇ ਵਿਰੋਧੀ ਸਨ। ਉਸ ਵੇਲੇ ਤਤਕਾਲੀ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸੇ ਲਈ ਲਾਲੀ ਮਜੀਠੀਆ ਨੂੰ ਉਨ੍ਹਾਂ ਦੇ ਖ਼ਿਲਾਫ਼ ਮੈਦਾਨ ਵਿੱਚ ਉਤਾਰਿਆ ਸੀ।
ਇੱਕ ਵਕਤ ਲਾਲੀ ਮਜੀਠੀਆ ਕੈਪਟਨ ਦੇ ਕਾਫੀ ਨਜ਼ਦੀਕੀ ਵੀ ਸਨ, ਪਰ ਚੋਣਾਂ ਜਿੱਤਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀਆਂ ਦੀ ਲਿਸਟ ਤੋਂ ਉਹ ਬਾਹਰ ਹੋ ਗਏ ਸਨ। 2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ ਲਾਲੀ ਮਜੀਠੀਆ ਨੇ ਆਮ ਆਮਦੀ ਪਾਰਟੀ ਜੁਆਇਨ ਕੀਤੀ ਸੀ। ਪਰ 2 ਸਾਲ ਬਾਅਦ ਹੁਣ ਉਨ੍ਹਾਂ ਨੇ ਉਸੇ ਅਕਾਲੀ ਦੀ ਬਾਂਹ ਫੜੀ ਹੈ ਜਿਸ ਦੇ ਉਹ ਸਭ ਤੋਂ ਵੱਡੇ ਵਿਰੋਧੀ ਸਨ।