ਸ਼੍ਰੋਮਣੀ ਅਕਾਲੀ ਦਲ ਵਿੱਚ ਇਸ ਸਮੇਂ ਕਾਟੋ ਕਲੇਸ਼ ਮਚਿਆ ਹੋਇਆ ਹੈ। ਉਸ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ ਨੇ ਗਹਿਰਾ ਤੰਜ ਕੱਸਿਆ ਹੈ। ਉਨ੍ਹਾਂ ਸੁਖਬੀਰ ਧੜੇ ਸਮੇਤ ਬਾਗ਼ੀ ਧੜੇ ਨੂੰ ਵੀ ਗਹਿਰੇ ਸਵਾਲ ਕੀਤੇ ਹਨ।
ਭੌਰ ਨੇ ਸੋਸ਼ਲ ਮੀਡੀਆਂ ਉੱਤੇ ਲਿਖਿਆ ਕਿ ਬਾਦਲ ਦੱਲ ਦਾ ਕਾਟੋਕਲੇਸ਼ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦੋਵੇਂ ਧੜੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਿਤ ਕਰਨ ਲਈ ਪੂਰਾ ਤਾਣ ਲਾ ਰਹੇ ਹਨ, ਪੰਜਾਬ ਅਤੇ ਪੰਥ ਹਿਤੈਸ਼ੀ ਹੋਣ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਅਤੀਤ ਵਿੱਚ ਖਾਲਸਾ ਪੰਥ ਨਾਲ ਕੀਤੇ ਗੁਨਾਹਾਂ ਅਤੇ ਧੋਖਿਆਂ ਨੂੰ ਇੱਕ ਦੂਜੇ ਸਿਰ ਮੜ੍ਹ ਕੇ ਸੁਥਰੇ ਹੋਣ ਦੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਜਦਕਿ ਜਦੋਂ ਪੰਥਕ ਮੁਖੌਟਿਆਂ ਥੱਲੇ ਪੰਥ ਦਾ ਹਿਰਦਾ ਵਲੂੰਧਰਿਆ ਜਾ ਰਿਹਾ ਸੀ ਇਹ ਸਭ ਇੱਕ ਦੂਜੇ ਨੂੰ ਬਚਾਉਣ ਲਈ ਪੂਰਾ ਤਾਣ ਲਾ ਰਹੇ ਸਨ। ਵੋਟਾਂ ਦੀ ਖਾਤਿਰ ਪੰਥਕ ਹਿੱਤਾਂ ਨੂੰ ਪਿੱਠ ਦਿਖਾ ਕੇ ਸੌਦਾ ਸਾਧ ਨਾਲ ਯਾਰੀਆਂ ਸਾਰੇ ਪਾਲਦੇ ਰਹੇ ਹਨ। ਪੰਥਕ ਸੰਸਥਾਵਾਂ ਦੀ ਦੁਰਵਰਤੋਂ ਕਰਕੇ ਨਿੱਜੀ ਹਿੱਤ ਪਾਲਦੇ ਰਹਿਣਾਂ ਇਹਨਾਂ ਦੀ ਆਦਤ ਹੀ ਬਣੀ ਰਹੀ ਹੈ। ਇਹੀ ਕਾਰਣ ਹਨ ਨਾਂ ਇਹਨਾਂ ਦਾ ਮੂੰਹ ਬਰਗਾੜੀ ਦੀਆਂ ਘਟਨਾਵਾਂ ਸਮੇ ਖੁਲ੍ਹਿਆ, ਨਾਂ ਸੌਦਾ ਸਾਧ ਨੂੰ ਜਥੇਦਾਰਾਂ ਦੀ ਧੌਣ ਤੇ ਗੋਡਾ ਰੱਖ ਕੇ ਮੁਆਫੀ ਦੇਣ ਸਮੇਂ ਖੁਲ੍ਹਿਆ। ਇਹ ਤਾਂ ਸਾਰਾ ਸਾਰਾ ਦਿਨ ਬਾਦਲਾਂ ਦੀਆਂ ਟੈਲੀਵਿਜ਼ਨਾਂ ‘ਤੇ ਸਫਾਈਆਂ ਦਿੰਦੇ ਰਹੇ ਹਨ। ਇਹਨਾਂ ਦੀਆਂ ਅੱਖਾਂ ਸਾਹਮਣੇ ਅਕਾਲੀ ਦੱਲ ਦਾ ਪ੍ਰਵਾਰੀਕਰਨ,ਅਪਰਾਧੀਕਰਨ ,ਕਾਂਗਰਸੀਕਰਨ ਅਤੇ ਵਪਾਰੀਕਰਨ ਹੋਇਆ ਹੈ। ਜੇ ਉਸ ਸਮੇ ਕੁਝ ਕੀਤਾ ਹੁੰਦਾ ਤਾਂ ਅੱਜ ਨਾਂ ਤੁਹਾਨੂੰ ਇਹ ਦਿਨ ਦੇਖਣੇ ਪੈਂਦੇ ਅਤੇ ਨਾਂ ਅੱਜ ਪੰਥਕ ਸੰਸਥਾਵਾਂ ਅਤੇ ਅਕਾਲੀ ਦੱਲ ਦੀ ਇਹ ਹਾਲਤ ਹੁੰਦੀ।
ਦਰਅਸਲ ਇਹ ਫੁੱਟ ਬਾਦਲ ਦੱਲ ਵਿੱਚ ਕੇਵਲ ਸਿਆਸੀ ਤਾਕਤ ਹਥਿਆਉਣ ਲਈ ਪਈ ਹੈ। ਪੰਥਕ ਸਰੋਕਾਰਾਂ ਨਾਲ ਇਸਦਾ ਦੂਰ ਦਾ ਵੀ ਕੋਈ ਰਿਸ਼ਤਾ ਨਹੀਂ ਹੈ। ਜਿਹੜੇ ਲੋਕ ਕਦੀਂ ਬਾਦਲ ਪਰਿਵਾਰ ਨੂੰ ਸਿਆਸੀ ਪਾਵਰ ਬੈਂਕ ਸਮਝਦੇ ਰਹੇ ਹਨ ਅਤੇ ਸਿਆਸੀ ਤਾਕਤ ਹਾਸਿਲ ਕਰਨ ਲਈ ਪੰਥ ਉੱਤੇ ਹੁੰਦਾ ਹਰ ਜ਼ੁਲਮ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ ਹਨ। ਉਨ੍ਹਾਂ ਨੂੰ ਬਾਦਲ ਦੱਲ ਦੀਆਂ ਵਾਰ ਵਾਰ ਹੋ ਰਹੀਆਂ ਨਮੋਸ਼ੀਜਨਕ ਹਾਰਾਂ ਨੇ ਇਹ ਸਮਝਾ ਦਿੱਤਾ ਹੈ ਕਿ ਹੁਣ ਪੰਥ ਦੇ ਮਨਾਂ ਵਿਚੋਂ ਉੱਤਰ ਚੁੱਕਾ ਬਾਦਲ ਪ੍ਰੀਵਾਰ ਇਹਨਾਂ ਨੂੰ ਸਿਆਸੀ ਤਾਕਤ ਦੇਣ ਦੇ ਸਮਰੱਥ ਨਹੀਂ ਰਿਹਾ ਅਤੇ ਇਹਨਾਂ ਅੱਕੀਂ ਪਲਾਹੀਂ ਹੱਥ ਮਾਰਨੇ ਸ਼ੁਰੂ ਕਰ ਦਿੱਤੇ ਹਨ।
ਪਰ ਹੁਣ ਖਾਲਸਾ ਪੰਥ ਸੁਚੇਤ ਹੈ, ਵਾਰ ਵਾਰ ਰੁੱਸਣ ਅਤੇ ਕੁੱਝ ਸੌਦਾ ਕਰ ਕੇ ਫਿਰ ਮੰਨ ਜਾਣ ਦੀ ਖੇਡ, ਖੇਡ ਕੇ ਘਰ ਵਾਪਸੀ ਹੁੰਦੀ, ਪੰਥ ਨੇ ਬਹੁਤ ਵਾਰ ਵੇਖ ਲਈ ਹੈ। ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ ।
ਵਾਰ ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ਼ ਕਰੇ। ਖਾਲਸਾ ਪੰਥ ਨੂੰ ਆਪਣੀਆਂ ਪੰਥਕ ਸੰਸਥਾਵਾਂ ਦੀ ਵਕਾਰ ਬਹਾਲੀ ਅਤੇ ਆਪਣੀ ਰਾਜਨੀਤਕ ਧਿਰ ਦੀ ਸਥਾਪਤੀ ਲਈ ਲੰਬਾ ਸੰਘਰਸ਼ ਲੜਨਾਂ ਪੈਣਾਂ ਹੈ, ਪੰਜਾਬ ਪ੍ਰਸਤ ਅਤੇ ਪੰਥ ਪ੍ਰਸਤ ਨੌਜਵਾਨੀ ਨੂੰ ਨਿਰਸਵਾਰਥ ਪੰਜਾਬ ਅਤੇ ਪੰਥ ਪ੍ਰਸਤ ਸਨੇਹੀਆਂ ਦਾ ਸਾਥ ਲੈ ਕੇ ਸਾਹਮਣੇ ਆਉਣਾਂ ਪੈਣਾਂ ਹੈ, ਤਾਂ ਹੀ ਪੰਥ ਅਤੇ ਪੰਜਾਬ ਦਾ ਮਾਣ ਕਾਇਮ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ – ‘ਹੁਣ ਧੋਖਾ ਨਹੀਂ ਦਿੱਤਾ ਜਾ ਸਕਦਾ!’ ‘ਵਾਰ-ਵਾਰ ਪਰਖਿਆਂ ਉੱਤੇ ਪੰਥ ਕਿਵੇਂ ਵਿਸ਼ਵਾਸ਼ ਕਰੇ!’ ‘ਪੰਜਾਬ ਪ੍ਰਸਤ ਤੇ ਪੰਥ ਪ੍ਰਸਤ ਨੌਜਵਾਨੀ ਅੱਗੇ ਆਏ!’