Punjab

ਪਾਰਟੀ ਤੋਂ ਕੱਢਣ ‘ਤੇ ਢੀਂਡਸਾ ਦੀ ਸੁਖਬੀਰ ਨੂੰ ਸਿੱਧੀ ਚੁਣੌਤੀ ! 98% ਡੈਲੀਗੇਟਸ ਹਨ ਤਾਂ ਮੁੜ ਚੋਣ ਕਰਵਾਉਣ !

ਬਿਉਰੋ ਰਿਪੋਰਟ – ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਤੋਂ ਕੱਢਣ ਤੋਂ ਬਾਅਦ ਹੁਣ ਢੀਂਡਸਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਮੈਨੂੰ ਪਾਰਟੀ ਤੋਂ ਕੋਈ ਬਾਹਰ ਕੱਢ ਸਕਦਾ ਹੈ, ਅਸੀਂ ਪਾਰਟੀ ਦੇ ਲਈ ਜੇਲ੍ਹ ਕੱਟ ਕੇ ਕੁਰਬਾਨੀ ਦਿੱਤੀ ਹੈ। ਢੀਂਡਸਾ ਨੇ ਮਹੇਸ਼ਇੰਦਰ ਸਿਘ ਗਰੇਵਾਲ ਦੇ ਉਸ ਬਿਆਨ ਦਾ ਵੀ ਜਵਾਬ ਦਿੱਤਾ, ਜਿਸ ਵਿੱਚ ਕਿਹਾ ਗਿਆ ਸੀ ਢੀਂਡਸਾ 3 ਵਾਰ ਹਾਰੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਅਹੁਦੇ ਦਿੱਤੇ ਗਏ। ਉਨ੍ਹਾਂ ਕਿਹਾ 2 ਤੋਂ 3 ਵਾਰੀ ਹਾਰਿਆਂ ਪਰ ਉਸ ਤੋਂ ਪਹਿਲਾਂ 4 ਵਾਰ ਵਿਧਾਇਕ ਵੀ ਰਿਹਾ ਹਾਂ। ਜਦਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਪਾਰਟੀ 4 ਵਾਰ ਲਗਾਤਾਰ ਹਾਰੀ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਦੇ 98 ਫੀਸਦੀ ਡੈਲੀਗੇਟਾਂ ਦੀ ਹਮਾਇਤ ‘ਤੇ ਵੀ ਸਵਾਲ ਚੁੱਕੇ ਉਨ੍ਹਾਂ ਕਿਹਾ ਡੈਲੀਗੇਟਾਂ ਨੇ ਹੀ ਪ੍ਰਧਾਨ ਚੁਣਨਾ ਹੁੰਦਾ ਹੈ ਅਸੀਂ ਜਲਦ ਉਨ੍ਹਾਂ ਨੂੰ ਬੁਲਵਾਂਗੇ ਅਤੇ ਨਵਾਂ ਪ੍ਰਧਾਨ ਚੁਣਾਂਗੇ। ਜੇਕਰ ਸੁਖਬੀਰ ਕੋਲ ਡੈਲੀਗੇਟ ਹਨ ਤਾਂ ਘਬਰਾ ਕੇ ਪਾਰਟੀ ਤੋਂ ਸੀਨੀਅਰ ਆਗੂਆਂ ਨੂੰ ਕਿਉਂ ਕੱਢ ਰਹੇ ਹਨ। ਅਸੀਂ ਸੁਧਾਰ ਲਿਆਉਣ ਨੂੰ ਕਿਹਾ ਸੀ ਇਸ ਵਿੱਚ ਕਿਹੜਾ ਗੁਨਾਹ ਹੈ।

ਸੁਖਦੇਵ ਸਿੰਘ ਢੀਂਡਸਾ ਨੇ ਆਪਰੇਸ਼ਨ ਨਾਗਪੁਰ ਦਾ ਵੀ ਜਵਾਬ ਦਿੱਤਾ, ਉਨ੍ਹਾਂ ਕਿਹਾ ਇਹ ਆਪ ਹੀ ਬੀਜੇਪੀ ਨਾਲ ਰਿਸ਼ਤੇ ਨਿਭਾਉਂਦੇ ਰਹੇ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਮੇਰੀ ਕਦੇ ਵੀ ਬੀਜੇਪੀ ਨਾਲ ਮੁਲਾਕਾਤ ਨਹੀਂ ਹੋਈ ਹੈ। ਢੀਂਡਸਾ ਨੇ ਕਿਹਾ ਅਸੀਂ ਸਾਰਿਆਂ ਨੇ ਕਿਹਾ ਸੀ ਕਿ ਅੰਮ੍ਰਿਤਪਾਲ ਦੇ ਖਿਲਾਫ ਚੋਣ ਨਾ ਲੜੀ ਜਾਵੇ ਪਰ ਸਾਡੀ ਸੁਣੀ ਨਹੀਂ ਗਈ। ਹੁਣ ਇੱਕ ਵਾਰ ਮੁੜ ਤੋਂ ਉਸ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਸਿਰਫ਼ ਇੰਨਾਂ ਹੀ ਨਹੀਂ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਮੈਂ ਹੀ ਸਭ ਤੋਂ ਪਹਿਲਾਂ ਕਿਹਾ ਸੀ ਕਿ ਸਾਨੂੰ ਬੀਜੇਪੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਹੈ।

ਢੀਂਡਸਾ ਨੇ ਮੰਨਿਆ ਕਿ ਪਰਮਿੰਦਰ ਸਿੰਘ ਢੀਂਡਸਾ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਗਿਆ ਸੀ ਪਰ ਉਸ ਤੋਂ ਬਾਅਦ ਉਨ੍ਹਾਂ ਨੇ ਸਜ਼ਾ ਵੀ ਲਵਾਈ ਸੀ। ਉਨ੍ਹਾਂ ਕਿਹਾ ਅੱਜ ਉਹ ਕਹਿੰਦੇ ਹਨ ਸਰਪ੍ਰਸਤ ਦਾ ਕੋਈ ਅਹੁਦਾ ਨਹੀਂ ਹੁੰਦਾ ਹੈ ਕਿਉਂਕਿ ਮੈਂ ਉਨ੍ਹਾਂ ਦੇ ਫੈਸਲੇ ਨੂੰ ਪਲਟ ਦਿੱਤਾ ਹੈ।

ਇਹ ਵੀ ਪੜ੍ਹੋ –    ਆਪਰੇਸ਼ਨ ਨਾਗਪੁਰ ‘ਤੇ ਸਰਬਜੀਤ ਸਿੰਘ ਨੇ ਸੁਖਬੀਰ ਤੋਂ ਮੰਗੇ ਸਬੂਤ! ‘ਸਾਂਭ ਲਿਓ ਪਾਰਟੀ ਨਹੀਂ ਤਾਂ ਭੋਗ ਨਾ ਪੈ ਜਾਵੇ’