Punjab

‘ਸੁਖਬੀਰ ਦੇ ਅਸਤੀਫੀ ਦੀ ਪੇਸ਼ਕਸ਼ ਖਾਰਜ’! ‘ਪਾਰਟੀ ਦੇ ਕਲੇਸ਼ ‘ਚ 2 ਜੱਥੇਦਾਰਾਂ ਦੀ ਐਂਟਰੀ’! ‘ਅੱਖਾਂ ਮੀਚਣ ਨਾਲ ਕਮਜ਼ੋਰੀ ਨਹੀਂ ਲੁੱਕ ਦੀ’!

ਬਿਉਰੋ ਰਿਪੋਰਟ – ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਪ੍ਰਧਾਨ ਸੁਖਬੀਰ ਸਿੰਘ ਨੇ ਅਹੁਦਾ ਛੱਡਣ ਦੀ ਪੇਸ਼ਕਸ਼ ਕੀਤੀ, ਜਿਸ ਨੂੰ ਵਰਕਿੰਗ ਕਮੇਟੀ ਨੇ ਖਾਰਜ ਕਰ ਦਿੱਤਾ। ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਵਰਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ‘ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਮੀਟਿੰਗ ਵਿੱਚ ਮਤਾ ਪਾਸ ਹੋਇਆ ਹੈ ਕਿ ਬਾਗੀਆਂ ਨੇ ਜੋ ਵੀ ਗੱਲ ਰੱਖਣੀ ਹੈ ਪਾਰਟੀ ਦੇ ਅੰਦਰ ਰੱਖਣ। ਜੇਕਰ ਕਿਸੇ ਨੂੰ ਪਾਰਟੀ ਦੀ ਵਰਕਿੰਗ ਕਮੇਟੀ ‘ਤੇ ਵਿਸ਼ਵਾਸ਼ ਨਹੀਂ ਹੈ ਤਾਂ ਉਹ ਆਪਣੇ ਆਪ ਨੂੰ ਬਾਹਰ ਹੀ ਸਮਝੇ, ਉਨ੍ਹਾਂ ਨੇ ਬਾਗੀਆਂ ਨੂੰ ਨਸੀਹਤ ਦਿੱਤੀ ਕਿ ਪੰਥ ਦੇ ਵਿਰੋਧੀਆ ਦੇ ਹੱਥਾਂ ਵਿੱਚ ਨਾ ਖੇਡੋ। ਵਰਕਿੰਗ ਕਮੇਟੀ ਵਿੱਚ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਗਈ ਹੈ ਕਿ ਪਾਰਟੀ ਅਤੇ ਪੰਥ ਖਿਲਾਫ ਸਾਜ਼ਿਸ਼ਾਂ ਨੂੰ ਪ੍ਰਧਾਨ ਬੇਨਕਾਬ ਕਰਨ। ਇਸ ਤੋਂ ਇਲਾਵਾ ਪਾਰਟੀ ਦਾ ਨਵੇਂ ਸਿਰ ਤੋ ਢਾਂਚਾ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਵਰਕਿੰਗ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਹੈ।

ਅਕਾਲੀ ਦੀ ਬਗਾਵਤ ਵਿੱਚ 2 ਜੱਥੇਦਾਰਾਂ ਦੀ ਐਂਟਰੀ

ਅਕਾਲੀ ਦਲ ਦੀ ਬਗਾਵਤ ‘ਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਵੀ ਵੱਡਾ ਬਿਆਨ ਸਾਹਮਣੇ ਆਇਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦਿਹਾੜੇ ‘ਤੇ ਗਿਆਨੀ ਰਘੁਬੀਰ ਸਿੰਘ ਨੇ ਇਸ਼ਾਰਿਆਂ ਵਿੱਚ ਕਿਹਾ ਸਿਆਸਤ ਦੀ ਨਿਗਾਹਬਾਨੀ ਹਮੇਸ਼ਾ ਧਰਮ ਕਰੇ ,ਉਨ੍ਹਾਂ ਕਿਹਾ ਅੱਜ ਦੇ ਲੀਡਰ ਸ੍ਰੀ ਹਰਿਮੰਦਰ ਸਾਹਿਬ ਵੱਲ ਪਿੱਠ ਕਰ ਰਹੇ ਹਨ, ਉਨ੍ਹਾਂ ਦੀ ਪਿੱਠ ਸ੍ਰੀ ਹਰਿਮੰਦਰ ਸਾਹਿਬ ਵੱਲ ਹੈ, ਜਦਕਿ ਮੂੰਹ ਦਿੱਲੀ ਵੱਲ ਕੀਤਾ ਹੈ। ਮੁੜ ਤੋਂ ਧਰਮ ਵੱਲ ਮੂੰਹ ਕਰਨ ਤਾਂ ਰਾਜ ਭੋਗ ਮਿਲੇਗਾ।

ਉਧਰ ਬਾਗੀ ਗੁੱਟ ਵਿੱਚ ਸ਼ਾਮਲ ਪਰਮਿੰਦਰ ਸਿੰਘ ਢੀਂਡਸਾ ਨੇ ਇੱਕ ਪ੍ਰਾਈਵੇਟ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਹੈ ਕਿ ਅਸੀਂ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਦਲ ਦੀ ਅਗਵਾਈ ਕਰਨ ਦੀ ਅਪੀਲ ਕਰਦੇ ਹਾਂ। ਗਿਆਨੀ ਹਰਪ੍ਰੀਤ ਸਿੰਘ ਜਦੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਸਨ ਤਾਂ ਉਨ੍ਹਾਂ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕਈ ਵਾਰ ਅਕਾਲੀ ਦਲ ਨੂੰ ਨਸੀਹਤ ਦਿੱਤੀ ਸੀ। ਅਕਾਲੀ ਦਲ ਦਾ ਇੱਕ ਧੜਾ ਉਨ੍ਹਾਂ ਦੇ ਬੀਜੇਪੀ ਨਾਲ ਨਜ਼ਦੀਕੀ ਸਬੰਧ ਦੇ ਇਲਜ਼ਾਮ ਵੀ ਲਗਾਉਂਦਾ ਰਹਿੰਦਾ ਹੈ, ਇਸੇ ਲਈ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਦੇ ਜਥੇਦਾਰ ਅਹੁਦੇ ਤੋਂ ਵੀ ਹਟਾ ਦਿੱਤਾ ਗਿਆ ਸੀ। ਪਰਮਿੰਦਰ ਸਿੰਘ ਢੀਂਡਸਾ ਨੇ ਪ੍ਰਧਾਨਗੀ ਦੇ ਲਈ ਬੀਬੀ ਖਾਲੜਾ ਅਤੇ ਸੰਤ ਸਮਾਜ ਦਾ ਵੀ ਨਾਂ ਲੈਂਦੇ ਹੋਏ ਕਿਹਾ ਸਾਡੇ ਵਿੱਚੋਂ ਕੋਈ ਵੀ ਪ੍ਰਧਾਨ ਦੀ ਰੇਸ ਵਿੱਚ ਨਹੀਂ ਹੈ।

ਬਾਗੀ ਬੀਜੇਪੀ ਦੀ ਕੱਠਪੁਤਲੀ,ਆਪਣੇ ਅੰਦਰ ਝਾਤੀ ਮਾਰੋ’

ਬਠਿੰਡਾ ਤੋਂ ਐੱਮਪੀ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਦਲ ਵਿੱਚ ਉੱਠੀ ਬਗਾਵਤ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਬੀਜੇਪੀ ਦੇ ਇਸ਼ਾਰੇ ‘ਤੇ ਹੋ ਰਿਹਾ ਹੈ, ਬਾਗੀ ਆਗੂ ਬੀਜੇਪੀ ਦੀ ਕਠਪੁਤਲੀਆਂ ਹਨ। ਉਨ੍ਹਾਂ ਨੇ ਇਹ ਸਾਰੇ ਆਗੂ ਬੀਜੇਪੀ ਨਾਲ ਸਮਝੌਤਾ ਕਰਨਾ ਚਾਹੁੰਦੇ ਸਨ। ਉਨ੍ਹਾਂ ਕਿਹਾ ਜਿਸ ਤਰ੍ਹਾਂ ਬੀਜੇਪੀ ਨੇ ਮਹਾਰਾਸ਼ਟਰ ਵਿੱਚ ਪਾਰਟੀਆਂ ਨੂੰ ਤੋੜਿਆ ਉਸੇ ਤਰ੍ਹਾਂ ਇਹ ਪੰਜਾਬ ਵਿੱਚ ਕਰਨਾ ਚਾਹੁੰਦੇ ਹਨ। ਉਧਰ ਪਰਮਿੰਦਰ ਸਿੰਘ ਢੀਂਡਸਾ ਨੇ ਪਲਟਵਾਰ ਕਰਦੇ ਹੋ ਕਿਹਾ ਹਰਸਿਮਰਤ ਹੀ ਬੀਜੇਪੀ ਦੇ ਸਭ ਤੋਂ ਜ਼ਿਆਦਾ ਨਜ਼ਦੀਕੀ ਹਨ। ਸਾਨੂੰ ਪਤਾ ਸੀ ਸਾਡੇ ਸਵਾਲਾਂ ਦੇ ਜਵਾਬ ਵਿੱਚ ਇਹ ਬੀਜੇਪੀ ਨਾਲ ਸਾਨੂੰ ਜੋੜ ਦੇਣਗੇ। ਅਸੀਂ ਤਾਂ ਆਪ ਬੀਜੇਪੀ ਛੱਡ ਕੇ ਆਏ ਸੀ।

ਉਧਰ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਵਿੱਚ ਹੋਈ ਬਗਾਵਤ ਲਈ ਬੀਜੇਪੀ ਨੂੰ ਜ਼ਿੰਮੇਵਾਰ ਠਹਿਰਾਉਣ ‘ਤੇ ਤੰਜ ਕੱਸ ਦੇ ਹੋਏ ਕਿਹਾ ਅੱਖਾਂ ਮੀਚਣ ਨਾਲ ਕਮਜ਼ੋਰੀਆਂ ਨਹੀਂ ਲੁੱਕ ਸਕਦੀਆਂ ਹਨ। ਸੁਖਬੀਰ ਸਿੰਘ ਬਾਦਲ ਅੰਦਰ ਝਾਤੀ ਮਾਰਨ, ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇੱਕ ਮੀਡੀਆ ਚੈਨਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਅਕਾਲੀ ਦਲ ਦੀ ਹੋਰ ਖੇਤਰੀ ਪਾਰਟੀਆਂ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਹੈ। ਅਕਾਲੀ ਦਲ ਪੰਥ ਦੀ ਨੁਮਾਇੰਦਗੀ ਕਰਦਾ ਹੈ। ਪਾਰਟੀ ਵਿੱਚ ਬਗਾਵਤ ਵਿੱਚ ਬੀਜੇਪੀ ਦਾ ਕੋਈ ਰੋਲ ਨਹੀਂ ਹੈ। ਇਹ ਉਹ ਹੀ ਬੀਜੇਪੀ ਹੈ ਜਿਸ ਨੂੰ SGPC ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਵਾਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲਵਾਉਣ ਦੇ ਲਈ ਸਨਮਾਨ ਪੱਤਰ ਦਿੱਤਾ ਸੀ। ਜਾਖੜ ਨੇ ਕਿਹਾ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੀਆਂ ਤਾਕਤਾਂ ਨਾ ਪਨਪਨ ਇਸ ਲਈ ਜ਼ਰੂਰਤ ਹੈ ਕਿ ਅਕਾਲੀ ਸੁਖਬੀਰ ਦੇ ਨਾਲ ਭਾਵੇ ਉਨ੍ਹਾਂ ਬਗੈਰ ਤਾਕਤਵਰ ਬਣੇ। ਸਿਰਫ ਇੰਨਾਂ ਹੀ ਨਹੀਂ ਜਾਖੜ ਨੇ ਕਿਹਾ ਕਿ ਨਾਂ ਦੇ ਅੱਗੇ ਪ੍ਰਧਾਨ ਲਿਖਣ ਨਾਲ ਕੋਈ ਪ੍ਰਧਾਨ ਨਹੀਂ ਬਣ ਜਾਂਦਾ ਹੈ, ਉਸ ਦੇ ਲਈ ਹਮਾਇਤ ਦੀ ਜ਼ਰੂਰਤ ਹੈ।

ਅਕਾਲੀ ਦਲ ਵਿੱਚ ਚੱਲ ਰਹੀ ਇਸ ਬਗਾਵਤ ਵਿੱਚ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਖਬੀਰ ਸਿੰਘ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ ਨਦਾਰਤ ਨਜ਼ਰ ਆ ਰਹੇ ਹਨ। ਅਕਸਰ ਹਰ ਮੁੱਦੇ ‘ਤੇ ਖੁੱਲ ਕੇ ਬੋਲਣ ਵਾਲੇ ਮਜੀਠੀਆ ਨਾ ਤਾਂ ਕੋਰ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਏ ਨਾ ਹੀ ਡੈਮੇਜ ਕੰਟਰੋਲ ਕਰਨ ਨੂੰ ਲੈਕੇ ਕੋਈ ਬਿਆਨ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਅਕਸਰ ਸੁਖਬੀਰ ਅਤੇ ਮਜੀਠੀਆ ‘ਤੇ ਤੰਜ ਕੱਸ ਦੇ ਹੋਏ ਕਹਿੰਦੇ ਸਨ ਕਿ ਦੋਵਾਂ ਦੇ ਵਿਚਾਲੇ ਹੁਣ ਬਣਦੀ ਨਹੀਂ ਹੈ। ਸਿਆਸੀ ਗਲਿਆਰਿਆਂ ਵਿੱਚ ਵੀ ਮਜੀਠੀਆ ਦੀ ਚੁੱਪੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇਹ ਵੀ ਪੜ੍ਹੋ –  ਸੂਬੇ ’ਚ 344472 ਦਿਵਿਆਂਗਜਨਾਂ ਨੂੰ ਯੂਡੀਆਈਡੀ ਕਾਰਡ ਜਾਰੀ: ਡਾ. ਬਲਜੀਤ ਕੌਰ