India Punjab

….ਤੇ ਆਖਿਰ ਨੂੰ ਸੁਖਬੀਰ ਬਾਦਲ ਨੇ ਕਰ ਲਿਆ ਆਪਣਾ ਢਿੱਡ ਹੌਲਾ

ਦ ਖ਼ਾਲਸ ਬਿਊਰੋ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਕਈ ਚਿਰਾਂ ਤੋਂ ਮੀਡੀਆ ਨਾਲ ਦੂਰੀ ਬਣਾ ਕੇ ਚਲ ਰਹੇ ਸਨ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਮਿਹਣੇ ਦੇ ਕੇ ਆਪਣਾ ਢਿੱਡ ਹੌਲਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਹਨ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਸਰਕਾਰ ਨਾਲ ਐਮਓਯੂ ਕਰਕੇ ਪੰਜਾਬ ਨੂੰ ਦਿੱਲੀ ਦੇ ਹਵਾਲੇ ਕਰ ਦਿੱਤਾ ਹੈ। 

ਉਨ੍ਹਾਂ ਕਿਹਾ ਕਿ ਮੈਨੂੰ ਲੱਗਾ ਸੀ ਕਿ ਸਾਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 100 ਦਿਨ ਦਿੱਤੇ ਜਾਣੇ ਚਾਹੀਦੇ ਹਨ ਪਰ ਅੱਜ ਦਾ ਫੈਸਲਾ ਇੱਕ ਇਤਿਹਾਸਕ ਭੁੱਲ ਹੈ ਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾ ਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਹੀ ਕਹਿੰਦੇ ਸੀ ਕਿ ਕੇਜਰੀਵਾਲ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ। ਉਨ੍ਹਾਂ ਦਾ ਨਿਸ਼ਾਨਾ ਸੀ ਕਿ ਮੈਂ ਪੰਜਾਬ ਦਾ ਮੁੱਖ ਮੰਤਰੀ ਬਣਾਂ ਪਰ ਭਗਵੰਤ ਮਾਨ ਨੂੰ ਬਣਾਉਣਾ ਉਨ੍ਹਾਂ ਦੀ ਮਜਬੂਰੀ ਬਣ ਗਈ ਸੀ।

ਸੁਖਬੀਰ ਬਾਦਲ ਨੇ ਕਿਹਾ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਕੇਜਰੀਵਾਲ ਨੇ ਹੁਣ ਪੰਜਾਬ ਦੀ ਕਮਾਨ ਆਪਣੇ ਹੱਥਾਂ ਵਿੱਚ ਲੈ ਲਈ ਹੈ। ਪੰਜਾਬ ਦੇ ਮੰਤਰੀਆਂ ਨੂੰ ਕਬਜ਼ੇ ਹੇਠ ਲੈ ਲਿਆ ਹੈ। ਅੱਜ ਦੇ ਐਮਓਯੂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਬਲਕਿ ਅਰਵਿੰਦ ਕੇਜਰੀਵਾਲ ਬਣ ਗਏ ਹਨ। ਹੁਣ ਕੇਜਰੀਵਾਲ ਕਦੇ ਵੀ ਪੰਜਾਬ ਦੇ ਅਫਸਰਾਂ ਨੂੰ ਫੋਨ ਕਰਕੇ ਹੁਕਮ ਦੇ ਸਕਦਾ ਹੈ।

ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ  ਕਿਹਾ ਕਿ ਅਜਿਹੀ ਰਾਜਨੀਤੀ ‘ਤੇ ਲਾਹਨਤ ਹੈ ਜਿਹੜੀ ਸਰਕਾਰ ਪੰਜਾਬ ਦੇ ਹੱਕਾਂ ਲਈ ਨਹੀਂ ਲੜ ਸਕਦੀ। ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦੀਆਂ ਅੱਖਾਂ ਹੁਣ ਪੰਜਾਬ ਦੇ ਪਾਣੀਆਂ ‘ਤੇ ਹਨ। ਹਰਿਆਣਾ ਵਿੱਚ ਪਾਣੀ ਦੀ ਗਰੰਟੀ ਦੇ ਰਹੇ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪੰਜਾਬ ਦੇ ਮੰਤਰੀ ਨੂੰ ਐਸਵਾਈਐਲ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੰਤਰੀ ਕਿਸ ਤਰ੍ਹਾਂ ਬੋਲਣਗੇ, ਹੁਣ ਉਨ੍ਹਾਂ ਨੂੰ ਬੋਲਣ ਦੀ ਆਜ਼ਾਦੀ ਨਹੀਂ ਹੈ, ਆਜ਼ਾਦੀ ਤਾਂ ਕੇਜਰੀਵਾਲ ਨੇ ਖੋਹ ਲਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਿਸ ਤਰ੍ਹਾਂ ਪੰਜਾਬ ਤੋਂ ਆਪਣਾ ਮੁਨਾਫਾ ਦੇਖ ਰਹੀ ਹੈ, ਇਸ ਸਬੰਧੀ ਅੱਜ ਐਮਓਯੂ ‘ਤੇ ਦਸਤਖਤ ਕੀਤੇ ਗਏ। ਭਗਵੰਤ ਮਾਨ ਨੇ ਆਪਣੀ ਕੁਰਸੀ ਬਚਾਉਣ ਲਈ ਅੱਜ ਪੰਜਾਬ ਨੂੰ ਦਿੱਲੀ ਦੇ ਪੈਰੀਂ ਲਾ ਦਿੱਤਾ। ਐਮਓਯੂ ਵਿੱਚ ਇੱਕ ਧਾਰਾ ਪਾਈ ਗਈ ਹੈ ਕਿ ਦੋਵਾਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਕੋਈ ਵੀ ਫੈਸਲਾ ਰੱਦ ਨਹੀਂ ਕੀਤਾ ਜਾ ਸਕਦਾ।