‘ਦ ਖ਼ਾਲਸ ਬਿਊਰੋ:- ਸੀਨੀਅਰ ਅਕਾਲੀ ਆਗੂ ਅਤੇ ਮਾਨਸਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਸਿਧਾਂਤਾਂ ਤੋਂ ਥਿੜਕਿਆ ਕਰਾਰ ਦਿੱਤਾ ਹੈ।
ਆਪਣਾ ਅਸਤੀਫਾ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭੇਜਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਆਪਣੇ ਪੰਥਕ ਅਤੇ ਪੰਜਾਬ ਪ੍ਰਤੀ ਸਿਧਾਂਤਾਂ ਦੇ ਸਟੈਂਡ ਤੋਂ ਹਿੱਲ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੌਜੂਦਾ ਮੁਖੀ ਹੁਣ ਅਕਾਲੀ ਦਲ ਦੇ ਬੇਮਿਸਾਲ ਅਤੇ ਸ਼ਾਨਾਮੱਤੇ ਇਤਿਹਾਸ ਭੁੱਲ ਗਏ ਹਨ। ਕਾਹਨੇਕੇ ਸੇਵਾ ਮੁਕਤ ਅਧਿਆਪਕ ਹਨ ਅਤੇ ਪੰਜਾਬ ਸਟੇਟ ਅਧਿਆਪਕ ਦਲ ਦੇ ਵੀ ਸੂਬਾ ਪ੍ਰਧਾਨ ਰਹੇ ਹਨ। ਉਹ ਸਿਆਸੀ ਤੌਰ ਉੱਤੇ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੀ ਨਜ਼ਦੀਕੀ ਰਹੇ ਹਨ।