‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੀ ਪੰਜਾਬ ਦੀ 100 ਦਿਨਾਂ ਯਾਤਰਾ ਅਗਲੇ ਛੇ ਦਿਨਾਂ ਲਈ ਮੁਲਤਵੀ ਕਰ ਦਿੱਤੀ ਹੈ। ਬਾਦਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਦੀ ਬੇਨਤੀ ‘ਤੇ ਆਪਣੀ ਮੁਹਿੰਮ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ। ਉਹ ਕਿਸੇ ਵੀ ਕਿਸਾਨ ਲੀਡਰ ਨੂੰ ਮਿਲਣ ਅਤੇ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣ ਲਈ ਤਿਆਰ ਹਨ। ਉਨ੍ਹਾਂ ਨੇ ਦੱਸਿਆ ਕਿ ਚਾਰ ਸਤੰਬਰ ਨੂੰ ਯਾਤਰਾ ਪ੍ਰੋਗਰਾਮ ਤਹਿਤ ਅਮਲੋਹ ਜਾਣਾ ਸੀ ਪਰ ਇਹ 10 ਸਤੰਬਰ ਤੱਕ ਅੱਗੇ ਪਾ ਦਿੱਤਾ ਗਿਆ ਹੈ।

ਦਰਅਸਲ, ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਨੇ ਸਿਆਸੀ ਪਾਰਟੀਆਂ ਨੂੰ ਚਿਤਾਵਨੀ ਦੇ ਨਾਲ-ਨਾਲ ਸਲਾਹ ਦਿੰਦਿਆਂ ਕਿਹਾ ਕਿ ਚੋਣਾਂ ਦਾ ਪ੍ਰਚਾਰ ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹੁੰਦਾ ਹੈ ਪਰ ਸਿਆਸੀ ਲੀਡਰ ਕਈ ਮਹੀਨੇ ਪਹਿਲਾਂ ਹੀ ਪਿੰਡਾਂ ਵਿੱਚ ਜਾ ਕੇ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਛੇੜ ਰਹੇ ਹਨ ਕਿਉਂਕਿ ਕਿਸਾਨ ਉਨ੍ਹਾਂ ਦਾ ਵਿਰੋਧ ਕਰਦੇ ਹਨ ਅਤੇ ਬਾਅਦ ਵਿੱਚ ਉੱਥੇ ਸਥਿਤੀ ਤਣਾਅਪੂਰਨ ਹੋ ਜਾਂਦੀ ਹੈ। ਸਾਡੀ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਵੀ ਰਾਜਨੀਤਿਕ ਪਾਰਟੀਆਂ ਨਹੀਂ ਹਟਦੀਆਂ, ਜਿਸਦੇ ਨਤੀਜੇ ਵਜੋਂ ਮੋਗਾ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਹੋਇਆ ਹੈ ਅਤੇ ਮੈਂ ਇਸਦੀ ਨਿੰਦਾ ਕਰਦਾ ਹਾਂ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਅਕਾਲੀ ਦਲ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਕਾਲੀ ਦਲ ਬਹੁਤ ਤੇਜ਼ੀ ਦੇ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ ਪਰ ਹਾਲੇ ਚੋਣਾਂ ਵਿੱਚ ਬਹੁਤ ਸਮਾਂ ਪਿਆ ਹੈ। ਇਹਨਾਂ ਸਿਆਸੀ ਪਾਰਟੀਆਂ ਨੇ ਇਸ ਵਾਰ ਜਾਣ-ਬੁੱਝ ਕੇ ਚੋਣ ਸਮੇਂ ਤੋਂ ਕੁੱਝ ਸਮਾਂ ਪਹਿਲਾਂ ਹੀ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਤਾਂ ਜੋ ਕਿਸਾਨੀ ਅੰਦੋਲਨ ਖਰਾਬ ਕੀਤਾ ਜਾਵੇ।

ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਪਾਰਲੀਮੈਂਟ ਦੇ ਅੰਦਰ ਜਾਂ ਬਾਹਰ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਆਵਾਜ਼ ਚੁੱਕਦੀ ਹੈ, ਜਿਸ ਕਾਲੇ ਕਾਨੂੰਨ ਦੀ ਗੱਲ ਅੱਜ ਕਿਸਾਨ ਜਥੇਬੰਦੀਆਂ ਕਰ ਰਹੀਆਂ ਹਨ। ਕੈਪਟਨ ਸਰਕਾਰ ਦੇ ਚੋਣ ਮਨੋਰਥ ਪੱਤਰ ਵਿੱਚ ਇਹ ਤਿੰਨੇ ਕਾਨੂੰਨ ਲਾਗੂ ਕਰਨ ਦਾ ਜ਼ਿਕਰ ਹੈ। ਰਾਹੁਲ ਗਾਂਧੀ ਇਨ੍ਹਾਂ ਕਾਨੂੰਨਾਂ ਦੀ ਵਕਾਲਤ ਕਰਦੇ ਰਹੇ ਹਨ। ਆਮ ਆਦਮੀ ਪਾਰਟੀ ਨੇ ਸਭ ਤੋਂ ਪਹਿਲਾਂ ਖੇਤੀ ਕਾਨੂੰਨ ਪਾਸ ਕੀਤੇ ਹਨ। ਸ਼ਿਰੋਮਣੀ ਅਕਾਲੀ ਦਲ ਵਾਅਦਾ ਕਰਦਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ‘ਤੇ ਕਾਲੇ ਕਾਨੂੰਨ ਲਾਗੂ ਨਹੀਂ ਹੋਣ ਦਿੱਤੇ ਜਾਣਗੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਕਾਂਗਰਸ ਸਰਕਾਰ ਪਿੰਡਾਂ ਵਿਚ, ਭਰਾਵਾਂ ਵਿਚ ਅਤੇ ਲੋਕਾਂ ਵਿਚ ਲੜਾਈ ਦਾ ਮਾਹੌਲ ਬਣਾ ਰਹੀ ਹੈ, ਇਸਦੇ ਉਲਟ ਸਿਰਫ ਅਕਾਲੀ ਦਲ ਹੀ ਪੰਜਾਬ ਦੀ ਪਾਰਟੀ ਹੈ, ਜਿਸਦਾ ਨਿਸ਼ਾਨਾ ਬੀਜੇਪੀ ਨੂੰ ਹਰਾਉਣਾ ਹੈ।

ਐੱਮਐੱਸਪੀ ਲਾਗੂ ਕਰਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਸਭ ਤੋਂ ਵੱਡਾ ਯੋਗਦਾਨ ਹੈ। ਕੈਪਟਨ ਨੇ ਅੱਜ ਤੱਕ ਕਾਲੇ ਕਾਨੂੰਨ ਲਾਗੂ ਕੀਤੇ ਹਨ। ਜਦੋਂ ਤੱਕ ਸ਼੍ਰੋਮਣੀ ਅਕਾਲੀ ਦਲ ਦਾ ਪੰਜਾਬ ਵਿੱਚ ਰਹੇਗੀ, ਉਦੋਂ ਤੱਕ ਕਾਲੇ ਕਾਨੂੰਨ ਲਾਗੂ ਨਹੀਂ ਕੀਤੇ ਜਾ ਸਕਦੇ। ਕਿਸਾਨ ਦੀ ਹਰ ਲੋੜ ਪੂਰਾ ਕਰਨ ਦਾ ਕੰਮ ਅਕਾਲੀ ਦਲ ਨੇ ਕੀਤਾ, ਜਿਸ ਵਿੱਚ ਨਹਿਰੀ ਪਾਣੀ ਕਿਸਾਨਾਂ ਨੂੰ ਦਿੱਤਾ ਅਤੇ ਉੱਥੇ ਹੀ ਬਿਜਲੀ-ਪਾਣੀ ਵੀ ਮੁਫਤ ਮੁਹੱਈਆ ਕਰਵਾਈ।

ਸੁਖਬੀਰ ਬਾਦਲ ਨੇ ਕਿਹਾ ਕਿ ਅਨਾਜ ਮੰਡੀਆਂ ਦੇ ਸਿਸਟਮ ਨੂੰ ਅਕਾਲੀ ਦਲ ਨੇ ਬਣਾਇਆ ਅਤੇ ਸਾਈਕਲ ਤੋਂ ਟਰੈਕਟਰ ਤੱਕ ਦੇ ਟੈਕਸ ਨੂੰ ਮੁਆਫ ਕੀਤਾ। ਦੇਸ਼ ਵਿੱਚ ਸਭ ਤੋਂ ਵੱਡੇ ਸੰਗਠਨ ਵਜੋਂ ਜੇਕਰ ਕਿਸਾਨੀ ਲਈ ਕੋਈ ਵੱਡੀ ਪਾਰਟੀ ਹੈ ਤਾਂ ਉਹ ਅਕਾਲੀ ਦਲ ਹੈ।

3 ਕੇਂਦਰੀ ਕਾਲੇ ਖੇਤੀ ਕਾਨੂੰਨਾਂ ਨੂੰ ਅਕਾਲੀ ਦਲ ਨੇ ਰੱਦ ਕੀਤਾ ਅਤੇ ਉਸ ਖਿਲਾਫ ਵੋਟ ਕੀਤਾ। ਕਾਂਗਰਸ ਨੇ ਇਹੀ ਕਾਲੇ ਕਾਨੂੰਨ ਮੈਨੀਫੈਸਟੋ ਦਾ ਹਿੱਸਾ ਬਣਾਇਆ, ਇਥੋਂ ਤੱਕ ਕਿ ਪੰਜਾਬ ਵਿੱਚ ਕਾਂਗਰਸ ਨੇ ਲਾਗੂ ਕੀਤੇ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਨੇ ਜੋ ਵੀ ਬਿਆਨ ਦਿੱਤਾ, ਅਸੀਂ ਉਸ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਨ੍ਹਾਂ ਕਿਹਾ ਕਿ ਇਹ ਜੋ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਉਹ ‘ਆਪ’ ਪਾਰਟੀ ਅਤੇ ‘ਕਾਂਗਰਸ’ ਦੇ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ ਕੇਂਦਰ ਦੀਆਂ ਏਜੰਸੀਆਂ ਪੰਜਾਬ ਵਿੱਚ ਅਸ਼ਾਂਤੀ ਪੈਦਾ ਕਰਨਾ ਚਾਹੁੰਦੀਆਂ ਹਨ। ਕੈਪਟਨ ਆਪਣੀ ਪਾਰਟੀ ਤੋਂ ਨਾਰਾਜ਼ ਹੈ ਤਾਂ ਦੂਜੇ ਪਾਸੇ ਕੇਂਦਰ ਸਰਾਕਰ ਨਾਲ ਮਿਲ ਕੇ ਮਾਹੌਲ ਖਰਾਬ ਕਰਨ ਦੀ ਕਵਾਇਦ ਵਿੱਚ ਹੈ। ਅਕਾਲੀ ਦਲ ਨੇ ਜਿਹੜਾ 100 ਹਲਕਿਆਂ ਦਾ ‘ਗੱਲ ਪੰਜਾਬ ਦੀ’ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜਿਸ ਵਿੱਚ ਕਾਂਗਰਸ ਖਿਲਾਫ ਲੋਕਾਂ ਦੇ ਮਨ ਵਿੱਚ ਰੋਸ ਦਿਸਿਆ ਹੈ। ਜਿੱਥੇ ਸਾਡਾ ਕਾਫਲਾ ਜਾ ਰਿਹਾ ਹੈ, ਉੱਥੇ ‘ਆਪ’ ਪਾਰਟੀ ਤੇ ਕਾਂਗਰਸ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਸਰਹੱਦੀ ਖੇਤਰ ਹੋਣ ਕਰਕੇ ਕੈਪਟਨ ਦਿਖਾ ਰਹੇ ਹਨ ਕਿ ਇੱਥੇ ਕਦੇ ਬੰਬ ਮਿਲ ਰਿਹਾ ਹੈ ਜਾਂ ਬਾਕੀ ਅਪਰਾਧੀ ਘਟਨਾਵਾਂ ਹੋ ਰਹੀਆਂ ਹਨ। ਉਸ ਵਿੱਚ ਰਾਸ਼ਟਰਪਤੀ ਸ਼ਾਸਨ ਦਾ ਮੌਕਾ ਦੇਣ ਦੀ ਗੱਲ ਕਹੀ ਜਾ ਰਹੀ ਹੈ।

ਸੁਖਬੀਰ ਬਾਦਲ ਨੇ ਕੱਲ੍ਹ ਮੋਗਾ ਵਿੱਚ ਵਾਪਰੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਮੈਂ ਇੱਕ ਲਿਸਟ ਜਾਰੀ ਕਰਨ ਲੱਗਾ ਹਾਂ ਕਿ ਕਿੰਨ੍ਹਾਂ ਨੇ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਸਰਕਾਰ ‘ਤੇ ਲਾਠੀਚਾਰਜ ਦਾ ਦੋਸ਼ ਲਾਇਆ ਹੈ। ਸੁਖਬੀਰ ਬਾਦਲ ਨੇ ਘਨੌਰ ਤੋਂ ਸੀਨੀਅਰ ‘ਆਪ’ ਆਗੂ ਅਨੂ ਰੰਧਾਵਾ ਵੱਲੋਂ ਸੈਂਕੜੇ ਪਰਿਵਾਰਾਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਸਵਾਗਤ ਕੀਤਾ।

Leave a Reply

Your email address will not be published. Required fields are marked *