Punjab

ਪ੍ਰਦੀਪ ਕਲੇਰ ਦੇ ਸਵਾਲ ‘ਤੇ ਸੁਖਬੀਰ ਬਾਦਲ ਦਾ ਜਵਾਬ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ

ਮੁਹਾਲੀ :  ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਬਲਾਤਕਾਰੀ ਸਾਧ ਰਾਮ ਰਹਿਮ ਨਾਲ ਲੰਬਾ ਸਮਾਂ ਜੁੜੇ ਰਹੇ ਪ੍ਰਦੀਪ ਕਲੇਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ‘ਤੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਅੱਜ  ਸੁਖਬੀਰ ਬਾਦਲ ਨੇ ਸਵਾਲਾਂ ਦਾ ਜਵਾਬ ਦਿੱਤਾ ਹੈ।

ਬਾਦਲ ਨੇ ਕਿਹਾ ਕਿ ਪ੍ਰਦੀਪ ਕਲੇਰ ਦੇ ਵਾਅਦੇ ਪੂਰੀ ਤਰ੍ਹਾਂ ਝੂਠੇ ਹਨ। ਉਨ੍ਹਾਂ ਨੇ ਕਿਹਾ ਕਿ ਮੇਰੇ ਖ਼ਿਲਾਫ਼ ਲਗਾਏ ਇਲਜ਼ਾਮ ਨਾ ਬਰਦਾਸ਼ਤਯੋਗ ਹਨ। ਬਾਦਲ ਨੇ ਕਿਹਾ ਕਿ ਪ੍ਰਦੀਪ ਕਲੇਰ ਸਿਆਸੀ ਹਿੱਤਾਂ ਲਈ ਵਰਤਿਆ ਗਿਆ।

ਟਵੀਟਰ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਬਾਦਲ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦੇ ਘਿਨਾਉਣੇ ਅਪਰਾਧ ਦੇ ਮੁੱਖ ਦੋਸ਼ੀ ਪਰਦੀਪ ਕਲੇਰ ਨੂੰ ਸਿਆਸੀ ਹਿੱਤਾਂ ਦੀ ਪੂਰਤੀ ਲਈ ਸੁਰੱਖਿਅਤ ਅਤੇ ਪ੍ਰਚਾਰਿਆ ਜਾਂਦਾ ਦੇਖਦਿਆਂ ਆਮ ਆਦਮੀ ਪਾਰਟੀ ਅਤੇ ਹੋਰ ਪੰਥ ਵਿਰੋਧੀ ਧਿਰਾਂ ਨੇ ਮੈਨੂੰ ਹੈਰਾਨ ਅਤੇ ਦੁਖੀ ਕੀਤਾ ਹੈ। ਪਰਦੀਪ ਵੱਲੋਂ ਮੇਰੇ ‘ਤੇ ਲਗਾਏ ਗਏ ਬੇਬੁਨਿਆਦ ਅਤੇ ਰਾਜਨੀਤੀ ਤੋਂ ਪ੍ਰੇਰਿਤ ਦੋਸ਼ ਬਿਲਕੁਲ ਝੂਠੇ, ਰਾਜਨੀਤੀ ਤੋਂ ਪ੍ਰੇਰਿਤ ਅਤੇ ਪੂਰੀ ਤਰ੍ਹਾਂ ਅਸਵੀਕਾਰਨਯੋਗ ਹਨ।

ਉਨ੍ਹਾਂ ਨੇ ਕਿਹਾ ਕਿ ਮੈਂ ਇਹਨਾਂ ਝੂਠੇ ਅਤੇ ਖਤਰਨਾਕ ਦਾਅਵਿਆਂ ‘ਤੇ ਸਖ਼ਤ ਇਤਰਾਜ਼ ਕਰਦਾ ਹਾਂ। ਕਿਉਂਕਿ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਜਬਤ ਹੈ ਅਤੇ ਮੈਂ ਖ਼ਾਲਸਾ ਪੰਥ ਦੀ ਸਰਵਉੱਚ ਧਾਰਮਿਕ ਅਸਥਾਨ ਅੱਗੇ ਪੇਸ਼ ਹੋ ਚੁੱਕਾ ਹਾਂ, ਮੈਂ ਉਨ੍ਹਾਂ ਦੇ ਫੈਸਲੇ ਦੀ ਉਡੀਕ ਕਰਾਂਗਾ ਅਤੇ ਇਸ ਤੋਂ ਬਾਅਦ ਇਸ ਪਾਪੀ ਵਿਰੁੱਧ ਸਖ਼ਤ ਕਾਰਵਾਈ ਕਰਾਂਗਾ।

ਦੱਸ ਦਈਏ ਕਿ ਪ੍ਰਦੀਪ ਕਲੇਰ ਨੇ ਡੇਰਾ ਸਾਧ ਦੀ ਬੇਅਦਬੀ ਅਤੇ ਮਾਫੀ ਦੇ ਮੁੱਦੇ ਅਤੇ ਸੰਪਰਦਾਇਕ ਮੁੱਦਿਆਂ ‘ਤੇ ਸੁਖਬੀਰ ਬਾਦਲ ‘ਤੇ ਸਵਾਲ ਖੜ੍ਹੇ ਕੀਤੇ ਸਨ। ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਸੀ ਕਿ 12 ਜੁਲਾਈ 2015 ਨੂੰ ਦਿੱਲੀ ਦੇ 12 ਸਫਦਰਜੰਗ ਸਥਿਤ ਕੋਠੀ ਵਿਖੇ ਸੁਖਬੀਰ ਨੇ ਆਪਣੇ ਇੱਕ ਸਾਥੀ ਨਾਲ ਪੰਜਾਬ ਵਿੱਚ ‘ਐਮਐਸਜੀ’ ਜਾਰੀ ਕਰਨ ਦੇ ਮਾਮਲੇ ‘ਤੇ ਕਿਹਾ ਸੀ ਕਿ ਬਾਬਾ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੇ, ਬਾਕੀ ਅਸੀਂ ਸੰਭਾਲ ਲਵਾਂਗੇ।

ਪ੍ਰਦੀਪ ਮੁਤਾਬਕ ਬਾਦਲ ਨੇ ਕਿਹਾ ਸੀ ਕਿ, ਜੇ ਉਹ ਤੁਹਾਡਾ ਬਾਬਾ ਹੈ ਤਾਂ ਮੈਂ ਇੱਥੇ ਪੰਜਾਬ ਦਾ ਬਾਬਾ ਹਾਂ।  ਕਲੇਰ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗੁਰਮੀਤ ਨਾਲ ਕੋਈ ਸਬੰਧ ਨਾ ਰੱਖਣ ਦੇ ਹੁਕਮਾਂ ਦੇ ਬਾਵਜੂਦ ਸੁਖਬੀਰ ਉਸ ਨੂੰ ਗੁਪਤ ਰੂਪ ਵਿੱਚ ਮਿਲਦੇ ਰਹੇ ਸਨ।

ਪ੍ਰਦੀਪ ਕਲੇਰ  ਦਾ ਕਹਿਣਾ ਹੈ ਕਿ ਹਰਸਿਮਰਤ ਕੌਰ ਬਾਦਲ ਨੂੰ ਚੋਣਾਂ ਜਿੱਤਣ ਲਈ ਡੇਰਾ ਸਿਰਸਾ ਦੀ ਮਦਦ ਵੀ ਲਈ ਗਈ ਸੀ। ਦੂਜੇ ਪਾਸੇ ਕਲੇਰ ਦੇ ਬਿਆਨ ਦੀ ਟਾਈਮਿੰਗ ‘ਤੇ ਸਵਾਲ ਚੁੱਕਦਿਆਂ ਹਰਕਤ ‘ਚ ਆਏ ਸੀਨੀਅਰ ਅਕਾਲੀ ਆਗੂ ਪ੍ਰੋ. ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਇਹ ਸਭ ਕੁਝ ਭਾਜਪਾ, ਆਮ ਆਦਮੀ ਸਰਕਾਰ ਅਤੇ ਬਾਗੀ ਅਕਾਲੀਆਂ ਦੇ ਇਸ਼ਾਰੇ ‘ਤੇ ਕੀਤਾ ਜਾ ਰਿਹਾ ਹੈ।