Punjab

ਪੰਜਾਬ ਦੀ ਯਾਤਰਾ ‘ਤੇ ਨਿਕਲੇ ਸੁਖਬੀਰ ਬਾਦਲ ਦੇ ਪੈਰ-ਪੈਰ ‘ਤੇ ਤੰਢੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲੀਸ ਦੀਆਂ ਰੋਕਾਂ ਤੋੜ ਕੇ ਪੰਡਾਲ ਵਿੱਚ ਪੁੱਜ ਗਏ। ਇਸ ਦੌਰਾਨ ਉਨ੍ਹਾਂ ਦਾ ਪੁਲੀਸ ਨਾਲ ਟਕਰਾਅ ਹੋ ਗਿਆ। ਪੁਲੀਸ ਵੱਲੋਂ ਕੀਤੇ ਲਾਠੀਚਾਰਜ ’ਚ 5 ਕਿਸਾਨ ਜ਼ਖ਼ਮੀ ਹੋ ਗਏ। ਇਸ ਮੌਕੇ ਧੱਕਾ ਮੁੱਕੀ ’ਚ ਕਿਸਾਨਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਰੋਹ ਵਿੱਚ ਆਏ ਕਿਸਾਨਾਂ ਨੇ ਚੱਕਾ ਜਾਮ ਕਰਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 5 ਕਿਸਾਨ ਜ਼ਖ਼ਮੀ ਹੋ ਗਏ, ਕਈਆਂ ਦੀਆਂ ਪੱਗਾਂ ਲੱਥੀਆਂ ਤੇ ਕਈ ਪੁਲੀਸ ਮੁਲਾਜ਼ਮ ਵੀ ਫੱਟੜ ਹੋਏ ਹਨ।

ਇਸ ਮੌਕੇ ਸਥਿਤੀ ਬੇਹੱਦ ਤਣਾਅਪੂਰਨ ਵਾਲੀ ਬਣ ਗਈ ਅਤੇ ਐੱਸਪੀ ਜਗਤਪ੍ਰੀਤ ਸਿੰਘ ਨੇ ਖੁਦ ਵੀ ਹੱਥ ਵਿੱਚ ਡਾਂਗ ਚੁੱਕ ਲਈ। ਪੁਲੀਸ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਥਾਂ-ਥਾਂ ’ਤੇ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਸਿਰਫ ਅਕਾਲੀ ਵਰਕਰਾਂ ਨੂੰ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਪੁਲੀਸ ਨੇ ਸਵੇਰੇ ਹੀ ਕਿਰਤੀ ਕਿਸਾਨ ਯੂਨੀਅਨ ਦੇ ਦਫ਼ਤਰ ਵਿੱਚ ਛਾਪਾ ਮਾਰਿਆ ਅਤੇ ਕੁੱਝ ਕਿਸਾਨ ਲੀਡਰ ਪੁਲੀਸ ਨੇ ਹਿਰਾਸਤ ਵਿੱਚ ਵੀ ਲਏ। ਪੰਡਾਲ ਕੋਲ ਪੁੱਜਣ ਬਾਅਦ ਪੁਲੀਸ ਨੇ ਕਿਸਾਨਾਂ ’ਤੇ ਮੁੜ ਪੂਰੀ ਤਾਕਤ ਨਾਲ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਪਥਰਾਅ ਕਾਰਨ ਕਈ ਪੁਲੀਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ। ਰੋਹ ਵਿੱਚ ਆਏ ਕਿਸਾਨਾਂ ਨੇ ਦਰਜਨ ਦੇ ਕਰੀਬ ਨਿੱਜੀ ਵਾਹਨਾਂ ਦੀ ਭੰਨਤੋੜ ਕੀਤੀ। ਪੁਲੀਸ ਨੇ ਪੱਤਰਕਾਰਾਂ ਨੂੰ ਧੱਕੇ ਮਾਰੇ, ਕਈ ਪੱਤਰਕਾਰਾਂ ਦੀਆਂ ਪੱਗ ਲੱਥ ਗਈਆਂ ਤੇ ਉਨ੍ਹਾਂ ਦੇ ਕੈਮਰੇ ਖੋਹ ਲਏ ਗਏ।

ਕ੍ਰਾਂਤੀਕਾਰੀ ਕਿਸਾਨ ਯਨੀਅਨ ਆਗੂ ਬਲਦੇਵ ਸਿੰਘ ਜ਼ੀਰਾ, ਲੋਕ ਸੰਗਰਾਮ ਮੰਚ ਸੂਬਾ ਪ੍ਰਧਾਨ ਤਾਰਾ ਸਿੰਘ, ਗੁਰਦੀਪ ਸਿੰਘ ਵੈਰੋਕੇ, ਪਰਮਿੰਦਰ ਬਰਾੜ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸੰਯੁਕਤ ਮੋਰਚੇ ਦੇ ਸੱਦੇ ਉੱਤੇ ਇਹ ਵਿਰੋਧ ਜਾਰੀ ਰਹੇਗਾ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 100 ਦਿਨ ਦੀ ਹਲਕਾ ਵਾਰ ਬੈਠਕਾਂ ‘ਤੇ ਚੋਣ ਰੈਲੀਆਂ ਕਰ ਰਹੇ ਹਨ। ਉਨ੍ਹਾਂ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ।